ਮੁੰਬਈ, 8 ਦਸੰਬਰ
‘ਕਾਰਵਾਂ’, ‘ਹਾਥੀ ਮੇਰੇ ਸਾਥੀ’ ਅਤੇ ‘ਮੇਰਾ ਨਾਮ ਜੋਕਰ’ ਜਿਹੀਆਂ ਫਿਲਮਾਂ ’ਚ ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਅਦਾਕਾਰ ਜੂਨੀਅਰ ਮਹਿਮੂਦ ਦਾ ਅੱਜ ਕੈਂਸਰ ਕਾਰਨ ਦੇਹਾਂਤ ਹੋ ਗਿਆ। ਉਹ 68 ਸਾਲਾਂ ਦੇ ਸਨ।
ਜੂਨੀਅਰ ਮਹਿਮੂਦ ਦੇ ਛੋਟੇ ਬੇਟੇ ਹਸਨੈਨ ਸੱਯਦ ਨੇ ਦੱਸਿਆ, ‘ਮੇਰੇ ਪਿਤਾ ਪੇਟ ਦੇ ਕੈਂਸਰ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਦੋ ਵਜੇ ਦੇਹਾਂਤ ਹੋ ਗਿਆ। ਉਨ੍ਹਾਂ ਦੀ ਹਾਲਤ ਪਿਛਲੇ 17 ਦਿਨ ਤੋਂ ਗੰਭੀਰ ਬਣੀ ਹੋਈ ਸੀ। ਉਨ੍ਹਾਂ ਦਾ ਇੱਕ ਮਹੀਨੇ ’ਚ 35 ਤੋਂ 40 ਕਿਲੋਗ੍ਰਾਮ ਵਜ਼ਨ ਘਟ ਗਿਆ ਸੀ।’ ਜੂਨੀਅਰ ਮਹਿਮੂਦ ਦਾ ਅਸਲੀ ਨਾਂ ਨਈਮ ਸੱਯਦ ਸੀ। ਉਨ੍ਹਾਂ ਇੱਕ ਬਾਲ ਕਲਾਕਾਰ ਵਜੋਂ ‘ਮੁਹੱਬਤ ਜ਼ਿੰਦਗੀ ਹੈ’ (1966) ਅਤੇ ‘ਨੌਨਿਹਾਲ’ (1967) ਤੋਂ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਪਿਤਾ ਕਾਮੇਡੀ ਕਲਾਕਾਰ ਮਹਿਮੂਦ ਨਾਲ 1968 ’ਚ ਰਿਲੀਜ਼ ਹੋਈ ਫਿਲਮ ‘ਸੁਹਾਗ ਰਾਤ’ ’ਚ ਕੰਮ ਕੀਤਾ ਸੀ ਅਤੇ ਇਸੇ ਦੌਰਾਨ ਪਿਤਾ ਨੇ ਸੱਯਦ ਨੂੰ ਜੂਨੀਅਰ ਮਹਿਮੂਦ ਦਾ ਨਾਂ ਦਿੱਤਾ ਸੀ।
ਫਿਲਮ ਨਿਰਦੇਸ਼ਕ ਸੰਜੈ ਗੁਪਤਾ ਉਨ੍ਹਾਂ ਫਿਲਮੀ ਹਸਤੀਆਂ ’ਚ ਸ਼ਾਮਲ ਰਹੇ ਜਿਨ੍ਹਾਂ ਜੂਨੀਅਰ ਮਹਿਮੂਦ ਨੂੰ ਸੋਸ਼ਲ ਮੀਡੀਆ ਰਾਹੀਂ ਸਭ ਤੋਂ ਪਹਿਲਾਂ ਸ਼ਰਧਾਂਜਲੀ ਭੇਟ ਕੀਤੀ। ‘ਟਰੇਡ ਯੂਨੀਅਨ ਸਿਨੇ ਐਂਡ ਟੀਵੀ ਆਰਟਿਸਟਸ ਐਸੋਸੀਏਸ਼ਨ’ ਨੇ ਵੀ ਅਦਾਕਾਰ ਦੇ ਦੇਹਾਂਤ ’ਤੇ ਦੁੱਖ ਜ਼ਾਹਿਰ ਕੀਤਾ ਹੈ। ਜੂਨੀਅਰ ਮਹਿਮੂਦ ਨੇ ਅਦਾਕਾਰ ਜਤਿੰਦਰ ਤੇ ਸਚਿਨ ਪਿਲਗਾਂਵਕਰ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ ਜਿਸ ਮਗਰੋਂ ਦੋਵਾਂ ਨੇ ਲੰਘੇ ਮੰਗਲਵਾਰ ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ। ਜਤਿੰਦਰ ਨੇ ‘ਸੁਹਾਗ ਰਾਤ’ ਅਤੇ ‘ਕਾਰਵਾਂ’ ਸਮੇਤ ਕਈ ਫਿਲਮਾਂ ’ਚ ਜੂਨੀਅਰ ਮਹਿਮੂਦ ਨਾਲ ਕੰਮ ਕੀਤਾ ਸੀ। ਜੂਨੀਅਰ ਮਹਿਮੂਦ ਨੇ ਸੱਤ ਭਾਸ਼ਾਵਾਂ ’ਚ 260 ਤੋਂ ਵੱਧ ਫਿਲਮਾਂ ’ਚ ਅਦਾਕਾਰੀ ਕੀਤੀ। ਉਨ੍ਹਾਂ ਦੀਆਂ ਮਸ਼ਹੂਰ ਫਿਲਮਾਂ ਵਿੱਚ ‘ਬ੍ਰਹਮਚਾਰੀ’, ‘ਕਟੀ ਪਤੰਗ’, ‘ਹਰੇ ਰਾਮਾ ਹਰੇ ਕ੍ਰਿਸ਼ਨਾ’, ‘ਗੀਤ ਗਾਤਾ ਚਲ’, ‘ਇਮਾਨਦਾਰ’, ‘ਬਾਪ ਨੰਬਰੀ ਬੇਟਾ ਦਸ ਨੰਬਰੀ’, ‘ਆਜ ਕਾ ਅਰਜੁਨ’, ‘ਗੁਰੂਦੇਵ’, ‘ਛੋਟੇ ਸਰਕਾਰ’ ਅਤੇ ‘ਜੁਦਾਈ’ ਜਿਹੀਆਂ ਫਿਲਮਾਂ ਸ਼ਾਮਲ ਹਨ। ਜੂਨੀਅਰ ਮਹਿਮੂਦ ਨੇ 1965 ਵਿੱਚ ਰਿਲੀਜ਼ ਹੋਈ ਫਿਲਮ ‘ਗੁਮਨਾਮ’ ਵਿੱਚ ਮਹਿਮੂਦ ਦੇ ਮਸ਼ਹੂਰ ਗੀਤ ‘ਹਮ ਕਾਲੇ ਹੈਂ ਤੋ ਕਿਆ ਹੁਆ’ ’ਤੇ 1968 ਵਿੱਚ ਸ਼ੰਮੀ ਕਪੂਰ ਦੀ ਫਿਲਮ ‘ਬ੍ਰਹਮਚਾਰੀ’ ਵਿੱਚ ਨ੍ਰਿੱਤ ਕਰਕੇ ਵਾਹਵਾਹੀ ਖੱਟੀ ਸੀ। ਉਨ੍ਹਾਂ ਆਪਣੇ ਪਿਤਾ ਮਹਿਮੂਦ ਦੇ ਅੰਦਾਜ਼ ਦੀ ਨਕਲ ਕਰਦਿਆਂ ਇਸ ਗੀਤ ’ਤੇ ਨਾ ਸਿਰਫ਼ ਨ੍ਰਿਤ ਕੀਤਾ ਸੀ ਬਲਕਿ ਮਹਿਮੂਦ ਦੀ ਤਰ੍ਹਾਂ ਹੀ ਧਾਰੀਧਾਰ ਟੀ-ਸ਼ਰਟ ਤੇ ਲੁੰਗੀ ਪਹਿਨ ਕੇ ਆਪਣੇ ਚਿਹਰੇ ’ਤੇ ਕਾਲਾ ਰੰਗ ਵੀ ਲਾਇਆ ਸੀ। ਉਨ੍ਹਾਂ ‘ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ’ ਅਤੇ ‘ਏਕ ਰਿਸ਼ਤਾ ਸਾਝੇਦਾਰੀ ਕਾ’ ਜਿਹੇ ਟੀਵੀ ਸੀਰੀਅਲਾਂ ’ਚ ਵੀ ਅਦਾਕਾਰੀ ਕੀਤੀ। ਉਨ੍ਹਾਂ ਦੇ ਨੇੜਲੇ ਮਿੱਤਰ ਸਲਾਮ ਕਾਜ਼ੀ ਨੇ ਦੱਸਿਆ ਕਿ ਅਦਾਕਾਰ ਦੀਆਂ ਅੰਤਿਮ ਰਸਮਾਂ ਸਾਂਤਾਕਰੂਜ਼ ਕਬਰਿਸਤਾਨ ’ਚ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ, ‘ਉਨ੍ਹਾਂ ਨੂੰ ਉਸੇ ਕਬਰਿਸਤਾਨ ’ਚ ਦਫਨਾਇਆ ਜਾਵੇਗਾ ਜਿੱਥੇ ਉਨ੍ਹਾਂ ਦੀ ਮਾਂ ਨੂੰ ਦਫਨਾਇਆ ਗਿਆ ਸੀ। ਦਿਲੀਪ ਕੁਮਾਰ ਸਾਹਬ ਤੇ ਮੁਹੰਮਦ ਰਫੀ ਜਿਹੀਆ ਹੋਰ ਮਸ਼ਹੂਰ ਹਸਤੀਆਂ ਨੂੰ ਵੀ ਉੱਥੇ ਹੀ ਦਫਨਾਇਆ ਗਿਆ।’ ਜੂਨੀਅਰ ਮਹਿਮੂਦ ਦੇ ਪਰਿਵਾਰ ’ਚ ਉਨ੍ਹਾਂ ਦੇ ਦੋ ਬੇਟੇ ਤੇ ਪਤਨੀ ਹਨ। -ਪੀਟੀਆਈ