ਨਵੀਂ ਦਿੱਲੀ, 5 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਦੌਰੇ ’ਤੇ ਆਏ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਸਮੋਈ ਰੂਟੋ ਨਾਲ ਗੱਲਬਾਤ ਤੋਂ ਬਾਅਦ ਅੱਜ ਰੱਖਿਆ, ਵਪਾਰ, ਊਰਜਾ ਅਤੇ ਸਿਹਤ ਸੰਭਾਲ ਦੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਹਿਮਤੀ ਜਤਾਉਂਦਿਆਂ ਕੀਨੀਆ ਨੂੰ ਉਸ ਦੇ ਖੇਤੀਬਾੜੀ ਸੈਕਟਰ ਦੇ ਆਧੁਨਿਕੀਕਰਨ ਲਈ 250 ਕਰੋੜ ਡਾਲਰ ਦਾ ਕਰਜ਼ਾ ਦੇਣ ਦੇ ਭਾਰਤ ਦੇ ਫੈਸਲੇ ਦਾ ਐਲਾਨ ਕੀਤਾ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਖੇਡਾਂ, ਸਿੱਖਿਆ ਅਤੇ ਡਿਜੀਟਲ ਖੇਤਰ ਵਿੱਚ ਸਹਿਯੋਗ ਲਈ ਪੰਜ ਸਮਝੌਤੇ ਸਹੀਬੱਧ ਕੀਤੇ। ਰੂਟੋ ਬੀਤੇ ਦਿਨ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧ ਵਧਾਉਣ ਦੇ ਉਦੇਸ਼ ਨਾਲ ਤਿੰਨ ਰੋਜ਼ਾ ਦੌਰੇ ’ਤੇ ਇੱਥੇ ਪਹੁੰਚੇ ਸਨ। ਮੋਦੀ ਨੇ ਗੱਲਬਾਤ ਤੋਂ ਬਾਅਦ ਮੀਡੀਆ ਨੂੰ ਜਾਰੀ ਬਿਆਨ ’ਚ ਕਿਹਾ ਕਿ ਆਪਣੀ ਵਿਦੇਸ਼ ਨੀਤੀ ਵਿੱਚ ਭਾਰਤ ਨੇ ਹਮੇਸ਼ਾ ਅਫ਼ਰੀਕਾ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ, ‘‘ਮੈਨੂੰ ਭਰੋਸਾ ਹੈ ਕਿ ਰਾਸ਼ਟਰਪਤੀ ਰੂਟੋ ਦਾ ਭਾਰਤ ਦੌਰਾ ਨਾ ਸਿਰਫ਼ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰੇਗਾ ਸਗੋਂ ਅਫ਼ਰੀਕਾ ਨਾਲ ਸਾਡੇ ਸਬੰਧਾਂ ਨੂੰ ਵੀ ਹੁਲਾਰਾ ਦੇਵੇਗਾ।’’ -ਪੀਟੀਆਈ
ਕੀਨੀਆ ’ਚ ਲਾਪਤਾ ਹੋਏ ਭਾਰਤੀ ਨਾਗਰਿਕਾਂ ਦਾ ਮੁੱਦਾ ਉਠਾਇਆ
ਨਵੀਂ ਦਿੱਲੀ: ਭਾਰਤ ਨੇ ਅੱਜ ਕੀਨੀਆ ਕੋਲ ਪਿਛਲੇ ਸਾਲ ਜੁਲਾਈ ’ਚ ਪੂਰਬੀ ਅਫਰੀਕੀ ਦੇਸ਼ ਤੋਂ ਲਾਪਤਾ ਹੋਏ ਦੋ ਭਾਰਤੀ ਨਾਗਰਿਕਾਂ ਦਾ ਮੁੱਦਾ ਉਠਾਇਆ। ਰਿਪੋਰਟਾਂ ਅਨੁਸਾਰ ਜ਼ੁਲਫਿਕਾਰ ਅਹਿਮਦ ਖਾਨ ਅਤੇ ਜ਼ੈਦ ਸਾਮੀ ਕਿਦਵਈ ਨੂੰ ਅਗਵਾ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਸਮੋਆ ਰੂਟੋ ਵਿਚਾਲੇ ਗੱਲਬਾਤ ਦੌਰਾਨ ਭਾਰਤ ਨੇ ਦੋ ਭਾਰਤੀਆਂ ਦੇ ਲਾਪਤਾ ਹੋਣ ’ਤੇ ਚਿੰਤਾ ਪ੍ਰਗਟਾਈ ਹੈ। ਕੀਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਨਾਮਗਿਆ ਖੰਪਾ ਨੇ ਕਿਹਾ ਕਿ ਮਿਸ਼ਨ ਪੂਰੇ ਘਟਨਾਕ੍ਰਮ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਕੀਨੀਆ ਵਿੱਚ ਅਧਿਕਾਰੀਆਂ ਦੇ ਸੰਪਰਕ ’ਚ ਹੈ। -ਪੀਟੀਆਈ