ਨਵੀਂ ਦਿੱਲੀ, 5 ਦਸੰਬਰ
ਕਾਂਗਰਸ ਦੀ ਤਿਲੰਗਾਨਾ ਇਕਾਈ ਦੇ ਪ੍ਰਧਾਨ ਏ. ਰੇਵੰਤ ਰੈੱਡੀ ਸੂਬੇ ਦੇ ਨਵੇਂ ਮੁੱਖ ਮੰਤਰੀ ਹੋਣਗੇ। ਇੱਥੇ ਅੱਜ ਪਾਰਟੀ ਹੈੱਡਕੁਆਰਟਰ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਨੇ ਕਿਹਾ ਕਿ 54 ਸਾਲਾ ਆਗੂ ਦਾ ਸਹੁੰ ਚੁੱਕ ਸਮਾਗਮ 7 ਦਸੰਬਰ ਨੂੰ ਹੈਦਰਾਬਾਦ ਵਿੱਚ ਹੋਵੇਗਾ। ਹਾਲਾਂਕਿ ਵੇਣੂਗੋਪਾਲ ਨੇ ਇਹ ਨਹੀਂ ਦੱਸਿਆ ਕਿ ਸਰਕਾਰ ਵਿੱਚ ਕੌਣ-ਕੌਣ ਸ਼ਾਮਲ ਹੋਵੇਗਾ। ਉਨ੍ਹਾਂ ਨੇ ਇਸ ਮੁੱਦੇ ’ਤੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ, ‘‘ਇਹ ‘ਵਨ ਮੈਨ ਸ਼ੋਅ’ ਨਹੀਂ ਹੋਵੇਗਾ, ਇਹ ਇੱਕ ਟੀਮ ਹੋਵੇਗੀ। ਕਾਂਗਰਸ ਟੀਮ ਨਾਲ ਅੱਗੇ ਵਧੇਗੀ।’’ ਤਿਲੰਗਾਨਾ ਵਿੱਚ ਪਿਛਲੇ ਨੌਂ ਸਾਲਾਂ ਤੋਂ ਸੱਤਾ ਵਿੱਚ ਰਹੀ ਬੀਆਰਐੱਸ ਨੂੰ ਪਛਾੜਦਿਆਂ 64 ਸੀਟਾਂ ਜਿੱਤ ਕੇ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਰੇਵੰਤ ਰੈੱਡੀ ਮੁੱਖ ਮੰਤਰੀ ਦੇ ਅਹੁਦੇ ਲਈ ਸਭ ਤੋਂ ਅੱਗੇ ਸਨ।