ਨਿਰਮਲ ਸਿੰਘ ਰੱਤਾ
ਅਕਤੂਬਰ ਦੀ ਮਿੱਠੀ ਜਿਹੀ ਰੁੱਤ। ਫਿਰ ਵੀ ਮੈਂ ਪਸੀਨੇ ਵਿੱਚ ਤਰ ਹੁੰਦੀ ਜਾ ਰਹੀ ਸਾਂ। ਕਾਹਲੇ-ਕਾਹਲੇ ਕਦਮ ਪੁੱਟਦੀ ਘਰ ਪਹੁੰਚੀ ਤਾਂ ਮੈਂ ਸ਼ੁਕਰ ਕੀਤਾ। ”ਆ ਗਿਆ ਮੇਰਾ ਸ਼ੇਰ ਪੁੱਤ… ਆਹ ਵੇਖ! ਅੱਜ ਮੈਂ ਤੇਰੇ ਵਾਸਤੇ ਸਾਗ ਧਰਿਆ ਏ… ਤੇ ਨਾਲ ਮੱਕੀ ਦੀਆਂ ਰੋਟੀਆਂ ਵੀ… ਸਾਰਾ ਕੁਝ ਤੇਰੀ ਪਸੰਦ ਮੁਤਾਬਕ…। ਅੱਜ ਕਿੱਦਾਂ ਕਹੇਂਗੀ ਕਿ ਮੈਨੂੰ ਸਬਜ਼ੀ ਨਹੀਂ ਪਸੰਦ… ਮੈਂ ਨਹੀਂ ਰੋਟੀ ਖਾਣੀ।” ਚੌਂਕੇ ਵਿੱਚ ਸਾਗ ਬਣਾ ਰਹੇ ਰਹੇ ਮੰਮੀ ਜੀ ਨੇ ਦੂਰੋਂ ਵੇਖਦਿਆਂ ਹੀ ਆਪਣੀ ਮਮਤਾ ਅਤੇ ਮੋਹ ਦੀ ਬੁਛਾੜ ਕਰਦਿਆਂ ਕਿਹਾ। ਮੈਂ ਅਣਮੰਨੇ ਜਿਹੇ ਮਨ ਨਾਲ ਥੋੜ੍ਹਾ ਜਿਹਾ ਮੁਸਕਰਾ ਕੇ ਸਿੱਧੀ ਕਮਰੇ ਵਿੱਚ ਗਈ ਤੇ ਫੁੱਲ ਸਪੀਡ ‘ਤੇ ਪੱਖਾ ਲਾ ਕੇ ਧੜੰਮ ਕਰਦੀ ਬੈੱਡ ‘ਤੇ ਪੈ ਗਈ। ”ਕੀ ਹੋਇਆ ਸੀਮੂ? ਤੂੰ ਠੀਕ ਤਾਂ ਹੈਗੀ ਆਂ? ਬੜੀ ਚੁੱਪ ਚਾਪ ਅੰਦਰ ਆ ਕੇ ਲੰਮੇ ਪੈ ਗਈ ਏਂ?” ਮੰਮੀ ਜੀ ਨੇ ਮੈਨੂ ਪਰੇਸ਼ਾਨ ਵੇਖ ਕੇ ਇੱਕੋ ਵੇਲੇ ਕਈ ਸਵਾਲ ਕਰ ਦਿੱਤੇ। ਮੈਂ ਚੁੱਪ-ਚਾਪ ਲੰਮੇ ਪਈ ਰਹੀ ਜਿਵੇਂ ਕੁਝ ਸੁਣਿਆ ਹੀ ਨਾ ਹੋਵੇ। ”ਅੱਜ ਫੇਰ ਬੱਸ ਵਿੱਚ ਕਿਸੇ ਸਵਾਰੀ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ ਕਿ ਜਾਂ ਕੰਡਕਟਰ ਨੇ ਅੱਡੇ ਤੋਂ ‘ਗਾਂਹ ਜਾ ਕੇ ਲਾਹਿਆ ਸੀ?” ਮੰਮੀ ਜੀ ਨੇ ਅੰਦਾਜ਼ੇ ਲਾਉਂਦਿਆਂ ਪੁੱਛਿਆ। ਮੰਮੀ ਜੀ ਸਵਾਲ ‘ਤੇ ਸਵਾਲ ਕਰੀ ਜਾ ਰਹੇ ਸਨ ਤੇ ਮੇਰੀਆਂ ਅੱਖਾਂ ਸਾਹਮਣੇ ਗੁਰਜੀਤ ਦਾ ਚਿਹਰਾ ਘੁੰਮ ਰਿਹਾ ਸੀ। ਪੱਖੇ ਦੇ ਪਰਾਂ ਦੇ ਨਾਲ-ਨਾਲ ਗੁਰਜੀਤ ਦਾ ਚਿਹਰਾ ਵੀ ਤੇਜ਼-ਤੇਜ਼ ਘੁੰਮਦਾ ਜਾਪ ਰਿਹਾ ਸੀ। ਮੈਂ ਅੱਖਾਂ ਬੰਦ ਕਰ ਲਈਆਂ। ਅਚੇਤ ਮਨ ਦਾ ਘੋੜਾ ਸੋਚਾਂ ਦੀ ਕੋਠੜੀ ਜਾ ਵੜਿਆ।
ਅਜੇ ਕੱਲ੍ਹ ਦੀ ਹੀ ਤਾਂ ਗੱਲ ਲੱਗਦੀ ਸੀ। ਮੈਂ ਤੇ ਗੁਰਜੀਤ ਜਮਾਤੀ ਸੀ। ਦੋਵੇਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਾਂ ਤੇ ਦੋਵੇਂ ਇੱਕ ਦੂਜੇ ਤੋਂ ਵੱਧ ਨੰਬਰ ਲੈਣ ਦੀ ਹੋੜ ਵਿੱਚ ਲੱਗੇ ਰਹਿੰਦੇ ਸੀ। ਬਹੁਤੀ ਵਾਰ ਗੁਰਜੀਤ ਹੀ ਇੱਕ-ਦੋ ਨੰਬਰ ਵੱਧ ਲੈ ਕੇ ਜੇਤੂ ਰਹਿੰਦਾ। ਖ਼ਾਸ ਕਰਕੇ ਗਣਿਤ ਵਿੱਚ ਤਾਂ ਉਸ ਦਾ ਕੋਈ ਸਾਨੀ ਨਹੀਂ ਸੀ। ਮਿੰਟਾਂ-ਸਕਿੰਟਾਂ ਵਿੱਚ ਹੀ ਉਹ ਔਖੇ ਤੋਂ ਔਖਾ ਸਵਾਲ ਹੱਲ ਕਰਕੇ ਰੱਖ ਦਿੰਦਾ। ਕੁਝ ਤਾਂ ਕੁਦਰਤੀ ਤੌਰ ‘ਤੇ ਹੀ ਅਤੇ ਕੁਝ ਆਪਣੀ ਡੂੰਘੀ ਦਿਲਚਸਪੀ ਅਤੇ ਅਭਿਆਸ ਦੇ ਸਹਾਰੇ ਉਹ ਸਾਰੇ ਸਕੂਲ ਵਿੱਚ ਗਣਿਤ ਦਾ ਬੇਤਾਜ ਬਾਦਸ਼ਾਹ ਬਣ ਗਿਆ ਸੀ। ਸਾਰੇ ਅਧਿਆਪਕ ਆਖਦੇ ਕਿ ਉਹ ਆਪਣੀ ਇਸ ਵਿਲੱਖਣ ਕਾਬਲੀਅਤ ਦੇ ਸਿਰ ‘ਤੇ ਇੱਕ ਨਾ ਇੱਕ ਦਿਨ ਜ਼ਰੂਰ ਕੁਝ ਬਣੇਗਾ। ਸਾਰੇ ਬੱਚੇ ਉਸ ਨੂੰ ਗੱਗਾ ਗਣਿਤ ਗੱਗਾ ਗੁਰਜੀਤ ਆਖਦੇ। ਮੈਂ ਤਾਂ ਉਸ ਨੂੰ ਹਮੇਸ਼ਾਂ ਗੁਰਜੀਤ ਗਣਿਤ ਸਿੰਘ ਹੀ ਕਹਿ ਕੇ ਬੁਲਾਉਂਦੀ। ਵੇਖੋ-ਵੇਖੀ ਸਾਰਾ ਸਕੂਲ ਹੀ ਉਸ ਨੂੰ ਗੁਰਜੀਤ ਗਣਿਤ ਸਿੰਘ ਕਹਿ ਕੇ ਬੁਲਾਉਣ ਲੱਗ ਪਿਆ। ਉਸ ਦੀ ਲੋਕਪ੍ਰਿਯਤਾ ਤੋਂ ਮੈਂ ਕਈ ਵਾਰੀ ਖਿੱਝ ਵੀ ਜਾਂਦੀ ਸੀ। ਉਸ ਕਾਰਨ ਮੈਂ ਕਦੇ ਵੀ ਜਮਾਤ ਵਿੱਚ ਪਹਿਲੇ ਨੰਬਰ ‘ਤੇ ਨਾ ਆ ਸਕੀ। ਮੈਨੂੰ ਹਮੇਸ਼ਾਂ ਦੂਜੇ ਨੰਬਰ ‘ਤੇ ਹੀ ਸਬਰ ਕਰਨਾ ਪੈਂਦਾ ਸੀ। ਮੈਨੂੰ ਕਦੇ-ਕਦੇ ਤਾਂ ਉਸ ‘ਤੇ ਬਹੁਤ ਗੁੱਸਾ ਆਉਂਦਾ ਤੇ ਕਦੇ ਉਹ ਮਨ ਨੂੰ ਬੜਾ ਚੰਗਾ ਲੱਗਦਾ। ਮੋਟੀਆਂ ਮੋਟੀਆਂ ਅੱਖਾਂ, ਸਉਲਾ ਜਿਹਾ ਰੰਗ ਤੇ ਹਲਕੀਆਂ-ਹਲਕੀਆਂ ਪੁੰਗਰ ਰਹੀਆਂ ਦਾੜ੍ਹੀ-ਮੁੱਛਾਂ ਵਿੱਚ ਉਹ ਬੜਾ ਆਕਰਸ਼ਕ ਲੱਗਦਾ ਸੀ। ਦਸਵੀਂ ਵਿੱਚ ਵੀ ਹਮੇਸ਼ਾਂ ਦੀ ਤਰ੍ਹਾਂ ਉਹ ਸਾਰੀ ਜਮਾਤ ਵਿੱਚੋਂ ਅੱਵਲ ਆਇਆ ਸੀ ਪਰ ਘਰੇਲੂ ਹਾਲਾਤ ਵੱਸ ਉਹ ਅੱਗੇ ਨਾ ਪੜ੍ਹ ਸਕਿਆ। ਮੈਂ ਉਸ ਨੂੰ ਉਦੋਂ ਕਿਹਾ ਵੀ ਸੀ ਕਿ ਜੇਕਰ ਉਸ ਨੇ ਕਿਸੇ ਕੰਮ-ਕਾਰ ਵਿੱਚ ਪੈਣਾ ਹੈ ਤਾਂ ਪ੍ਰਾਈਵੇਟ ਹੀ ਪੜ੍ਹ ਲਵੇ… ਪਰ ਉਹ ਨਹੀਂ ਮੰਨਿਆ। ਇੱਕ ਦਿਨ ਅਚਾਨਕ ਉਹ ਪਿੰਡ ਛੱਡ ਕੇ ਆਪਣੇ ਨਾਨਕੇ ਲੁਧਿਆਣੇ ਚਲਾ ਗਿਆ। ਨਾਲ ਦੇ ਜਮਾਤੀਆਂ ਤੋਂ ਪਤਾ ਲੱਗਾ ਕਿ ਉਹ ਉੱਥੇ ਕਿਸੇ ਦੁਕਾਨ ‘ਤੇ ਸਕੂਟਰ ਮਕੈਨਿਕ ਦਾ ਕੰਮ ਸਿੱਖਦਾ ਹੈ ਤੇ ਸ਼ਾਮ ਨੂੰ ਕੁਝ ਸਮਾਂ ਟੈਂਪੂ ਚਲਾ ਕੇ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਕਰਦਾ ਹੈ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਮੈਂ ਬਾਰ੍ਹਵੀਂ ਤੋਂ ਬਾਅਦ ਅੰਮ੍ਰਿਤਸਰ ਵਿੱਚ ਗੌਰਮਿੰਟ ਕਾਲਜ ਵਿੱਚ ਬੀ.ਏ. ਕਰਨ ਲੱਗ ਪਈ। ਸ਼ਾਮ ਨੂੰ ਟਿਊਸ਼ਨ ਪੜ੍ਹਾ ਕੇ ਆਪਣੀ ਪੜ੍ਹਾਈ ਅਤੇ ਆਉਣ ਜਾਣ ਦਾ ਖਰਚਾ ਆਪ ਚੁੱਕਣ ਦੀ ਕੋਸ਼ਿਸ਼ ਕਰਦੀ। ਅੱਜ ਜਦੋਂ ਮੈਂ ਕਾਲਜ ਤੋਂ ਪਿੰਡ ਆਉਣ ਲਈ ਗਰਿੱਲ ਨੂੰ ਹੱਥ ਪਾ ਕੇ ਬੱਸ ਵਿੱਚ ਚੜ੍ਹ ਰਹੀ ਸੀ ਤਾਂ ਪਿੱਛੋਂ ਅਚਾਨਕ ਕਿਸੇ ਨੇ ਜ਼ੋਰ ਦਾ ਧੱਕਾ ਮਾਰਿਆ ਤੇ ਮੇਰਾ ਪਰਸ ਖਿੱਚਣ ਦੀ ਕੋਸ਼ਿਸ਼ ਕਰਨ ਲੱਗਾ। ਅਚਨਚੇਤ ਹੋਏ ਹਮਲੇ ਨਾਲ ਪਹਿਲਾਂ ਤਾਂ ਮੈਂ ਘਬਰਾ ਗਈ ਪਰ ਫਿਰ ਮੇਰੇ ਵਿੱਚ ਪਤਾ ਨਹੀਂ ਕਿੱਥੋਂ ਇੰਨੀ ਹਿੰਮਤ ਆ ਗਈ ਕਿ ਮੈਂ ਇਕਦਮ ਆਪਣੇ-ਆਪ ਨੂੰ ਸੰਭਾਲਿਆ ਤੇ ਝਪਟਮਾਰ ਲੁਟੇਰੇ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਉਸ ਦਾ ਸਿਰ ਜ਼ਮੀਨ ‘ਤੇ ਪਈ ਇੱਟ ਨਾਲ ਵੱਜਾ ਤੇ ਲਹੂ ਦੀਆਂ ਤਤੀਰੀਆਂ ਵਗ ਪਈਆਂ। ਉਸ ਨੇ ਉੱਠ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਿਰ ਦੀ ਡੂੰਘੀ ਸੱਟ ਅਤੇ ਬੱਸ ਅੱਡੇ ਦੀਆਂ ਸਵਾਰੀਆਂ ਦੇ ਘੇਰੇ ਕਾਰਨ ਉਹ ਨੀਮ ਬੇਹੋਸ਼ੀ ਵਿੱਚ ਨਿਢਾਲ ਹੋਇਆ ਪਿਆ ਰਿਹਾ। ਸਵਾਰੀਆਂ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਈਆਂ ਅਤੇ ਤਾਅਨੇ-ਮਿਹਣੇ ਮਾਰਨ ਲੱਗ ਪਈਆਂ। ਇੱਕ ਬਜ਼ੁਰਗ ਔਰਤ ਨੇ ਤਰਸ ਕਰਕੇ ਆਪਣੇ ਝੋਲੇ ਵਿੱਚੋਂ ਕੋਈ ਕੱਪੜਾ ਕੱਢ ਕੇ ਝਪਟਮਾਰ ਮੁੰਡੇ ਦੇ ਸਿਰ ‘ਤੇ ਬੰਨ੍ਹ ਦਿੱਤਾ। ਇੰਨੇ ਚਿਰ ਨੂੰ ਦੋ ਪੁਲੀਸ ਵਾਲੇ ਆ ਗਏ। ਉਨ੍ਹਾਂ ਨੇ ਸਵਾਰੀਆਂ ਨੂੰ ਪਿੱਛੇ ਹਟਾਇਆ ਤੇ ਝਪਟਮਾਰ ਨੂੰ ਗਾਲ੍ਹਾਂ ਕੱਢਦੇ ਹੋਏ ਉਠਾਉਣ ਲੱਗੇ। ਉਨ੍ਹਾਂ ਨੇ ਜਦੋਂ ਮੇਰੇ ਬਿਆਨ ਲੈਣ ਲਈ ਉਸ ਨੂੰ ਮੇਰੇ ਸਾਹਮਣੇ ਕੀਤਾ ਤਾਂ ਉਹਨੂੰ ਵੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਮੈਂ ਬੇਸੁੱਧ ਹੋਈ ਪਾਗਲਾਂ ਵਾਂਗ ਉਸ ਨੂੰ ਬਿੱਟਰ-ਬਿੱਟਰ ਵੇਖੀ ਜਾ ਰਹੀ ਸੀ। ਓੜਕ ਬੜੀ ਮੁਸ਼ਕਿਲ ਨਾਲ ਬੋਲੀ, ”ਤੂੰ! …ਗੁਰਜੀਤ… ਹੀ ਏਂ ਨਾ? …ਗੁਰਜੀਤ ਗਣਿਤ ਸਿੰਘ…!” ਉਹਨੇ ਸ਼ਾਇਦ ਮੈਨੂੰ ਪਹਿਲਾਂ ਹੀ ਪਛਾਣ ਲਿਆ ਸੀ। ਇਸ ਲਈ ਉਹ ਮੇਰੇ ਨਾਲ ਅੱਖਾਂ ਨਹੀਂ ਮਿਲਾ ਰਿਹਾ ਸੀ। ਮੈਂ ਅੱਗੇ ਵਧ ਕੇ ਉਸ ਨੂੰ ਗੌਰ ਨਾਲ ਵੇਖਿਆ। ਜਦੋਂ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਉਹ ਗੁਰਜੀਤ ਹੀ ਹੈ ਤਾਂ ਮੈਂ ਪੁਲੀਸ ਪਾਰਟੀ ਨੂੰ ਕਿਹਾ ਕਿ ਮੈਂ ਕੋਈ ਸ਼ਿਕਾਇਤ ਨਹੀਂ ਕਰਨੀ ਤੇ ਕਿਰਪਾ ਕਰਕੇ ਇਸ ਨੂੰ ਛੱਡ ਦਿਓ। ਪੁਲੀਸ ਵਾਲੇ ਕਦੇ ਮੇਰੇ ਮੂੰਹ ਵੱਲ ਤੇ ਕਦੇ ਉਸ ਦੇ ਮੂੰਹ ਵੱਲ ਵੇਖਦੇ ਮਸ਼ਕਰੀ ਹਾਸਾ ਹੱਸਦੇ ਹੋਏ ਚਲੇ ਗਏ ਤੇ ਭੀੜ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੀ ਖਿੰਡ-ਪੁੰਡ ਗਈ। ਗੁਰਜੀਤ ਸੱਟ ਅਤੇ ਨਮੋਸ਼ੀ ਦੀ ਪੀੜ ਸਹਾਰਦਾ ਹੋਇਆ ਗੁੰਮ ਸੁੰਮ ਖਲੋਤਾ ਰਿਹਾ। ਮੈਂ ਉਸ ਨੂੰ ਸਾਹਮਣੇ ਕਲੀਨਿਕ ਤੋਂ ਪੱਟੀ ਕਰਵਾਈ ਤੇ ਉਸ ਨੂੰ ਜ਼ਿੰਦਗੀ ਦੇ ਅਜਿਹੇ ਮੋੜ ‘ਤੇ ਪਹੁੰਚਣ ਦਾ ਕਾਰਨ ਪੁਛਿਆ ਤਾਂ ਉਹ ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਬੋਲਿਆ, ”ਸਿਮਰਨ! ਮੈਂ ਭਾਵੇਂ ਕਿਤਾਬੀ ਗਣਿਤ ਵਿੱਚ ਤਾਂ ਹਮੇਸ਼ਾਂ ਜਿੱਤਦਾ ਰਿਹਾ ਹਾਂ… ਹਮੇਸ਼ਾਂ ਅੱਵਲ ਆਉਂਦਾ ਰਿਹਾ ਹਾਂ… ਪਰ ਜ਼ਿੰਦਗੀ ਦੇ ਗਣਿਤ ਵਿੱਚ ਫੇਲ ਹੋ ਗਿਆ ਹਾਂ… ਹਾਰ ਗਿਆ ਹਾਂ ਜ਼ਿੰਦਗੀ ਦੀ ਅਨੋਖੀ ਖੇਡ ਅੱਗੇ। ਦਸਵੀਂ ਤੋਂ ਬਾਅਦ ਮੈਂ ਵੀ ਅੱਗੇ ਪੜ੍ਹਨਾ ਚਾਹੁੰਦਾ ਸੀ ਪਰ ਛੇ ਕਨਾਲਾਂ ਜ਼ਮੀਨ ਤੇ ਉਹ ਵੀ ਗਹਿਣੇ ਪਈ ਹੋਣ ਕਾਰਨ ਘਰ ਦਾ ਚੁੱਲ੍ਹਾ ਮਘਦਾ ਰੱਖਣਾ ਔਖਾ ਹੋ ਗਿਆ ਸੀ। ਪੜ੍ਹਾਈ ਦੇ ਸੁਪਨੇ ‘ਤੇ ਲਕੀਰ ਮਾਰ ਕੇ ਮੈਂ ਆਪਣੇ ਨਾਨਕੇ ਲੁਧਿਆਣੇ ਆ ਗਿਆ। ਸੋਚਿਆ ਸੀ ਕਿ ਕੋਈ ਕੰਮ ਕਾਰ ਸਿੱਖ ਕੇ ਘਰ ਦੇ ਹਾਲਾਤ ਠੀਕ ਕਰ ਲਵਾਂਗਾ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੈਂ ਦਿਨ ਵੇਲੇ ਸਕੂਟਰ ਮਕੈਨਿਕ ਦਾ ਕੰਮ ਸਿੱਖਦਾ ਸੀ ਤੇ ਰਾਤ ਨੂੰ ਕੁਝ ਦੇਰ ਆਟੋ ਚਲਾ ਕੇ ਕਮਾਈ ਕਰਨ ਲੱਗ ਪਿਆ। ਦੋ-ਚਾਰ ਮਹੀਨੇ ਵਧੀਆ ਲੰਘ ਗਏ। ਮੈਂ ਕੰਮ ਵੀ ਸਿੱਖ ਰਿਹਾ ਸੀ ਤੇ ਥੋੜ੍ਹੀ ਬਹੁਤ ਕਮਾਈ ਵੀ ਕਰਨ ਲੱਗ ਪਿਆ ਸੀ। ਚਾਰ ਪੈਸੇ ਘਰ ਵੀ ਭੇਜਣ ਲੱਗਾ। ਇੱਕ ਰਾਤ ਨੂੰ ਕੁਝ ਕਾਲਜੀਏਟ ਮੁੰਡੇ ਮੇਰੇ ਆਟੋ ਵਿੱਚ ਬੈਠ ਗਏ। ਕਾਫ਼ੀ ਦੇਰ ਇਧਰ-ਉਧਰ ਘੁੰਮਦੇ ਰਹੇ। ਮੇਰੇ ਹਮਉਮਰ ਹੋਣ ਕਾਰਨ ਮੇਰੇ ਨਾਲ ਬਹੁਤ ਘੁਲ-ਮਿਲ ਗਏ। ਮੇਰੇ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਉਹ ਰੋਜ਼ ਸ਼ਾਮ ਨੂੰ ਹੋਸਟਲ ‘ਚੋਂ ਘੁੰਮਣ-ਫਿਰਨ ਅਤੇ ਐਸ਼-ਪ੍ਰਸਤੀ ਕਰਨ ਨਿਕਲਦੇ ਹਨ। ਉਨ੍ਹਾਂ ਮੇਰਾ ਆਟੋ ਪੂਰੇ ਮਹੀਨੇ ਵਾਸਤੇ ਬੁੱਕ ਕਰ ਲਿਆ ਅਤੇ ਕੁਝ ਰੁਪਏ ਐਡਵਾਂਸ ਵੀ ਦੇ ਦਿੱਤੇ। ਉਹ ਰੋਜ਼ ਆਟੋ ‘ਚ ਸਵਾਰ ਹੁੰਦੇ। ਸ਼ਰਾਬ-ਸਿਗਰਟਾਂ ਪੀਂਦੇ ਤੇ ਵਾਪਸ ਹੋਸਟਲ ਚਲੇ ਜਾਂਦੇ। ਇੱਕ ਰਾਤ ਨੂੰ ਉਤਰਨ ਵੇਲੇ ਉਹ ਮੈਨੂੰ ਵੀ ਬਦੋਬਦੀ ਹੋਸਟਲ ਵਿੱਚ ਲੈ ਗਏ। ਬਹੁਤ ਵਾਰ ਨਾਂਹ-ਨੁੱਕਰ ਕਰਨ ‘ਤੇ ਵੀ ਉਨ੍ਹਾਂ ਮੈਨੂੰ ਕੋਕ ਵਿੱਚ ਸ਼ਰਾਬ ਮਿਲਾ ਕੇ ਪਿਆ ਦਿੱਤੀ। ਤੇ ਫਿਰ ਉਹ ਮੈਨੂੰ ਅਕਸਰ ਹੀ ਆਪਣੇ ਨਾਲ ਲੈ ਜਾਂਦੇ ਤੇ ਦੋ-ਚਾਰ ਪੈੱਗ ਲਵਾ ਕੇ ਹੀ ਵਾਪਸ ਆਉਣ ਦਿੰਦੇ। ਇੱਥੋਂ ਤੱਕ ਤਾਂ ਫਿਰ ਵੀ ਕੁਝ ਬਚਾਅ ਸੀ ਪਰ ਕੁਝ ਚਿਰ ਬਾਅਦ ਉਨ੍ਹਾਂ ਦੀ ਮੰਡਲੀ ਵਿੱਚ ਇੱਕ ਚਿੱਟਾ ਪੀਣ ਵਾਲਾ ਰਲ਼ ਗਿਆ। ਵੇਖਦੇ ਹੀ ਵੇਖਦੇ ਉਹ ਸਾਰੇ ਹੀ ਸ਼ਰਾਬ-ਸਿਗਰਟਾਂ ਤੋਂ ਚਿੱਟੇ ਵਾਲੇ ਰਾਹ ‘ਤੇ ਚੱਲ ਪਏ। ਮੈਂ ਐਡਵਾਂਸ ਪੈਸੇ ਲੈ ਕੇ ਉਨ੍ਹਾਂ ਨਾਲ ਬੱਝ ਗਿਆ ਸੀ। ਮੈਂ ਆਪਣੇ-ਆਪ ਨੂੰ ਚਿੱਟੇ ਤੋਂ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਨੂੰ ਸਮਝ ਹੀ ਨਾ ਲੱਗੀ ਕਿ ਮੈਂ ਕਦੋਂ ਚਿੱਟੇ ਦੀ ਗ੍ਰਿਫ਼ਤ ਵਿੱਚ ਆ ਗਿਆ। ਹੁਣ ਉਨ੍ਹਾਂ ਦੇ ਨਾਲ ਰਹਿਣਾ ਮੇਰੀ ਮਜ਼ਬੂਰੀ ਬਣ ਗਈ ਸੀ। ਆਟੋ ਦਾ ਕਿਰਾਇਆ ਨਾ ਭਰ ਸਕਣ ਕਰਕੇ ਆਟੋ ਵੀ ਹੱਥੋਂ ਖੁੱਸ ਗਿਆ। ਨਸ਼ੇ ਦੀ ਲਤ ਕਾਰਨ ਨਾਨਕਿਆਂ ਵੀ ਘਰੋਂ ਕੱਢ ਦਿੱਤਾ। ਹੋਸਟਲ ਵਾਲੇ ਮਿੱਤਰਾਂ ਨੇ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ। ਲੁਧਿਆਣੇ ਤੋਂ ਗੱਡੀ ਚੜ੍ਹ ਕੇ ਮੈਂ ਅੰਮ੍ਰਿਤਸਰ ਆ ਗਿਆ। ਪਰ ਪਿੰਡ ਜਾਣ ਲਈ ਨਾ ਤਾਂ ਕਿਰਾਇਆ-ਭਾੜਾ ਸੀ ਤੇ ਨਾ ਹੀ ਕਿਸੇ ਨੂੰ ਮੂੰਹ ਵਿਖਾਉਣ ਦੀ ਹਿੰਮਤ। ਮਨ ਮਾਰ ਕੇ ਅੰਮ੍ਰਿਤਸਰ ਵਿੱਚ ਇੱਕ ਪੁਲ ਹੇਠਾਂ ਡੇਰਾ ਲਾ ਲਿਆ। ਭੁੱਖ ਨਾਲੋਂ ਵੱਧ ਨਸ਼ਾ ਸਤਾਉਣ ਲੱਗਾ। ਕਦੇ ਗੁਰਦੁਆਰੇ ਜਾ ਕੇ ਲੰਗਰ ਛਕ ਲੈਂਦਾ ਤੇ ਕਦੇ ਦਿਹਾੜੀ ਕਰਨ ਲੱਗ ਜਾਂਦਾ। ਦਿਹਾੜੀ ਵੀ ਰੋਜ਼ ਨਹੀਂ ਲੱਗਦੀ ਸੀ। ਜੇਕਰ ਲੱਗਦੀ ਵੀ ਸੀ ਤਾਂ ਇੰਨੇ ਪੈਸਿਆਂ ਵਿੱਚ ਰੋਟੀ ਖਾਂਦਾ ਕਿ ਨਸ਼ੇ ਕਰਦਾ। ਹੁਣ ਤੱਕ ਮੇਰੇ ਅੰਦਰ ਦਾ ਇਨਸਾਨ ਪੂਰੀ ਤਰ੍ਹਾਂ ਮਰ-ਖਪ ਗਿਆ ਸੀ। ਫਿਰ ਮੈਂ ਨਸ਼ਿਆਂ ਦੀ ਪੂਰਤੀ ਲਈ ਚੋਰੀ-ਚਕਾਰੀ, ਲੁੱਟਾਂ-ਖੋਹਾਂ ਕਰਨ ਲੱਗ ਪਿਆ। ਫੜਿਆ ਜਾਂਦਾ ਤਾਂ ਕੁਝ ਚਿਰ ਸਰਕਾਰੀ ਰਾਸ਼ਨ ਖਾ ਕੇ ਫਿਰ ਉਨ੍ਹਾਂ ਕੰਮਾਂ ਵਿੱਚ ਹੀ ਰੁੱਝ ਜਾਂਦਾ। ਹੁਣ ਮੈਨੂੰ ਪੁਲੀਸ ਵਾਲਿਆਂ ਤੋਂ ਵੀ ਬਹੁਤਾ ਡਰ ਨਹੀਂ ਸੀ ਲੱਗਦਾ। ਉਹ ਮੈਨੂੰ ਕਈ ਵਾਰ ਫੜਿਆ ਜਾਣ ‘ਤੇ ਹਿੱਸਾ ਲੈ ਕੇ ਛੱਡ ਚੁੱਕੇ ਸਨ।” ਮੈਂ ਉਹਦੀ ਹੱਡ ਬੀਤੀ ਸੁਣਦੀ ਰਹੀ ਤੇ ਚੋਰੀ-ਚੋਰੀ ਅੱਖਾਂ ਪੂੰਝਦੀ ਰਹੀ। ਮੈਂ ਮਨ ਹੀ ਮਨ ਵਿੱਚ ਉਸ ਨੂੰ ਇਸ ਜਹੰਨਮ ਵਿੱਚੋਂ ਕੱਢਣ ਦੀ ਠਾਣ ਲਈ। ਜਦੋਂ ਉਹ ਬੋਲ-ਬੋਲ ਕੇ ਸ਼ਾਂਤ ਹੋ ਗਿਆ ਤਾਂ ਮੈਂ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਨਾਲ ਪਿੰਡ ਜਾਣ ਲਈ ਕਿਹਾ। ਉਹ ਕਿੰਨਾ ਹੀ ਚਿਰ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਦਾ ਰਿਹਾ। ਸ਼ਾਇਦ ਮੇਰੇ ਮਨ ਦੀਆਂ ਗੱਲਾਂ ਪੜ੍ਹਨ ਦਾ ਯਤਨ ਕਰ ਰਿਹਾ ਸੀ। ਫਿਰ ਅਚਾਨਕ ਆਪਣਾ ਹੱਥ ਛੁਡਾਉਦਿਆਂ ਕਹਿਣ ਲੱਗਾ, ”ਸਿਮਰਨ, ਤੂੰ ਅਜੇ ਵੀ ਬੜੀ ਭੋਲੀ ਏਂ… ਕਮਲੀ ਏਂ ਨਿਰੀ ਕਮਲੀ… ਮੈਨੂੰ ਸਿੱਧੇ ਰਾਹ ਪਾਉਂਦਿਆਂ ਤੂੰ ਖ਼ੁਦ ਬਰਬਾਦੀ ਦੀ ਰਾਹ ‘ਤੇ ਚਲੀ ਜਾਵੇਂਗੀ।” ਉਹ ਉੱਚੀ-ਉੱਚੀ ਰੋਂਦਾ ਹੋਇਆ ਚੀਕ-ਚੀਕ ਕੇ ਕਹਿਣ ਲੱਗਾ, ”ਮੈਂ ਹੁਣ ਪਹਿਲਾਂ ਵਾਲਾ ਗੁਰਜੀਤ ਨਹੀਂ ਹਾਂ… ਨਾ ਹੀ ਮੈਂ ਕੋਈ ਹੁਸ਼ਿਆਰ ਵਿਦਿਆਰਥੀ ਹਾਂ… ਤੇ ਨਾ ਹੀ ਗੁਰਜੀਤ ਗਣਿਤ ਸਿੰਘ ਰਿਹਾ ਹਾਂ… ਸਗੋਂ ਹੁਣ ਤਾਂ ਮੈਂ ਗੁਰਜੀਤ ਨਸ਼ਈ ਹਾਂ… ਗੁਰਜੀਤ ਚਿੱਟਾ ਹਾਂ… ਗੁਰਜੀਤ ਚੋਰ ਹਾਂ… ਗੁਰਜੀਤ ਲੁਟੇਰਾ ਹਾਂ… ਗੁਰਜੀਤ ਠੱਗ ਹਾਂ…।” ਉਹ ਬੋਲਦਾ ਹੋਇਆ ਦੌੜ ਪਿਆ ਤੇ ਪਲਾਂ ਵਿੱਚ ਹੀ ਅੱਖਾਂ ਤੋਂ ਉਹਲੇ ਹੋ ਗਿਆ।
”ਸੀਮੂ… ਸੀਮੂ…” ਮੰਮੀ ਜੀ ਨੇ ਸਾਗ ਤੇ ਮੱਕੀ ਦੀ ਰੋਟੀ ਵਾਲੀ ਪਲੇਟ ਮੇਰੇ ਕੋਲ ਰੱਖ ਕੇ ਮੈਨੂੰ ਜਗਾਉਦਿਆਂ ਆਵਾਜ਼ ਮਾਰੀ। ਉਹ ਅੱਗੇ ਕਹਿਣ ਲੱਗੇ, ”ਉੱਠ ਵੀ ਪੈ ਹੁਣ… ਰਾਤ ਨੂੰ ਨਹੀਂ ਸੌਣਾ ਫੇਰ…? ਜਦੋਂ ਦੀ ਆਈਂ ਏਂ ਉਦੋਂ ਦੀ ਹੀ ਸੁੱਤੀ ਪਈ ਏਂ… ਮੈਂ ਪਾਣੀ ਦਾ ਗਲਾਸ ਫੜ ਕੇ ਤੈਨੂੰ ‘ਵਾਜਾਂ ਮਾਰਦੀ ਰਹੀ ਤੇ ਤੂੰ ਇੱਕ ਮਿੰਟ ਵਿੱਚ ਹੀ ਸੌਂ ਵੀ ਗਈ। ਚੱਲ ਹੁਣ ਉੱਠ ਵੀ ਜਾ ਪੁੱਤ …ਰੋਟੀ ਖਾਹ।”
ਮੇਰੀ ਭੁੱਖ ਮਰ ਚੁੱਕੀ ਸੀ ਪਰ ਮੈਂ ਮੰਮੀ ਜੀ ਦਾ ਦਿਲ ਰੱਖਣ ਵਾਸਤੇ ਪਲੇਟ ਫੜ ਕੇ ਬੈਠ ਗਈ।
ਸੰਪਰਕ: 84270-07624
* * *
ਹਮਦਰਦੀ
ਮਹੇਸ਼ ਕੇਸ਼ਰੀ
ਬਾਹਰ ਦੀ ਗਰਮੀ ਅਤੇ ਤਪਸ਼ ਵੇਖ ਕੇ ਲੋਕਾਂ ਦੇ ਪਸੀਨੇ ਛੁੱਟ ਰਹੇ ਸਨ। ਪਾਰਾ ਪੰਤਾਲੀ ਡਿਗਰੀ ਤੋਂ ਪਾਰ ਹੋ ਚੁੱਕਾ ਸੀ। ਪਸ਼ੂ-ਪੰਛੀ, ਕਾਂ-ਚਿੜੀਆਂ ਸਭ ਰੱਬ ਨੂੰ ਬੇਨਤੀ ਕਰ ਰਹੇ ਸਨ ਕਿ ਛੇਤੀ ਤੋਂ ਛੇਤੀ ਮੀਂਹ ਪਵੇ ਅਤੇ ਪਾਰਾ ਕੁਝ ਹੇਠਾਂ ਆਵੇ! ਪਰ ਜੈਵਰਧਨ ਸਵੇਰ ਤੋਂ ਹੀ ਕੰਮ ਵਿੱਚ ਜੁਟਿਆ ਹੋਇਆ ਸੀ। ਰੇਤ ਨੂੰ ਬੋਰੀਆਂ ਵਿੱਚ ਭਰ ਕੇ ਦੋ ਮੰਜ਼ਿਲਾਂ ‘ਤੇ ਹੌਲੀ-ਹੌਲੀ ਚੜ੍ਹਾ ਰਿਹਾ ਸੀ। ਜੈਵਰਧਨ ਦੀ ਉਮਰ ਸੱਠਾਂ ਤੋਂ ਘੱਟ ਨਹੀਂ ਸੀ। ਇੰਨੀ ਉਮਰ ਵਾਲੇ ਲੋਕ ਤਾਂ ਸੇਵਾਮੁਕਤ ਹੋ ਕੇ ਘਰਾਂ ਵਿੱਚ ਸੁੱਖ-ਸਹੂਲਤਾਂ ਮਾਣਦੇ ਹਨ। ਜੈਵਰਧਨ ਨੂੰ ਉਹਦੇ ਬੱਚਿਆਂ ਨੇ ਘਰੋਂ ਕੱਢ ਦਿੱਤਾ ਹੈ। ਜਵਾਨੀ ਵਿੱਚ ਉਹ ਬਹੁਤ ਤਕੜਾ ਸੀ। ਪੈਸੇ ਕਮਾਉਂਦਾ ਸੀ ਤਾਂ ਮਜ਼ੇ ਨਾਲ ਖਾਂਦਾ ਵੀ ਸੀ। ਹੁਣ ਸਿਰਫ਼ ਹੱਡੀਆਂ ਦਾ ਢਾਂਚਾ ਹੀ ਰਹਿ ਗਿਆ ਹੈ। ਇਹੋ ਜਿਹੀ ਖੋਖਲੀ ਇਮਾਰਤ ਕਦੇ ਵੀ ਡਿੱਗ ਸਕਦੀ ਹੈ। ਜੁਗਲ ਠੇਕੇਦਾਰ ਰੇਤ ਦੀ ਹੌਲੀ ਢੁਆਈ ਤੋਂ ਖਿੱਝ ਗਿਆ ਸੀ। ਮਜ਼ਦੂਰਾਂ ਨੂੰ ਉਹਨੇ ਠੇਕੇ ‘ਤੇ ਲਾਇਆ ਹੋਇਆ ਸੀ। ਕੰਮ ਤਿੰਨ ਦਿਨਾਂ ਵਿੱਚ ਖ਼ਤਮ ਕਰਨਾ ਸੀ, ਪਰ ਕਿਸੇ ਤਰ੍ਹਾਂ ਉਹ ਦੋ ਦਿਨਾਂ ਵਿੱਚ ਹੀ ਮੁਕਾਉਣਾ ਚਾਹੁੰਦਾ ਸੀ ਤਾਂ ਕਿ ਕੁਝ ਵਧੇਰੇ ਪੈਸੇ ਬਚਾ ਸਕੇ।
ਜੁਗਲ ਨੇ ਜੈਵਰਧਨ ਨੂੰ ਝਿੜਕਿਆ, ”ਓਏ, ਜ਼ਰਾ ਛੇਤੀ-ਛੇਤੀ ਪੈਰ ਚਲਾ। ਇਉਂ ਪੌੜੀਆਂ ਚੜ੍ਹੇਂਗਾ ਤਾਂ ਕੰਮ ਹਫ਼ਤੇ ਵਿੱਚ ਵੀ ਨਹੀਂ ਮੁੱਕਣਾ।”
ਜੈਵਰਧਨ ਪਰਨੇ ਨਾਲ ਮੁੜ੍ਹਕਾ ਪੂੰਝਦਾ ਹੋਇਆ ਬੋਲਿਆ, ”ਜੀ ਬਾਬੂ ਜੀ, ਹੁਣੇ ਛੇਤੀ ਮੁਕਾਉਂਦਾ ਹਾਂ। ਬਸ ਖ਼ਤਮ ਕਰ ਦਿੰਦਾ ਹਾਂ।” ਸਟੇਨ ਸਾਹਿਬ ਤੋਂ ਰਿਹਾ ਨਾ ਗਿਆ। ਉਹ ਜੁਗਲ ਨੂੰ ਬੋਲੇ, ”ਓ ਬਈ, ਸਵੇਰ ਤੋਂ ਤਾਂ ਵਿਚਾਰਾ ਇੰਨੀ ਗਰਮੀ ਵਿੱਚ ਕੰਮ ਕਰ ਰਿਹਾ ਹੈ! ਘੱਟੋ-ਘੱਟ ਉਹਨੂੰ ਕੁਝ ਖਾਣ ਲਈ ਤਾਂ ਪੁੱਛ ਲੈ! ਆਖ਼ਰ ਉਹ ਵੀ ਤਾਂ ਬੰਦਾ ਹੈ! ਜੇ ਮੇਰੀ ਤੇ ਤੇਰੀ ਇੰਨੀ ਭਿਆਨਕ ਗਰਮੀ ਵਿੱਚ ਜਾਨ ਨਿਕਲ ਰਹੀ ਹੈ ਤਾਂ ਕੀ ਉਹ ਬੰਦਾ ਨਹੀਂ? ਉਹ ਬਿਨਾਂ ਕੁਝ ਖਾਧੇ-ਪੀਤੇ ਕੰਮ ਕਰੀ ਜਾ ਰਿਹਾ ਹੈ। ਜਾਹ, ਉਹਨੂੰ ਕੁਝ ਖਾਣ ਨੂੰ ਦੇ ਅਤੇ ਕੁਝ ਚਿਰ ਆਰਾਮ ਕਰਨ ਨੂੰ ਕਹਿ।”
ਜਦੋਂ ਜੁਗਲ ਨੇ ਕੁਝ ਨਾ ਕਿਹਾ ਤਾਂ ਸਟੇਨ ਸਾਹਿਬ ਨੇ ਆਪਣੇ ਵੱਲੋਂ ਜੈਵਰਧਨ ਨੂੰ ਆਵਾਜ਼ ਮਾਰ ਕੇ ਕਿਹਾ, ”ਜੈਵਰਧਨ ਓ ਬਈ ਜੈਵਰਧਨ! ਤੂੰ ਕਦੋਂ ਤਕ ਕੰਮ ਕਰੀ ਜਾਵੇਂਗਾ ਬਈ!” ਉਨ੍ਹਾਂ ਨੇ ਜੇਬ ‘ਚੋਂ ਸੌ ਰੁਪਏ ਦਾ ਨੋਟ ਕੱਢਿਆ ਅਤੇ ਸਾਹਮਣੇ ਦੇ ਹੋਟਲ ਵੱਲ ਇਸ਼ਾਰਾ ਕਰਕੇ ਬੋਲੇ, ”ਜਾਹ, ਉਸ ਹੋਟਲ ਤੋਂ ਕੁਝ ਖਾ-ਪੀ ਲੈ! ਕਿਉਂ ਐਵੇਂ ਮੁਫ਼ਤ ਵਿੱਚ ਜਾਨ ਦੇਣ ‘ਤੇ ਤੁਲਿਆ ਹੋਇਆ ਹੈਂ?”
ਸਟੇਨ ਸਾਹਿਬ ਦੀ ਕਰੋੜਾਂ ਦੀ ਕੋਠੀ ਅਤੇ ਕਈ ਸ਼ਾਪਿੰਗ ਮਾਲ ਸਨ। ਪਰ ਮੁੰਡਾ ਸੱਤ ਸਮੁੰਦਰੋਂ ਪਾਰ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਹ ਵੀ ਸੱਠ ਸਾਲ ਦੇ ਆਸ-ਪਾਸ ਸਨ। ਅਚਾਨਕ ਜੈਵਰਧਨ ਦਾ ਦੁੱਖ ਉਨ੍ਹਾਂ ਨੂੰ ਆਪਣਾ ਹੀ ਦੁੱਖ ਲੱਗਿਆ ਅਤੇ ਉਹ ਅੰਦਰ ਹੀ ਅੰਦਰ ਪੀੜ ਮਹਿਸੂਸ ਕਰਨ ਲੱਗ ਪਏ ਸਨ। ਠੇਕੇਦਾਰ ਸਾਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਉਜੱਡਾਂ ਵਾਂਗ ਆਪਣੇ ਮਾਲਕ ਸਟੇਨ ਸਾਹਿਬ ਨੂੰ ਘੂਰੀ ਜਾ ਰਿਹਾ ਸੀ।
ਸੰਪਰਕ: 90319-91875
– ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015