ਮੁਹੰਮਦ ਅੱਬਾਸ ਧਾਲੀਵਾਲ
ਯਾਦਾਂ ਦਾ ਖ਼ਜ਼ਾਨਾ
ਅਸੀਂ ਪ੍ਰਾਇਮਰੀ ਸਕੂਲ ’ਚ ਪੜ੍ਹਦੇ ਸਾਂ। ਉਨ੍ਹੀਂ ਦਿਨੀਂ ਲਿਖਣ ਲਈ ਫੱਟੀਆਂ (ਫੱਟੀ ਨੂੰ ਤਖ਼ਤੀ ਜਾਂ ਤਖ਼ਤਾ ਵੀ ਆਖਿਆ ਜਾਂਦਾ ਸੀ) ਦੀ ਵਰਤੋਂ ਹੋਇਆ ਕਰਦੀ ਸੀ ਜਦੋਂਕਿ ਗਣਿਤ ਦੇ ਸਵਾਲ ਕਰਨ ਲਈ ਸਲੇਟਾਂ ਦੀ ਵਰਤੋਂ ਹੁੰਦੀ ਸੀ। ਮੈਂ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਸ਼ਹਿਰ ਦੇ ਨਾਮਵਰ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ’ਚੋਂ ਪ੍ਰਾਪਤ ਕੀਤੀ। ਜ਼ਿਕਰਯੋਗ ਹੈ ਕਿ ਤਕਰੀਬਨ ਸੌ ਸਾਲ ਪੁਰਾਣਾ ਇਸਲਾਮੀਆ ਸਕੂਲ ਸ਼ਹਿਰ ਦੇ ਗਿਣਤੀ ਦੇ ਅਦਾਰਿਆਂ ’ਚੋਂ ਇੱਕ ਸੀ। ਇਸ ਸਕੂਲ ਦੀਆਂ ਛੇ ਬ੍ਰਾਂਚਾਂ ਸਨ ਜਿੱਥੇ ਵਿਦਿਆਰਥੀ ਪ੍ਰਾਇਮਰੀ ਤੱਕ ਦੀ ਪੜ੍ਹਾਈ ਮੁਕੰਮਲ ਕਰਦੇ ਸਨ ਤੇ ਇਸ ਉਪਰੰਤ ਛੇਵੀਂ ਜਮਾਤ ਵਿਚ ਦਾਖ਼ਲਾ ਇਸਲਾਮੀਆ ਹਾਈ ਸਕੂਲ (ਹੁਣ ਦੇ ਸੀਨੀਅਰ ਸੈਕੰਡਰੀ ਸਕੂਲ) ਵਿੱਚ ਲੈ ਲੈਂਦੇ ਸਨ। ਮੈਂ ਵੀ ਆਪਣੀ ਪੰਜਵੀਂ ਜਮਾਤ ਤੱਕ ਦੀ ਪੜ੍ਹਾਈ ਇਸਲਾਮੀਆ ਸਕੂਲ ਦੀ ਬ੍ਰਾਂਚ ਨੰਬਰ ਇਕ ਵਿਚੋਂ ਹਾਸਲ ਕੀਤੀ ਸੀ। ਉਨ੍ਹਾਂ ਸਮਿਆਂ ਵਿੱਚ ਇੱਕ ਬਰਾਂਚ ਕੇਲੋਂਗੇਟ ਜਿਸ ਨੂੰ ਸ਼ੇਰਵਾਣੀ ਗੇਟ ਵੀ ਆਖਦੇ ਹਨ, ਦੇ ਨੇੜੇ ਬੰਗਲੇ ਵਾਲੀ ਮਸੀਤ ਦੇ ਪਿੱਛੇ ਹੁੰਦੀ ਸੀ। ਵਿਦਿਆਰਥੀਆਂ ਦੇ ਬੈਠਣ ਲਈ ਪੰਜ-ਪੰਜ ਛੇ-ਛੇ ਫੁੱਟ ਦੇ ਫੱਟੇ ਹੁੰਦੇ ਸਨ ਜਿਨ੍ਹਾਂ ਨੂੰ ਸਵੇਰੇ ਜਾ ਕੇ ਵਿਦਿਆਰਥੀਆਂ ਨੇ ਆਪੇ ਕਤਾਰਾਂ ਵਿੱਚ ਵਿਛਾ ਲੈਣਾ ਅਤੇ ਸ਼ਾਮ ਨੂੰ ਛੁੱਟੀ ਵੇਲੇ ਕਮਰੇ ਦੇ ਇੱਕ ਖੂੰਜੇ ਵਿੱਚ ਇਕੱਠੇ ਕਰ ਦੇਣਾ।
ਕੱਚੀ ਪੱਕੀ ਤੋਂ ਲੈ ਕੇ ਤੀਜੀ ਤੱਕ ਅਸੀਂ ਲਿਖਣ ਦਾ ਕੰਮ ਫੱਟੀਆਂ (ਤਖ਼ਤੀਆਂ) ’ਤੇ ਹੀ ਕਰਿਆ ਕਰਦੇ ਸਾਂ। ਫੇਰ ਕਿਤੇ ਚੌਥੀ ਜਮਾਤ ’ਚ ਜਾ ਕੇ ਵੱਖ ਵੱਖ ਵਿਸ਼ਿਆਂ ਦਾ ਕੰਮ ਕਾਪੀਆਂ (ਨੋਟ ਬੁਕਸ) ’ਤੇ ਕਰਨ ਲੱਗਦੇ। ਉਨ੍ਹੀਂ ਦਿਨੀਂ ਅੰਗਰੇਜ਼ੀ ਵਿਸ਼ਾ ਛੇਵੀਂ ਤੋਂ ਸ਼ੁਰੂ ਹੋਇਆ ਕਰਦਾ ਸੀ। ਫੱਟੀ ਨੂੰ ਗਾਚੀ ਨਾਲ ਪੋਚਣਾ ਤੇ ਫਿਰ ਉਸ ਨੂੰ ਸੁਕਾਉਣ ਸਮੇਂ ਇਹ ਤੁਕਾਂ ਦੁਹਰਾਉਣੀਆਂ: ਸੂਰਜਾ ਸੂਰਜਾ ਫੱਟੀ ਸੁਕਾ ਸਾਡੀ ਕੋਠੀ ਦਾਣੇ ਪਾ। ਫੱਟੀ ’ਤੇ ਲਿਖਣ ਲਈ ਕਾਲੀ ਸਿਆਹੀ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਉਸ ਸਿਆਹੀ ਨੂੰ ਆਪੇ ਬਣਾਉਣਾ। ਉਨ੍ਹੀਂ ਦਿਨੀਂ ਸਿਆਹੀ ਬਣਾਉਣ ਲਈ ਟਿੱਕੀਆਂ ਜਾਂ ਮਿਕਸਚਰ ਆਇਆ ਕਰਦਾ ਸੀ ਜਿਸ ਨੂੰ ਦਵਾਤ ਵਿੱਚ ਪਾ ਲਿਆ ਜਾਂਦਾ ਤੇ ਲੋੜ ਅਨੁਸਾਰ ਉਸ ਵਿੱਚ ਪਾਣੀ ਦਾ ਚੁੱਲੂ ਜਾਂ ਅੱਧਾ ਚੁੱਲੂ ਪਾ ਲਿਆ ਜਾਂਦਾ।
ਉਸ ਸਮੇਂ ਬੱਚਿਆਂ ਦੇ ਸਿਲੇਬਸ ’ਚ ਵੱਖ ਵੱਖ ਭਾਸ਼ਾਵਾਂ ਸਿਖਾਉਣ ਲਈ ਕਾਇਦੇ ਆਦਿ ਲੱਗੇ ਹੁੰਦੇ ਸਨ ਜਿਨ੍ਹਾਂ ਵਿੱਚ ਕਲਮ-ਦਵਾਤ ਅਤੇ ਕਿਤਾਬ ਆਦਿ ਨਾਲ ਤਸਵੀਰਾਂ ਹੋਇਆ ਕਰਦੀਆਂ ਸਨ। ਮੇਰੇ ਯਾਦ ਹੈ ਕਿ ਉਸ ਸਮੇਂ ਬੱਚਿਆਂ ਨੂੰ ਪੰਜਾਬੀ ਜਾਂ ਉਰਦੂ ਭਾਸ਼ਾ ਸਿਖਾਉਣ ਲਈ ਜੋ ਮੁੱਢਲੇ ਕਾਇਦੇ ਹੋਇਆ ਕਰਦੇ ਸਨ ਉਨ੍ਹਾਂ ਵਿੱਚ ਅਕਸਰ ‘ਦ’ ਅੱਖਰ ਦੇ ਸਾਹਮਣੇ ਦਵਾਤ ਹੋਇਆ ਕਰਦੀ ਸੀ ਤੇ ਉਰਦੂ ਦੇ ਕਾਇਦੇ ਵਿੱਚ ‘ਕਾਫ’ ਅੱਖਰ ਦੇ ਸਾਹਮਣੇ ਕਲਮ ਹੁੰਦੀ ਤੇ ‘ਤ’ ਅੱਖਰ ਦੇ ਸਾਹਮਣੇ ਤਖ਼ਤੀ ਅਰਥਾਤ ਫੱਟੀ ਦੀ ਤਸਵੀਰ ਹੁੰਦੀ। ਹਾਂ, ਮੈਂ ਗੱਲ ਕਰ ਰਿਹਾ ਸੀ ਫੱਟੀ ਦੀ ਜੋ ਲੱਕੜ ਦੀ ਬਣੀ ਹੁੰਦੀ ਤੇ ਇਸ ਦੇ ਇੱਕ ਪਾਸੇ ਫੜ੍ਹਨ ਲਈ ਦਸਤਾ ਬਣਿਆ ਹੁੰਦਾ। ਇਸ ਉਪਰ ਲਿਖਣ ਲਈ ਜਿਸ ਕਲਮ ਦੀ ਵਰਤੋਂ ਕੀਤੀ ਜਾਂਦੀ ਉਹ ਕਲਮ ਸਰਕੜੇ ਦੀ ਬਣੀ ਹੁੰਦੀ ਜਿਸ ਨੂੰ ਇੱਕ ਪਾਸਿਓਂ ਚਾਕੂ ਨਾਲ ਘੜਿਆ ਜਾਂਦਾ ਤੇ ਤਿਰਛੀ ਜਿਹੀ ਨੋਕ ਨੁਮਾ ਪੈੱਨ ਵਰਗੀ ਨਿੱਭੀ ਬਣਾਈ ਜਾਂਦੀ। ਸਾਡੇ ਇੱਕ ਉਸਤਾਦ ਜਿਨ੍ਹਾਂ ਨੂੰ ਅਸੀਂ ਸਾਰੇ ਮੌਲਵੀ ਸਾਹਿਬ ਆਖਦੇ ਸਾਂ, ਸਾਨੂੰ ਅਰਬੀ ਪੜ੍ਹਾਇਆ ਕਰਦੇ ਸਨ ਤੇ ਉਨ੍ਹਾਂ ਪਾਸ ਚਾਕੂ ਹੁੰਦਾ। ਜੇਕਰ ਕੋਈ ਨਵੀਂ ਕਲਮ ਲੈ ਕੇ ਆਂਦਾ ਤਾਂ ਉਹ ਉਸ ਨੂੰ ਚਾਕੂ ਨਾਲ ਘੜ ਕੇ ਲਿਖਣ ਯੋਗ ਬਣਾ ਦਿਆ ਕਰਦੇ ਸਨ। ਮੈਨੂੰ ਯਾਦ ਹੈ ਕਿ ਉਰਦੂ ਦੇ ਕਾਇਦੇ ਦੇ ਵਿੱਚ ਸਾਨੂੰ ਸਬਕ ਵੀ ਹੁੰਦਾ ਸੀ: ‘‘ਅਸਲਮ ਚਾਕੂ ਲਾਇਆ, ਮੇਰੀ ਕਲਮ ਬਣਾਇਆ।’’
ਫੱਟੀ ਲਿਖਣ ਲੱਗਿਆਂ ਸਿਆਹੀ ਵਾਲੀ ਦਵਾਤ ਖੋਲ੍ਹੀ ਜਾਂਦੀ ਤੇ ਉਸ ਵਿੱਚੋਂ ਕਲਮ ਦੀ ਮਦਦ ਨਾਲ ਸਿਆਹੀ ਦਾ ਡੁੱਬਕਾ ਲਿਆ ਜਾਂਦਾ ਤੇ ਫੱਟੀ ’ਤੇ ਪੈਂਤੀ ਜਾਂ ਅਲਫ਼, ਬੇ, ਪੇ, ਜਾਂ ਫਿਰ ਗਿਣਤੀ ਤੇ ਪਹਾੜੇ ਲਿਖੇ ਜਾਂਦੇ। ਅਕਸਰ ਨਵੇਂ ਲਿਖਣ ਵਾਲੇ ਬੱਚਿਆਂ ਨੂੰ ਫੱਟੀ ਉੱਘੜ ਦੇ ਦਿੱਤੀ ਜਾਂਦੀ ਤੇ ਬੱਚਾ ਉਸੇ ਉੱਘੜੇ ਤੇ ਕਲਮ ਦੇ ਨਾਲ ਡੁੱਬਕਾ ਲਾ-ਲਾ ਲਿਖਦਾ। ਉਨ੍ਹਾਂ ਸਮਿਆਂ ਵਿੱਚ ਮਾਸੂਮ ਬੱਚਿਆਂ ਦੀਆਂ ਬੜੀਆਂ ਮਾਮੂਲੀ-ਮਾਮੂਲੀ ਸ਼ਿਕਾਇਤਾਂ ਹੁੰਦੀਆਂ ਜਿਵੇਂ ਮਾਸਟਰ ਜੀ ਇਹਨੇ ਮੇਰੀ ਸਿਆਹੀ ਡੋਲ੍ਹਤੀ, ਇਹ ਮੇਰੀ ਦਵਾਤ ’ਚੋਂ ਡੁੱਬਕੇ ਲਈ ਜਾਂਦਾ, ਇੰਨੇ ਮੇਰੀ ਫੱਟੀ ਹਿਲਾ ਕੇ ਮੇਰੇ ਅੱਖਰ ਵਿਗਾੜਤੇ ਜੀ।
ਬੱਚਿਆਂ ’ਚ ਆਪਸ ਵਿੱਚ ਜਦੋਂ ਕਦੇ ਅੱਧੀ ਛੁੱਟੀ ਜਾਂ ਪੂਰੀ ਛੁੱਟੀ ਲੜਾਈ ਹੋ ਜਾਣੀ ਤਾਂ ਫੱਟੀਆਂ ਤਲਵਾਰਾਂ ਵਾਂਗ ਚੱਲਣੀਆਂ ਤੇ ਕਈ ਵਾਰੀ ਫੱਟੀ ਦੀ ਨੁੱਕਰ ਕਿਸੇ ਬੱਚੇ ਦੇ ਸਿਰ ’ਤੇ ਵੱਜਣ ਨਾਲ ਲਹੂ ਵਗਣ ਲੱਗ ਪੈਣਾ ਤੇ ਫੇਰ ਮਾਸਟਰਾਂ ਨੇ ਨੇੜਲੇ ਕਿਸੇ ਡਾਕਟਰ ਦੇ ਪੱਟੀ ਕਰਵਾ ਕੇ ਲਿਆਉਣੀ। ਜਿਹੜੇ ਬੱਚਿਆਂ ਨੂੰ ਪੱਟੀ ਕਰਾਉਣ ਲਈ ਜ਼ਖ਼ਮੀ ਬੱਚੇ ਦੇ ਨਾਲ ਭੇਜਣਾ ਉਨ੍ਹਾਂ ਬੜੀ ਹਮਦਰਦੀ ਨਾਲ ਬੱਚੇ ਨੂੰ ਨਾਲ ਲੈ ਕੇ ਜਾਣਾ ਤੇ ਬੜੀ ਇਹਤਿਆਤ ਨਾਲ ਵਾਪਸ ਲੈ ਕੇ ਆਉਣਾ। ਫੇਰ ਮਾਸਟਰਾਂ ਨੇ ਨੇੜੇ ਚਾਹ ਦੇ ਖੋਖੇ ਤੋਂ ਕੱਚ ਦੇ ਗਿਲਾਸ ਵਿੱਚ ਪਾਇਆ ਗਰਮ-ਗਰਮ ਦੁੱਧ ਲਿਆ ਕੇ ਪਿਆਉਣਾ। ਜ਼ਖ਼ਮੀ ਬੱਚਾ ਪੂਰੀ ਕਲਾਸ ਦੇ ਬੱਚਿਆਂ ਲਈ ਇੱਕ ਤਰ੍ਹਾਂ ਨਾਲ ਹਮਦਰਦੀ ਦਾ ਪਾਤਰ ਬਣ ਜਾਂਦਾ।
ਜੇ ਕਿਸੇ ਬੱਚੇ ਨੇ ਲਗਾਤਾਰ ਸਕੂਲ ’ਚੋਂ ਗ਼ੈਰਹਾਜ਼ਰ ਰਹਿਣਾ ਤਾਂ ਮਾਸਟਰਾਂ ਨੇ ਬੱਚਿਆਂ ਦਾ ਵਫ਼ਦ ਗ਼ੈਰਹਾਜ਼ਰ ਰਹਿਣ ਵਾਲੇ ਬੱਚੇ ਦੇ ਘਰੀਂ ਭੇਜਣਾ, ਪਰ ਅਕਸਰ ਗ਼ੈਰਹਾਜ਼ਰ ਰਹਿਣ ਵਾਲੇ ਬੱਚਿਆਂ ਦੀ ਸਕੂਲਾਂ ’ਚੋਂ ਭੇਜੇ ਇਸ ਵਫ਼ਦ ਨਾਲ ਗੱਲਬਾਤ ਨਾਕਾਮ ਹੀ ਰਹਿੰਦੀ ਤੇ ਫਿਰ ਮਸਲੇ ਦਾ ਆਖ਼ਰੀ ਹੱਲ ਇਹੋ ਨਿਕਲਣਾ ਕਿ ਪੰਜ ਛੇ ਬੱਚਿਆਂ ਨੇ (ਮਾਰਸ਼ਲਾਂ ਵਾਂਗ) ਉਕਤ ਸਕੂਲ ’ਚੋਂ ਗ਼ੈਰਹਾਜ਼ਰ ਰਹਿਣ ਵਾਲੇ ਬੱਚੇ ਨੂੰ ਰੋਂਦੇ ਕੁਰਲਾਉਂਦੇ ਨੂੰ ਚੁੱਕ ਲਿਆਉਣਾ ਤੇ ਫੇਰ ਸਕੂਲ ’ਚ ਜੋ ਉਸ ਦੀ ਮਾਸਟਰਾਂ ਕੋਲੋਂ ਛਿਤਰੌਲ ਹੋਣੀ, ਪੁੱਛੋ ਨਾ…! ਇਹੋ ਜਿਹੇ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਮਾਸਟਰਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਜਾਂਦੀ ਕਿ ਇਸ ਨੂੰ ਬੰਦਾ ਬਣਾਉਣ ਲਈ ਜੋ ਹਰਬਾ ਵਰਤ ਸਕਦੇ ਹੋ ਵਰਤ ਲਵੋ। ਅੱਜ ਵਾਂਗ ਮਾਪੇ ਆਪਣੇ ਬੱਚਿਆਂ ਨੂੰ ਕੁੱਟਣ ਨੂੰ ਲੈ ਕੇ ਸ਼ਿਕਾਇਤਾਂ ਨਹੀਂ ਸਨ ਲੈ ਕੇ ਆਉਂਦੇ।
ਉਨ੍ਹਾਂ ਦਿਨਾਂ ਵਿੱਚ ਮਾਸਟਰਾਂ ਦੀਆਂ ਤਨਖ਼ਾਹਾਂ ਭਾਵੇਂ ਮਾਮੂਲੀ ਹੋਇਆ ਕਰਦੀਆਂ ਸਨ, ਪਰ ਉਹ ਪੜ੍ਹਾਉਂਦੇ ਪੂਰੀ ਮਿਹਨਤ ਨਾਲ ਸਨ। ਮੈਨੂੰ ਯਾਦ ਹੈ ਸਾਡੇ ਇੱਕ ਨਜ਼ੀਰ ਮਾਸਟਰ ਸਨ। ਉਹ ਸਾਨੂੰ ਗਣਿਤ ਬਹੁਤ ਹੀ ਸਰਲ ਤੇ ਆਸਾਨ ਢੰਗ ਨਾਲ ਕਰਾਇਆ ਕਰਦੇ ਸਨ। ਉਹ ਬਹੁਤ ਹੀ ਮਿਹਨਤ ਨਾਲ ਪੜ੍ਹਾਇਆ ਕਰਦੇ ਸਨ। ਸਾਡੀ ਉਸੇ ਬਰਾਂਚ ਵਿੱਚ ਇੱਕ ਪਤੰਗੀ ਮਾਸਟਰ ਵੀ ਪੜ੍ਹਾਇਆ ਕਰਦੇ ਸਨ ਜਿਨ੍ਹਾਂ ਦਾ ਅਸਲ ਨਾਂ ਮੁਸ਼ਤਾਕ ਸੀ। ਉਹ ਘਰ ਪਤੰਗਾਂ ਬਣਾਉਣ ਦਾ ਵੀ ਕੰਮ ਕਰਦੇ ਸਨ। ਇਸ ਲਈ ਉਨ੍ਹਾਂ ਨੂੰ ਆਮ ਤੌਰ ’ਤੇ ਲੋਕ ਪਤੰਗੀ ਮਾਸਟਰ ਹੀ ਆਖਦੇ ਸਨ। ਦਰਅਸਲ, ਉਨ੍ਹਾਂ ਸਮਿਆਂ ਵਿੱਚ ਮਾਸਟਰਾਂ ਦੀਆਂ ਤਨਖ਼ਾਹਾਂ ਨਿਗੂਣੀਆਂ ਹੋਣ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੀ ਹੁੰਦਾ ਸੀ। ਇਸ ਲਈ ਸਕੂਲ ਦੇ ਮਾਸਟਰ ਆਪਣੀ ਸਕੂਲ ਡਿਊਟੀ ਤੋਂ ਬਾਅਦ ਅਕਾਊਂਟਸ ਆਦਿ ਦਾ ਕੰਮ ਕਰਦੇ ਸਨ।
ਮੈਨੂੰ ਯਾਦ ਹੈ ਕਿ ਜਦੋਂ ਮੈਂ ਦੂਜੀ ਜਮਾਤ ਵਿੱਚ ਪੜ੍ਹਦਾ ਸਾਂ, ਮੈਂ ਆਪਣੀ ਫੱਟੀ ’ਤੇ ਪੈਂਤੀ ਲਿਖੀ। ਮੁਸ਼ਤਾਕ ਮਾਸਟਰ ਜੀਆਂ ਨੂੰ ਉਹ ਬਹੁਤ ਪਸੰਦ ਆਈ ਤੇ ਉਨ੍ਹਾਂ ਮੇਰੀ ਫੱਟੀ ਬੋਰਡ ਦੀ ਉਪਰਲੀ ਵਿੰਡਲ ’ਤੇ ਰੱਖਦਿਆਂ ਸਾਰੇ ਜਮਾਤੀਆਂ ਨੂੰ ਕਿਹਾ ਕਿ ਤੁਸੀਂ ਸਾਰੇ ਇਸ ਨੂੰ ਵੇਖ ਕੇ ਲਿਖੋ। ਉਸ ਵਕਤ ਮੈਂ ਆਪਣੇ ਆਪ ਅੰਦਰ ਜੋ ਖ਼ੁਸ਼ੀ ਤੇ ਮਾਣ ਮਹਿਸੂਸ ਕੀਤਾ ਸੀ ਉਸ ਨੂੰ ਅੱਜ ਵੀ ਸ਼ਬਦਾਂ ਵਿੱਚ ਬਿਆਨ ਕਰਨੋਂ ਕਾਸਿਰ (ਅਸਮਰੱਥ) ਹਾਂ।
ਸੰਪਰਕ: 98552-59650