ਅਬੂਜਾ, 5 ਦਸੰਬਰ
ਉੱਤਰੀ-ਪੱਛਮੀ ਨਾਇਜੀਰੀਆ ਵਿੱਚ ਇੱਕ ਧਾਰਮਿਕ ਇਕੱਠ ’ਤੇ ਫੌਜ ਵੱਲੋਂ ‘ਗਲਤੀ ਨਾਲ ਕੀਤੇ ਗਏ’ ਡਰੋਨ ਹਮਲੇ ਵਿੱਚ ਘੱਟੋ ਘੱਟ 85 ਲੋਕਾਂ ਦੀ ਮੌਤ ਹੋ ਗਈ। ਨਾਇਜੀਰੀਆ ਦੇ ਰਾਸ਼ਟਰਪਤੀ ਬੋਲਾ ਤਿਨੂਬੂ ਨੇ ਗਲਤੀ ਨਾਲ ਵਾਪਰੇ ਇਹ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਨਾਇਜੀਰੀਆ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (ਐੱਨਈਐੱਮਏ) ਨੇ ਇੱਕ ਬਿਆਨ ਵਿੱਚ ਕਿਹਾ, ‘‘ਹੁਣ ਤੱਕ 85 ਲਾਸ਼ਾਂ ਦਫਨਾਈਆਂ ਜਾ ਚੁੱਕੀਆਂ ਹਨ ਅਤੇ ਭਾਲ ਹਾਲੇ ਵੀ ਜਾਰੀ ਹੈ।’’ ਮ੍ਰਿਤਕਾਂ ਵਿੱਚ ਬੱਚੇ, ਔਰਤਾਂ ਅਤੇ ਬਜ਼ੁਰਗ ਵੀ ਸ਼ਾਮਲ ਹਨ। ਘੱਟੋ-ਘੱਟ 66 ਵਿਅਕਤੀ ਜ਼ਖਮੀ ਹੋਏ ਹਨ।’’ ਲਾਗੋਸ ਸਥਿਤ ਸੁਰੱਖਿਆ ਕੰਪਨੀ ਐੱਸਬੀਐੱਮ ਇੰਟੈਲੀਜੈਂਸ ਅਨੁਸਾਰ ਦੇਸ਼ ਦੇ ਉੱਤਰੀ ਖੇਤਰ ਵਿੱਚ ਗੰਭੀਰ ਸੁਰੱਖਿਆ ਸੰਕਟ ਵਿਚਾਲੇ ਫ਼ੌਜ ਵੱਲੋਂ ਹਥਿਆਰਬੰਦ ਜਥੇਬੰਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੇ ਜਾਣ ਵਾਲੇ ਹਵਾਈ ਹਮਲਿਆਂ ਵਿੱਚ ਹੁਣ ਤੱਕ ਲਗਪਗ 400 ਨਾਗਰਿਕ ਮਾਰੇ ਜਾ ਚੁੱਕੇ ਹਨ। -ਪੀਟੀਆਈ