ਟ੍ਰਿਬਿਊਨ ਨਿਊਜ਼ ਸਰਵਿਸ
ਜਲੰਧਰ, 10 ਦਸੰਬਰ
ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਝਾਰਖੰਡ ਵਿੱਚ ਜ਼ਬਤ ਕੀਤੇ 300 ਕਰੋੜ ਦਾ ਕੋਈ ਕੁਨੈਕਸ਼ਨ ਪੰਜਾਬ ਨਾਲ ਵੀ ਹੈੈੈੈ? ਉਨ੍ਹਾਂ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਦਿੱਲੀ ਅਤੇ ਪੰਜਾਬ ਦੇ ਕਥਿਤ ਸ਼ਰਾਬ ਘੁਟਾਲੇ ਤੋਂ ਬਾਅਦ ਝਾਰਖੰਡ ਦੇ ਸ਼ਰਾਬ ਕਾਰੋਬਾਰੀ ਤੋਂ ਫੜੇ ਗਏ ਕਾਲੇ ਧਨ ਦਾ ਪੰਜਾਬ ਨਾਲ ਕੋਈ ਸਬੰਧ ਤਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਕਾਰੋਬਾਰੀ ਸਬੰਧਾਂ ਕਾਰਨ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਰਹੇ ਮਨੀਸ਼ ਸਿਸੋਦੀਆ ਜੇਲ੍ਹ ਵਿੱਚ ਹਨ। ਇਸ ਕਰਕੇ ਏਜੰਸੀਆਂ ਪੰਜਾਬ ਦੇ ਸੰਦਰਭ ਵਿੱਚ ਸ਼ਰਾਬ ਕਾਰੋਬਾਰ ਦੇ ਦਿੱਲੀ ਸਬੰਧਾਂ ਦੀ ਜਾਂਚ ਕਰ ਰਹੀਆਂ ਹਨ। ਸ੍ਰੀ ਜਾਖੜ ਨੇ ਕਿਹਾ ਕਿ ਝਾਰਖੰਡ ਦੇ ਵੱਡੇ ਸ਼ਰਾਬ ਕਾਰੋਬਾਰੀ ਅਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਕੋਲੋਂ ਲਗਭਗ 300 ਕਰੋੜ ਦੀ ਰਕਮ ਫੜੀ ਗਈ ਹੈ। ਇਸ ਸਬੰਧੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਿਧਰੇ ਵੀ ਨਿੰਦਾ ਕਰਨ ਵਾਲਾ ਬਿਆਨ ਨਹੀਂ ਆਇਆ। ਪੰਜਾਬ ਦੇ ਲੋਕ ਕੇਜਰੀਵਾਲ ਦੇ ਦੋਹਰੇ ਮਾਪਦੰਡਾਂ ਬਾਰੇ ਜਾਣਨਾ ਚਾਹੁੰਦੇ ਹਨ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਸਾਬਕਾ ਵਿਧਾਇਕ ਸਰਬਜੀਤ ਮੱਕੜ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਤੇ ਰਾਜੇਸ਼ ਕਪੂਰ ਮੌਜੂਦ ਸਨ।