ਪ੍ਰਤਾਪਗੜ੍ਹ (ਉੱਤਰ ਪ੍ਰਦੇਸ਼), 10 ਦਸੰਬਰ
ਪ੍ਰਤਾਪਗੜ੍ਹ ਜ਼ਿਲ੍ਹੇ ਦੇ ਆਸਪੁਰ ਦੇਵਸਰਾ ਇਲਾਕੇ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਕਾਰਨ ਇਕ 16 ਸਾਲਾ ਦਲਿਤ ਲੜਕੇ ਦੀ ਮੌਤ ਹੋ ਗਈ। ਪੁਲੀਸ ਦੇ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਆਸਪੁਰ ਦੇਵਸਰਾ ਇਲਾਕੇ ਦੇ ਕੋਟੀਆ ਪੂਰਧਨੀ ਵਿੱਚ ਫੂਲਚੰਦਰ ਦੂਬੇ ਦੀ ਬੇਟੀ ਦੇ ਵਿਆਹ ਦੇ ਸਬੰਧ ਵਿੱਚ ਸ਼ੁੱਕਰਵਾਰ ਨੂੰ ਹਲਦੀ ਸਮਾਰੋਹ ਸੀ। ਇਸ ਦੌਰਾਨ ਦੂਬੇ ਦੇ ਭਤੀਜੇ ਪਿੰਟੂ ਨੇ ਖੁਸ਼ੀ ਵਿੱਚ ਆਪਣੀ ਲਾਇਸੈਂਸੀ ਪਿਸਤੌਲ ਤੋਂ ਗੋਲੀ ਚਲਾ ਦਿੱਤੀ, ਜੋ ਕਿ ਉਸ ਵੇਲੇ ਉੱਥੇ ਟੈਂਟ ਲਗਾ ਰਹੇ ਇਕ ਦਲਿਤ ਲੜਕੇ ਅਜੈ ਕੁਮਾਰ (16) ਦੇ ਲੱਗ ਗਈ। ਸੂਤਰਾਂ ਮੁਤਾਬਕ ਅਜੈ ਕੁਮਾਰ ਨੂੰ ਗੰਭੀਰ ਹਾਲਤ ਵਿੱਚ ਪ੍ਰਯਾਗਰਾਜ ਲਿਜਾਇਆ ਗਿਆ, ਜਿੱਥੇ ਬੀਤੇ ਦਿਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਅਜੈ ਕੁਮਾਰ ਦੇ ਪਿਤਾ ਸੁਰੇਸ਼ ਦੀ ਸ਼ਿਕਾਇਤ ’ਤੇ ਪਿੰਟੂ ਖ਼ਿਲਾਫ਼ ਧਾਰਾ 304 ਅਤੇ ਐੱਸਸੀ/ਐੱਸਟੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। -ਪੀਟੀਆਈ