ਨਵੀਂ ਦਿੱਲੀ, 6 ਦਸੰਬਰ
ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਮੁੱਖ ਮੰਤਰੀਆਂ ਦੀਆਂ ਚੋਣ ਨੂੰ ਲੈ ਕੇ ਬਣੀ ਹੋਈ ਸ਼ਸ਼ੋਪੰਜ ਦੌਰਾਨ ਭਾਜਪਾ ਦੇ ਸੰਸਦੀ ਦਲ ਦੀ ਮੀਟਿੰਗ ਭਲਕੇ ਸੰਸਦ ਭਵਨ ਦੇ ਬਾਲਯੋਗੀ ਆਡੀਟੋਰੀਅਮ ’ਚ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਪਾਰਟੀ ਦੇ ਸਾਰੇ ਸੰਸਦ ਮੈਂਬਰ ਮੀਟਿੰਗ ’ਚ ਹਾਜ਼ਰ ਹੋਣਗੇ।
ਮੀਟਿੰਗ ਦੌਰਾਨ ਭਾਜਪਾ ਕੋਲ ਉਕਤ ਤਿੰਨ ਸੂਬਿਆਂ ’ਚ ਅਗਲੇ ਪੰਜ ਸਾਲਾਂ ਲਈ ਕੈਬਨਿਟ ਦੀ ਅਗਵਾਈ ਲਈ ਸੰਭਾਵਿਤ ਮੁੱਖ ਮੰਤਰੀ ਉਮੀਦਵਾਰਾਂ ਦੀ ਚੋਣ ਕਰਨਾ ਅਹਿਮ ਕੰਮ ਹੋਵੇਗਾ। ਇਸ ਦੌਰਾਨ ਵਿਧਾਨ ਸਭਾ ਚੋਣਾਂ ਵਿਚ ਮਿਲੀ ਜਿੱਤ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕੀਤੇ ਜਾਣ ਦੀ ਸੰਭਾਵਨਾ ਹੈ। ਭਾਜਪਾ ਦੇ ਸੰਸਦੀ ਦਲ ਵਿਚ ਇਸ ਦੇ ਸਾਰੇ ਲੋਕ ਸਭਾ ਤੇ ਰਾਜ ਸਭਾ ਮੈਂਬਰ ਸ਼ਾਮਲ ਹਨ। ਸੈਸ਼ਨ ਦੌਰਾਨ ਇਹ ਆਮ ਤੌਰ ’ਤੇ ਹਰ ਹਫ਼ਤੇ ਬੈਠਕ ਕਰਦੇ ਹਨ। ਮੀਟਿੰਗ ਵਿੱਚ ਮੋਦੀ ਸਣੇ ਦਲ ਦੇ ਹੋਰ ਆਗੂ ਸੰਸਦ ਵਿਚ ਪਾਰਟੀ ਦੇ ਏਜੰਡੇ ਨਾਲ ਜੁੜੇ ਵੱਖ-ਵੱਖ ਮੁੱਦਿਆਂ ਉਤੇ ਚਰਚਾ ਕਰਨਗੇ। ਉਧਰ ਮੱਧ ਪ੍ਰਦੇਸ਼ ’ਚ ਸ਼ਿਵਰਾਜ ਸਿੰਘ ਚੌਹਾਨ ਤੇ ਰਾਜਸਥਾਨ ਵਸੁੰਧਰਾ ਰਾਜੇ ਸਿੰਧਿਆ ਆਪਣੇ-ਆਪਣੇ ਹਮਾਇਤੀਆਂ ਨਾਲ ਮੀਟਿੰਗਾਂ ਕਰਦੇ ਰਹੇ। ਜਾਣਕਾਰੀ ਮੁਤਾਬਕ ਿਸੰਧਿਆ ਦਿੱਲੀ ਲਈ ਰਵਾਨਾ ਹੋ ਗਏ ਹਨ। ਦੱਸਣਯੋਗ ਹੈ ਕਿ ਭਾਜਪਾ ਨੂੰ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਵਿਧਾਨ ਸਭਾਵਾਂ ਚੋਣਾਂ ’ਚ ਸ਼ਾਨਦਾਰ ਜਿੱਤ ਹਾਸਲ ਹੋਈ ਹੈ। ਭਾਜਪਾ ਨੂੰ ਮੱਧ ਪ੍ਰਦੇਸ਼ ਵਿੱਚ 163 ਸੀਟਾਂ, ਰਾਜਸਥਾਨ ’ਚ 115 ਸੀਟਾਂ ਜਦਕਿ ਛੱਤੀਸਗੜ੍ਹ ਵਿੱਚ 54 ਸੀਟਾਂ ’ਤੇ ਜਿੱਤ ਮਿਲੀ ਹੈ। -ਪੀਟੀਆਈ