ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਦਸੰਬਰ
ਮਾਨ ਸਰਕਾਰ ਦੀ ਸਖ਼ਤੀ ਬਾਵਜੂਦ ਸੂਬੇ ਵਿਚ ਨਾਜਾਇਜ਼ ਖਣਨ ਦਾ ਗੋਰਖਧੰਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿੰਡਾਂ ਵਿਚ ਛੱਪੜ ਰਸੂਖਵਾਨਾਂ ਲਈ ਚਾਂਦੀ ਹਨ। ਪਿੰਡ ਤਖਾਣਵੱਧ ਵਿੱਚ ਸਰਕਾਰ ਦੇ ਹੁਕਮਾਂ ਦੀ ਅਣਦੇਖੀ ਅਤੇ ਨਿਰਧਾਰਤ ਸੀਮਾ ਤੋਂ ਵੱਧ ਡੂੰਘਾਈ ’ਚ ਜੇਸੀਬੀ ਨਾਲ ਨਿਯਮਾਂ ਨੂੰ ਛਿੱਕੇ ਟੰਗ ਕੇ ਖਣਨ ਦਾ ਮਾਮਲਾ ਸਾਹਮਣੇ ਆਇਆ ਹੈ। ਖਣਨ ਵਿਭਾਗ ਦੀ ਧਾਰੀ ਚੁੱਪ ਕਾਰਨ ਜਿਥੇ ਸਰਕਾਰੀ ਖਜ਼ਾਨੇ ਨੂੰ ਖੋਰਾ ਲੱਗ ਰਿਹਾ ਹੈ ਉਥੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਕਿਨਾਰੇ ਕਮਜ਼ੋਰ ਹੋਣ ਕਾਰਨ ਮੀਹਾਂ ਨਾਲ ਜ਼ਮੀਨਾਂ ਦੀ ਮਿੱਟੀ ਵੀ ਖੁਰਨ ਲੱਗੀ ਹੈ। ਮੂਲ ਰੂਪ ਵਿਚ ਪਿੰਡ ਤਖਾਣਵੱਧ ਦੇ ਰਹਿਣ ਵਾਲੇ ਐੱਨਆਰਆਈ ਲਾਲ ਸਿੰਘ ਢਿੱਲੋਂ ਦੀ ਧੀ ਕਮਲਜੀਤ ਕੌਰ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਆਲਾ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਇਨਸਾਫ਼ ਅਤੇ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਬਿਨਾਂ ਕਿਸੇ ਮਨਜ਼ੂਰੀ ਤੋਂ ਜੇਸੀਬੀ ਮਸ਼ੀਨਾਂ ਨਾਲ 30 ਤੋਂ 35 ਫੁੱਟ ਮਿੱਟੀ ਪੁੱਟਣ ਮਗਰੋਂ ਪਾਣੀ ਨਾਲ ਖੱਡ ਭਰ ਦਿੱਤੀ ਹੈ। ਉਨ੍ਹਾਂ ਦੀ ਨਾਲ ਲਗਦੀ ਜ਼ਮੀਨ ਨੂੰ ਥਾਂ ਥਾਂ ਤੋਂ ਖੋਰਾ ਲੱਗ ਰਿਹਾ ਹੈ ਅਤੇ ਵੱਡੇ ਮਘੋਰੇ ਹੋਣ ਨਾਲ ਉਨ੍ਹਾਂ ਦੀ ਜ਼ਮੀਨ ਬਰਬਾਦ ਹੋ ਰਹੀ ਹੈ। ਇਥੋਂ ਤੱਕ ਖੇਤਾਂ ਨੂੰ ਜਾਂਦ ਰਾਹ ਵੀ ਬੰਦ ਹੋਣ ਦੇ ਕੰਢੇ ਹੈ। ਉਨ੍ਹਾਂ ਕਿਹਾ ਕਿ ਛੱਪੜ ’ਚੋਂ ਪੁੱਟੀ ਗਈ ਮਿੱਟੀ ਦੀ ਖੱਡ ਉਨ੍ਹਾਂ ਦੀ ਜ਼ਮੀਨ ਨੂੰ ਖਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਏਕੜ ਵਿਚ ਫੈਲੇ ਛੱਪੜ ਵਿਚੋਂ ਇੰਨੀ ਡੂੰਘੀ ਮਿੱਟੀ ਪੁੱਟੀ ਗਈ ਹੈ ਕਿ ਲਾਲ ਮਿੱਟੀ ਬਾਅਦ ਚਿੱਟੀ ਰੇਤ ਦੀ ਪਰਤ ਨਿਕਲ ਆਈ ਅਤੇ ਰੇਤੇ ਦਾ ਢੇਰ ਹੁਣ ਵੀ ਮੌਕੇ ਉੇਂਤੇ ਪਿਆ ਹੈ। ਨਿਯਮਾਂ ਅਨੁਸਾਰ ਪੁੱਟੀ ਜਾ ਰਹੀ ਜ਼ਮੀਨ ਆਦਿ ਦੇ ਕਿਨਾਰੇ ਤੋਂ 25 ਫੁੱਟ ਜ਼ਮੀਨ ਛੱਡੀ ਜਾਂਦੀ ਹੈ ਪਰ ਅਜਿਹਾ ਨਾ ਹੋਣ ਕਰ ਕੇ ਉਨ੍ਹਾਂ ਦੀ ਜਮੀਨ ਦੀ ਮਿੱਟੀ ਖੁਰ ਰਹੀ ਹੈ ਅਤੇ ਹਾੜੀ ਦੀ ਫ਼ਸਲ ਬਰਬਾਦ ਹੋਣ ਦਾ ਖ਼ਤਰਾ ਬਣ ਗਿਆ ਹੈ। ਹੁਣ ਹੱਡਾ ਰੋੜੀ ਵਾਲੀ ਜ਼ਮੀਨ ਵਿਚੋਂ ਮਿੱਟੀ ਪੁੱਟੀ ਜਾ ਰਹੀ ਹੈ। ਉਹ ਵਿਦੇਸ਼ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਇਹ ਸਭ ਕੁਝ ਕੀਤਾ ਗਿਆ ਹੈ। ਸਰਕਾਰ ਦੇ ਹੁਕਮਾਂ ਦੀ ਅਣਦੇਖੀ ਕਰਕੇ ਨਿਰਧਾਰਤ ਸੀਮਾ ਤੋਂ ਵੱਧ ਡੂੰਘਾਈ ’ਚ ਜੇਸੀਬੀ ਨਾਲ ਨਿਕਾਸੀ ਕੀਤੀ ਗਈ ਹੈ। ਰਸੂਖਵਾਨ ਵਿਕਾਸ ਕਾਰਜਾਂ ਦੀ ਆੜ ਵਿਚ ਟੇਢੇ ਢੰਗ ਨਾਲ ਨਜਾਇਜ਼ ਖਣਨ ਕਰ ਰਹੇ ਹਨ।
ਮਾਮਲੇ ਦੀ ਜਾਂਚ ਕਰਵਾਈ ਜਾਵੇਗੀ: ਅਧਿਕਾਰੀ
ਖੇਤਰੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਰਾਜਵਿੰਦਰ ਸਿੰਘ ਨੇ ਕਿਹਾ ਕਿ ਖਣਨ ਵਿਭਾਗ ਖੁਦਾਈ ਦੀ ਮਨਜ਼ੂਰੀ ਦਿੰਦਾ ਹੈ ਪਰ ਪਿੰਡ ਤਖਾਣਵੱਧ ਦੀ ਕਿਸੇ ਵੀ ਪੰਚਾਇਤ ਨੇ ਮਨਜ਼ੂਰੀ ਲੈਣ ਲਈ ਵਿਭਾਗ ਨੂੰ ਕੋਈ ਅਰਜ਼ੀ ਨਹੀਂ ਦਿੱਤੀ। ਖਣਨ ਵਿਭਾਗ ਫ਼ਿਰੋਜਪੁਰ ਸਥਿਤ ਖੇਤਰੀ ਐਕਸੀਅਨ ਗਿਤੇਸ਼ ਉਪਵੇਜਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ। ਪਿੰਡ ਤਖਾਣਵੱਧ ਕਲਾਂ ਦੇ ਸਰਪੰਚ ਰਵੀ ਸ਼ਰਮਾ ਨੇ ਨਜਾਇਜ਼ ਖਣਨ ਦੇ ਇਲਜ਼ਾਮ ਤੋਂ ਇਨਕਾਰ ਕਰਦਿਆਂ ਕਿਹਾ ਕਿ ਨਰੇਗਾ ਸਕੀਮ ਤਹਿਤ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਪਿੰਡ ਤਖਾਣਵੱਧ ਖੁਰਦ ਦੀ ਮਹਿਲਾ ਸਰਪੰਚ ਦੇ ਪਤੀ ਕੁਲਵੰਤ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਮਿਸਾਲੀ ਵਿਕਾਸ ਕਾਰਜ ਕਰਵਾਏ ਹਨ। ਉਨ੍ਹਾਂ ਨਜਾਇਜ਼ ਖਣਨ ਤੋਂ ਇਨਕਾਰ ਕਰਦੇ ਕਿਹਾ ਕਿ ਜੋ ਮਿੱਟੀ ਪੁੱਟੀ ਗਈ ਹੈ ਉਹ ਪਿੰਡ ’ਚ ਚੱਲ ਰਹੇ ਵਿਕਾਸ ਕਾਰਜਾਂ ਲਈ ਵਰਤੀ ਗਈ ਹੈ।