ਸੂਰਤ, 7 ਦਸੰਬਰ
ਸਾਬਕਾ ਤੇਜ਼ ਗੇਂਦਬਾਜ਼ ਐੱਸ ਸ੍ਰੀਸੰਤ ਨੇ ਅੱਜ ਇੱਥੇ ਦੋਸ਼ ਲਗਾਇਆ ਕਿ ਗੌਤਮ ਗੰਭੀਰ ਨੇ ਉਸ ਨੂੰ ਇੱਥੇ ਲੀਜੈਂਡ ਲੀਗ ਕ੍ਰਿਕਟ ਦੇ ਮੈਚ ਦੌਰਾਨ ‘ਫਿਕਸਰ’ ਕਿਹਾ। ਬੀਤੇ ਦਿਨ ਇੰਡੀਅਨ ਕੈਪੀਟਲਜ਼ ਅਤੇ ਗੁਜਰਾਤ ਜੁਆਇੰਟਸ ਦਰਮਿਆਨ ਅਲੈਮੀਨੇਟਰ ਮੈਚ ਦੌਰਾਨ ਸ੍ਰੀਸੰਤ ਅਤੇ ਉਸ ਦੇ ਸਾਬਕਾ ਸਾਥੀ ਗੰਭੀਰ ਵਿਚਾਲੇ ਤਿੱਖੀ ਬਹਿਸ ਹੋ ਗਈ ਸੀ। ਇਸ ਮਗਰੋਂ ਵਿਸ਼ਵ ਕੱਪ ਜੇਤੂੁ ਖਿਡਾਰੀਆਂ ਨੂੰ ਸ਼ਾਂਤ ਕਰਨ ਲਈ ਅੰਪਾਇਰ ਨੂੰ ਦਖ਼ਲ ਦੇਣਾ ਪਿਆ। ਸ੍ਰੀਸੰਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਲਾਈਵ ਵਿੱਚ ਕਿਹਾ, ‘‘ਉਹ ਲਾਈਵ ਟੀਵੀ ’ਤੇ ਮੈਨੂੰ ‘ਫਿਕਸਰ ਫਿਕਸਰ’ ਕਹਿੰਦਾ ਰਿਹਾ, ਤੂੰ ਫਿਕਸਰ ਹੈ। ਮੈਂ ਸਿਰਫ਼ ਇਹੀ ਕਿਹਾ ਕਿ ਤੁਸੀਂ ਕੀ ਕਹਿ ਰਹੇ ਹੋ। ਮੈਂ ਮਜ਼ਾਕੀਆ ਅੰਦਾਜ਼ ’ਚ ਹੱਸਦਾ ਰਿਹਾ। ਜਦੋਂ ਅੰਪਾਇਰ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਨੇ ਉਸ ਨਾਲ ਵੀ ਇਸੇ ਭਾਸ਼ਾ ਵਿੱਚ ਗੱਲ ਕੀਤੀ।’’ ਸ੍ਰੀਸੰਤ ਕਰੀਬ ਇੱਕ ਘੰਟੇ ਤੱਕ ਲਾਈਵ ਰਿਹਾ। -ਪੀਟੀਆਈ
ਗੰਭੀਰ ਨੇ ਦਿੱਤਾ ਮੋੜਵਾਂ ਜਵਾਬ
ਸ੍ਰੀਸੰਤ ਵੱਲੋਂ ਲਾਏ ਗਏ ਦੋਸ਼ਾਂ ਮਗਰੋਂ ਗੰਭੀਰ ਨੇ ਮੋੜਵਾਂ ਜਵਾਬ ਦਿੰਦਿਆਂ ਭਾਰਤੀ ਜਰਸੀ ਵਿੱਚ ਖ਼ੁਦ ਦੀ ਮੁਸਕਰਾਉਂਦੇ ਹੋਏ ਦੀ ਫੋਟੋ ‘ਐਕਸ’ ਉੱਤੇ ਸਾਂਝੀ ਕਰਦਿਆਂ ਲਿਖਿਆ, ‘‘ਜਦੋਂ ਦੁਨੀਆ ਦਾ ਕੰਮ ਧਿਆਨ ਆਪਣੇ ਵੱਲ ਖਿੱਚਣ ਦਾ ਹੋਵੇ ਤਾਂ ਮੁਸਕਰਾਉਂਦੇ ਰਹੇ।’’ ਗੰਭੀਰ ਪੂਰਬੀ ਦਿੱਲੀ ਤੋਂ ਭਾਜਪਾ ਦਾ ਸੰਸਦ ਮੈਂਬਰ ਹੈ।
ਮਾਮਲੇ ਦੀ ਜਾਂਚ ਕਰੇਗਾ ਐੱਲਐੱਲਸੀ
ਐੱਸ ਸ੍ਰੀਸੰਤ ਵੱਲੋਂ ਸਾਥੀ ਖਿਡਾਰੀ ਗੌਤਮ ਗੰਭੀਰ ਖ਼ਿਲਾਫ਼ ਲਾਏ ਗਏ ਦੋਸ਼ ਸਬੰਧੀ ਲੀਜੈਂਡ ਲੀਗ ਕ੍ਰਿਕਟ (ਐੱਲਐੱਸਸੀ) ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਖਿਡਾਰੀ ਖ਼ਿਲਾਫ਼ ਗਲਤ ਵਿਵਹਾਰ ਦੀ ਪੁਸ਼ਟੀ ਹੁੰਦੀ ਹੈ ਤਾਂ ਇਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।