ਪੱਤਰ ਪ੍ਰੇਰਕ
ਕਰਤਾਰਪੁਰ, 6 ਦਸੰਬਰ
ਇਲਾਕੇ ਦੇ ਪਿੰਡ ਨੂਰਪੁਰ ਵਿੱਚ ਸਰਪੰਚ ਰਾਜਕੁਮਾਰ ਨੂੰ ਹੱਡਾਰੋੜੀ ਦੀ ਜ਼ਮੀਨ ਦੇ ਵਿਵਾਦ ਕਾਰਨ ਪਿੰਡ ਦੇ ਹੀ ਵਿਅਕਤੀਆਂ ਨੇ ਦਰੱਖ਼ਤ ਨਾਲ ਬੰਨ੍ਹ ਕੇ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਇਸ ਸਬੰਧੀ ਸਰਪੰਚ ਨੇ ਪੰਚਾਇਤੀ ਰਾਜ਼ੀਨਾਮੇ ਦੇ ਬਾਵਜੂਦ ਦੂਜੀ ਧਿਰ ਵੱਲੋਂ ਘਟਨਾ ਸਬੰਧੀ ਵੀਡੀਓ ਵਾਇਰਲ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਸਰਪੰਚ ਰਾਜਕੁਮਾਰ ਦਾ ਹੱਡਾਰੋੜੀ ਦੀ ਜ਼ਮੀਨ ਸਬੰਧੀ ਪਿੰਡ ਦੇ ਅਮਰਜੀਤ ਕੁਮਾਰ ਤੇ ਨਿਰੰਜਨ ਦਾਸ ਨਾਲ ਝਗੜਾ ਚੱਲ ਰਿਹਾ ਸੀ ਜਿਸ ਦੌਰਾਨ ਸਰਪੰਚ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਵੀਡੀਓ ਬਣਾਈ ਗਈ ਸੀ। ਨਿਪਟਾਰੇ ਲਈ ਹਲਕਾ ਕਨੂੰਨਗੋ ਤੇ ਪਟਵਾਰੀ ਵੀ ਮੌਕੇ ’ਤੇ ਪਹੁੰਚੇ ਸਨ, ਪਰ ਸਹਿਮਤੀ ਨਾ ਬਣ ਸਕੀ। ਥਾਣਾ ਮਕਸੂਦਾਂ ਦੇ ਮੁਖੀ ਸਿਕੰਦਰ ਸਿੰਘ ਨੇ ਵਾਇਰਲ ਹੋਈ ਵੀਡੀਓ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੰਚਾਇਤੀ ਰਾਜ਼ੀਨਾਮਾ ਹੋਇਆ ਸੀ ਜੋ ਥਾਣਾ ਮਕਸੂਦਾ ਦੀ ਡੀਡੀਆਰ ’ਚ ਦਰਜ ਹੈ।