ਸ਼ਗਨ ਕਟਾਰੀਆ
ਬਠਿੰਡਾ, 7 ਦਸੰਬਰ
ਸੰਗਰੂਰ ਤੋਂ ਪੌਣੇ ਚਾਰ ਕਿੱਲੋ ਸੋਨਾ ਲੁੱਟਣ ਦੇ ਕੇਸ ’ਚ ਨਾਮਜ਼ਦ ਪੰਜ ਮੁਲਜ਼ਮਾਂ ਵਿੱਚੋਂ ਬਠਿੰਡਾ ਪੁਲੀਸ ਨੇ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀ ਦੋ ਦੀ ਭਾਲ ਜਾਰੀ ਹੈ। ਇਸ ਘਟਨਾ ’ਚ ਸ਼ਾਮਲ ਇੱਕ ਪੁਲੀਸ ਮੁਲਾਜ਼ਮ ਅਸ਼ੀਸ਼ ਕੁਮਾਰ ਵਾਸੀ ਪਿੰਡ ਰਾਮਸਰਾ ਤਹਿਸੀਲ ਅਬੋਹਰ 5 ਦਸੰਬਰ ਨੂੰ ਹੀ ਥਾਣਾ ਸਿਵਲ ਲਾਈਨ ਬਠਿੰਡਾ ਦੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਥਾਣਾ ਸਿਵਲ ਲਾਈਨ ਦੇ ਐੱਸਐੱਚਓ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਦੋ ਮੁਲਜ਼ਮਾਂ ਜੈ ਰਾਮ ਉਰਫ਼ ਸਰਪੰਚ ਵਾਸੀ ਰਾਏਪੁਰਾ ਤਹਿਸੀਲ ਅਬੋਹਰ ਅਤੇ ਨਿਸ਼ਾਨ ਸਿੰਘ ਵਾਸੀ ਸਰਾਵਾਂ ਬੋਦਲਾ ਜ਼ਿਲ੍ਹਾ ਮੁਕਤਸਰ ਨੂੰ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਚੌਥਾ ਮੁਲਜ਼ਮ ਵਿਨੋਦ ਕੁਮਾਰ ਵਾਸੀ ਸੀਤੋ ਗੁੰਨੋ ਤਹਿਸੀਲ ਅਬੋਹਰ ਦੀ ਭਾਲ ਜਾਰੀ ਹੈ। ਥਾਣਾ ਮੁਖੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਫ਼ਰਾਰ ਵਿਨੋਦ ਕੁਮਾਰ ਨਾਂਅ ਦਾ ਮੁਲਜ਼ਮ ਪੰਜਾਬ ਪੁਲੀਸ ਦਾ ਹੌਲਦਾਰ ਹੈ ਅਤੇ ਉਹ ਹੀ ਵਾਰਦਾਤ ਦਾ ਮਾਸਟਰ ਮਾਈਂਡ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਅਸ਼ੀਸ਼ ਕੁਮਾਰ ਵੀ ਪੁਲੀਸ ਮਹਿਕਮੇ ਵਿੱਚ ਕਾਂਸਟੇਬਲ ਹੈ। ਮੁੱਢਲੀ ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਹੈ ਕਿ ਸਾਰੀ ਵਿਉਂਤਬੰਦੀ ਹੌਲਦਾਰ ਵਿਨੋਦ ਕੁਮਾਰ ਨੇ ਹੀ ਕੀਤੀ ਸੀ ਜੋ ਆਬਾਕਾਰੀ ਮਹਿਕਮੇ ਵਿਚ ਡੈਪੂਟੇਸ਼ਨ ’ਤੇ ਤਾਇਨਾਤ ਹੈ। ਇਸ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਜੈ ਰਾਮ ਉਰਫ਼ ਸਰਪੰਚ ਦੀ ਵੀ ਅਹਿਮ ਭੂਮਿਕਾ ਹੈ। ਦੱਸਿਆ ਗਿਆ ਕਿ ਪੁਲੀਸ ਅਦਾਲਤ ਤੋਂ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਪ੍ਰਾਪਤ ਕਰਕੇ ਤਫ਼ਤੀਸ਼ ਕਰੇਗੀ। ਜ਼ਿਕਰਯੋਗ ਹੈ ਕਿ ਰਾਜੂ ਰਾਮ ਪੁੱਤਰ ਗੋਵਰਧਨ ਵਾਸੀ ਬੀਕਾਨੇਰ (ਰਾਜਸਥਾਨ) ਦਿੱਲੀ ਤੋਂ ਟਰੇਨ ਰਾਹੀਂ ਸੋਨੇ ਦੇ ਗਹਿਣਿਆਂ ਵਾਲਾ ਬੈਗ ਲੈ ਕੇ ਬਠਿੰਡਾ ਆ ਰਿਹਾ ਸੀ। ਇਸ ਦੌਰਾਨ ਅਣਪਛਾਤੇ ਵਿਅਕਤੀ ਸੰਗਰੂਰ ਰੇਲਵੇ ਸਟੇਸ਼ਨ ’ਤੇ ਰਾਜੂ ਰਾਮ ਤੋਂ ਗਹਿਣਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ ਸਨ। ਇਨ੍ਹਾਂ ਵਿਚ ਦੋ ਮੁਲਜ਼ਮ ਪੁਲੀਸ ਦੀ ਵਰਦੀ ਵਿੱਚ ਸਨ। ਬਠਿੰਡਾ ਪੁਲੀਸ ਨੂੰ ਖੋਹ ਦੀ ਜਾਣਕਾਰੀ ਮਿਲੀ ਸੀ ਕਿ ਲੁਟੇਰੇ ਇਟੀਓਸ ਕਾਰ ’ਤੇ ਬਠਿੰਡਾ ਵੱਲ ਆ ਰਹੇ ਹਨ। ਪੁਲੀਸ ਨੇ ਇਥੇ ਬੀਬੀ ਵਾਲਾ ਚੌਕ ’ਚ ਨਾਕਾਬੰਦੀ ਕਰਕੇ ਲੁਟੇਰਿਆਂ ਨੂੰ ਕਾਬੂ ਕਰਨ ਦਾ ਯਤਨ ਕੀਤਾ ਪਰ ਉਹ ਪੁਲੀਸ ਕਰਮਚਾਰੀਆਂ ਨਾਲ ਧੱਕੋ-ਮੁੱਕੀ ਹੁੰਦੇ ਹੋਏ ਫ਼ਰਾਰ ਹੋਣ ਵਿਚ ਸਫ਼ਲ ਰਹੇ ਸਨ ਪਰ ਇਸ ਦੌਰਾਨ ਸੋਨੇ ਦੇ ਗਹਿਣਿਆਂ ਵਾਲਾ ਬੈਗ ਪੁਲੀਸ ਖੋਹਣ ਵਿਚ ਕਾਮਯਾਬ ਰਹੀ ਸੀ। ਸੰਗਰੂਰ ਵਾਰਦਾਤ ਤੋਂ ਵਕਤ ਦੇ ਥੋੜ੍ਹੇ ਵਕਫ਼ੇ ਬਾਅਦ ਹੀ ਬਠਿੰਡਾ ਦੇ ਇੱਕ ਸਰਾਫ਼ ਸਾਹਿਲ ਖਿੱਪਲ ਨੇ ਘਟਨਾ ਦੀ ਸ਼ਿਕਾਇਤ ਬਠਿੰਡਾ ਪੁਲੀਸ ਦੇ ਧਿਆਨ ’ਚ ਲਿਆਂਦੀ ਸੀ।