ਨਵੀਂ ਦਿੱਲੀ, 4 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਦਾ ਗੁੱਸਾ ਨਾ ਕੱਢਣ, ਸਗੋਂ ਉਹ ਇਸ ਤੋਂ ਸਬਕ ਲੈ ਕੇ ਨਾਂਹ-ਪੱਖੀ ਵਿਚਾਰਾਂ ਨੂੰ ਛੱਡ ਕੇ ਸਕਾਰਾਤਮਕ ਰਵੱਈਏ ਨਾਲ ਅੱਗੇ ਵਧਣ। ਇਜਲਾਸ ਦੇ ਪਹਿਲੇ ਦਿਨ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜੇ ਵਿਰੋਧੀ ਪਾਰਟੀਆਂ ਵਿਰੋਧ ਖਾਤਰ ਵਿਰੋਧ ਪ੍ਰਦਰਸ਼ਨ ਦਾ ਤਰੀਕਾ ਛੱਡ ਦੇਣ ਅਤੇ ਦੇਸ਼ ਹਿੱਤ ਵਿੱਚ ਸਾਰਥਕ ਗੱਲਾਂ ਦਾ ਸਮਰਥਨ ਕਰਨ ਤਾਂ ਦੇਸ਼ ਵਿੱਚ ਅੱਜ ਉਨ੍ਹਾਂ ਪ੍ਰਤੀ ਜੋ ਨਫ਼ਰਤ ਹੈ, ਉਹ ਪਿਆਰ ਵਿੱਚ ਬਦਲ ਸਕਦੀ ਹੈ। ‘ਵਿਰੋਧੀ ਧਿਰ ਲਈ ਇਹ ਸੁਨਹਿਰਾ ਮੌਕਾ ਹੈ। ਦੇਸ਼ ਨੇ ਨਕਾਰਾਤਮਕਤਾ ਨੂੰ ਨਕਾਰ ਦਿੱਤਾ ਹੈ। ਅਸੀਂ ਇਜਲਾਸ ਦੀ ਸ਼ੁਰੂਆਤ ’ਤੇ ਹਮੇਸ਼ਾ ਆਪਣੇ ਵਿਰੋਧੀ ਮਿੱਤਰਾਂ ਨਾਲ ਗੱਲਬਾਤ ਕਰਦੇ ਹਾਂ। ਅਸੀਂ ਹਰ ਕਿਸੇ ਤੋਂ ਹਮੇਸ਼ਾ ਸਹਿਯੋਗ ਦੀ ਤਵੱਕੇ ਰੱਖਦੇ ਹਾਂ।’ ਮੋਦੀ ਨੇ ਕਿਹਾ ਕਿ ‘ਲੋਕਤੰਤਰ ਦਾ ਮੰਦਰ’ ਵਿਕਸਤ ਭਾਰਤ ਦੀ ਨੀਂਹ ਮਜ਼ਬੂਤ ਕਰਨ ਦਾ ਬਹੁਤ ਹੀ ਅਹਿਮ ਮੰਚ ਹੈ। ਉਨ੍ਹਾਂ ਸਾਰੇ ਮੈਂਬਰਾਂ ਨੂੰ ਪੂਰੀ ਤਰ੍ਹਾਂ ਤਿਆਰ ਹੋ ਕੇ ਆਉਣ ਦੀ ਅਪੀਲ ਕੀਤੀ ਤਾਂ ਜੋ ਬਿੱਲਾਂ ’ਤੇ ਖੁੱਲ੍ਹ ਕੇ ਬਹਿਸ ਹੋ ਸਕੇ ਤੇ ਉਨ੍ਹਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਵਿਰੋਧੀ ਧਿਰ ਦੀ ਭੂਮਿਕਾ ਅਹਿਮ ਹੁੰਦੀ ਹੈ ਤੇ ਉਸ ਨੂੰ ਵੀ ਯੋਗ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਸਦ ਦੇ ਨਵੇਂ ਭਵਨ ’ਚ ਕਈ ਖਾਮੀਆਂ ਹੋ ਸਕਦੀਆਂ ਹਨ ਤੇ ਉਪ ਰਾਸ਼ਟਰਪਤੀ ਤੇ ਸਪੀਕਰ ਉਨ੍ਹਾਂ ਨੂੰ ਠੀਕ ਕਰਾਉਣ ਵੱਲ ਜ਼ਰੂਰ ਧਿਆਨ ਦੇਣਗੇ। -ਪੀਟੀਆਈ
ਮਹੂਆ ਦੀ ਬਰਖ਼ਾਸਤਗੀ ਸਬੰਧੀ ਰਿਪੋਰਟ ਲੋਕ ਸਭਾ ’ਚ ਪੇਸ਼ ਨਾ ਹੋਈ
ਨਵੀਂ ਦਿੱਲੀ (ਟਨਸ): ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੂੰ ਸਦਨ ’ਚੋਂ ਬਰਖ਼ਾਸਤ ਕਰਨ ਦੀ ਸਿਫ਼ਾਰਸ਼ ਵਾਲੀ ਸਦਾਚਾਰ ਕਮੇਟੀ ਦੀ ਰਿਪੋਰਟ ਅੱਜ ਲੋਕ ਸਭਾ ’ਚ ਪੇਸ਼ ਨਹੀਂ ਕੀਤੀ ਗਈ। ਨਕਦੀ ਬਦਲੇ ਸਵਾਲ ਪੁੱਛਣ ਦੇ ਦੋਸ਼ਾਂ ’ਚ ਘਿਰੀ ਮਹੂਆ ਨੇ ਕਿਹਾ ਹੈ ਕਿ ਰਿਪੋਰਟ ਸਦਨ ’ਚ ਪੇਸ਼ ਹੋਣ ਮਗਰੋਂ ਉਸ ਦੀ ਪਾਰਟੀ ਇਸ ਦਾ ਜਵਾਬ ਦੇਵੇਗੀ। ਸਦਾਚਾਰ ਕਮੇਟੀ ਦੀ ਰਿਪੋਰਟ ਨੂੰ ਲੋਕ ਸਭਾ ’ਚ ਰੱਖੇ ਜਾਣ ਲਈ ਸਦਨ ਦੀ ਕੰਮਕਾਜ ਸੂਚੀ ’ਚ ਉਸ ਦਾ ਪੰਜਵਾਂ ਨੰਬਰ ਸੀ ਪਰ ਇਸ ਦਾ ਨਾ ਤਾਂ ਜ਼ਿਕਰ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਪੇਸ਼ ਕੀਤਾ ਗਿਆ। ਅੱਜ ਸਵੇਰੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਜਦੋਂ ਸਦਨ ਦੀ ਕਾਰਵਾਈ ਇਕ ਘੰਟੇ ਮਗਰੋਂ ਮੁੜ ਜੁੜੀ ਤਾਂ ਲੋਕ ਸਭਾ ਸਪੀਕਰ ਦੇ ਆਸਣ ’ਤੇ ਬੈਠੇ ਭਾਜਪਾ ਦੇ ਕਿਰਿਟਭਾਈ ਸੋਲੰਕੀ ਨੇ ਜਦੋਂ ਸੂਚੀਬੱਧ ਕੰਮਕਾਜ ਸ਼ੁਰੂ ਕਰਨ ਲਈ ਕਿਹਾ ਤਾਂ ਉਨ੍ਹਾਂ ਆਈਟਮ ਨੰਬਰ 5 ਦਾ ਕੋਈ ਜ਼ਿਕਰ ਨਹੀਂ ਕੀਤਾ। ਟੀਐੱਮਸੀ ਆਗੂ ਸੁਦੀਪ ਬੰਦੋਪਾਧਿਆਏ, ਆਰਐੱਸਪੀ ਦੇ ਐੱਨ ਕੇ ਪ੍ਰੇਮਚੰਦਰਨ ਅਤੇ ਕਾਂਗਰਸ ਦੇ ਕੇ. ਸੁਰੇਸ਼ ਨੇ ਆਈਟਮ ਨੰਬਰ 5 ਦੀ ਹੈਸੀਅਤ ਬਾਰੇ ਪ੍ਰੀਜ਼ਾਈਡਿੰਗ ਅਫ਼ਸਰ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸਰਕਾਰ ਨੇ ਅੱਜ ਪੇਸ਼ ਨਹੀਂ ਕੀਤਾ। ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਹੋਣ ਮਗਰੋਂ ਮਹੂਆ ਨੇ ਕਿਹਾ ਕਿ ਰਿਪੋਰਟ ਲੋਕ ਸਭਾ ’ਚ ਪੇਸ਼ ਹੋਣ ਮਗਰੋਂ ਉਸ ਦੀ ਪਾਰਟੀ ਟੀਐੱਮਸੀ ਇਸ ਦਾ ਜਵਾਬ ਦੇਵੇਗੀ। ਸਦਾਚਾਰ ਕਮੇਟੀ ਨੇ 9 ਨਵੰਬਰ ਨੂੰ ਰਿਪੋਰਟ ਤਿਆਰ ਕੀਤੀ ਸੀ। ਰਿਪੋਰਟ ’ਚ ਮਹੂਆ ਮੋਇਤਰਾ ਨੂੰ ਆਪਣਾ ਸੰਸਦੀ ਲੌਗਇਨ ਇਕ ਸਨਅਤਕਾਰ ਦੋਸਤ ਨਾਲ ਸਾਂਝਾ ਕਰਨ ਅਤੇ ਉਸ ਵੱਲੋਂ ਆਪਣੇ ਕਾਰੋਬਾਰੀ ਵਿਰੋਧੀ ਬਾਰੇ ਸੰਸਦ ’ਚ ਸਵਾਲ ਪੁੱਛਣ ਦੇ ਦੋਸ਼ਾਂ ਹੇਠ ਲੋਕ ਸਭਾ ’ਚੋਂ ਬਰਖ਼ਾਸਤ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਸਨਅਤਕਾਰ ਦਰਸ਼ਨ ਹੀਰਾਨੰਦਾਨੀ ਨੇ ਸਦਾਚਾਰ ਕਮੇਟੀ ਨੂੰ ਦਿੱਤੇ ਹਲਫ਼ਨਾਮੇ ’ਚ ਦੋਸ਼ ਲਾਇਆ ਹੈ ਕਿ ਮਹੂਆ ਮੋਇਤਰਾ ਨੇ ਲੋਕ ਸਭਾ ’ਚ ਸਵਾਲ ਪੁੱਛਣ ਦੇ ਬਦਲੇ ’ਚ ਉਸ ਤੋਂ ਮਹਿੰਗੇ ਤੋਹਫ਼ੇ ਮੰਗੇ ਸਨ। ਲੋਕ ਸਭਾ ’ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਦੋ ਦਿਨ ਪਹਿਲਾਂ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਮਹੂਆ ਮੋਇਤਰਾ ਨੂੰ ਸਦਨ ’ਚੋਂ ਬਰਖ਼ਾਸਤ ਕਰਨ ਦੀ ਸਿਫ਼ਾਰਿਸ਼ ਸਖ਼ਤ ਸਜ਼ਾ ਹੈ ਅਤੇ ਸਦਾਚਾਰ ਤੇ ਮਰਿਆਦਾ ਕਮੇਟੀਆਂ ਦੀਆਂ ਤਾਕਤਾਂ ’ਤੇ ਸੰਸਦ ’ਚ ਬਹਿਸ ਹੋਣੀ ਚਾਹੀਦੀ ਹੈ। ਇਸ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਤ ਦੂਬੇ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਮਹੂਆ ਮੋਇਤਰਾ ਬਾਰੇ ਸਦਾਚਾਰ ਕਮੇਟੀ ਦੀ ਰਿਪੋਰਟ ਲੀਕ ਕੀਤੀ ਹੈ। ਉਨ੍ਹਾਂ ਇਕ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਹ ਵੀ ਰਿਪੋਰਟ ਤੋਂ ਜਾਣੂ ਨਹੀਂ ਹਨ। ਉਨ੍ਹਾਂ ਕਿਹਾ,‘‘ਪਹਿਲਾਂ ਰਿਪੋਰਟ ਸਦਨ ’ਚ ਪੇਸ਼ ਹੋਣ ਦਿਉ। ਮੈਂ ਵੀ ਰਿਪੋਰਟ ਬਾਰੇ ਨਹੀਂ ਜਾਣਦਾ ਹਾਂ। ਮੈਂ ਜੋ ਕੁਝ ਵੀ ਆਖਣਾ ਸੀ, ਉਹ ਮੈਂ ਸਦਾਚਾਰ ਕਮੇਟੀ ਅੱਗੇ ਰੱਖ ਦਿੱਤਾ ਹੈ। ਰਿਪੋਰਟ ਪੇਸ਼ ਹੋਣ ਮਗਰੋਂ ਹੀ ਮੈਂ ਉਸ ਬਾਰੇ ਕੋਈ ਟਿੱਪਣੀ ਕਰਾਂਗਾ।’’ ਕਾਂਗਰਸ ਦੇ ਇਕ ਹੋਰ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਮਹੂਆ ਮੋਇਤਰਾ ਦੇ ਬਚਾਅ ’ਚ ਆਉਂਦਿਆਂ ਕਿਹਾ ਕਿ ਟੀਐੱਮਸੀ ਮੈਂਬਰ ਨੂੰ ਆਪਣੇ ਬਚਾਅ ’ਚ ਬੋਲਣ ਦਾ ਇਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ।