ਨੈਸ਼ਿਵਲੇ, 10 ਦਸੰਬਰ
ਅਮਰੀਕਾ ਦੇ ਟੈਨੇਸੀ ਰਾਜ ਵਿਚ ਤੂਫਾਨ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਹੈ। ਸ਼ਨਿਚਰਵਾਰ ਨੂੰ ਇਸ ਕੁਦਰਤੀ ਆਫ਼ਤ ਕਾਰਨ ਦੋ ਦਰਜਨ ਲੋਕ ਫੱਟੜ ਵੀ ਹੋਏ ਹਨ। ਕਈ ਸ਼ਹਿਰਾਂ ਵਿਚ ਘਰਾਂ ਤੇ ਕਾਰੋਬਾਰੀ ਥਾਵਾਂ ਨੂੰ ਨੁਕਸਾਨ ਪੁੱਜਾ ਹੈ। ਨੈਸ਼ਿਵਲੇ ਨੇੜੇ ਮੌਂਟਗੋਮਰੀ ਕਾਊਂਟੀ ਵਿਚ ਇਕ ਬੱਚੇ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਕਾਊਂਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ 23 ਹੋਰਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਤੂਫਾਨ ਬਾਅਦ ਦੁਪਹਿਰ ਕਰੀਬ ਦੋ ਵਜੇ ਆਇਆ। ਸਥਾਨਕ ਪ੍ਰਸ਼ਾਸਨ ਮੁਤਾਬਕ ਇਸ ਕੁਦਰਤੀ ਆਫਤ ਕਾਰਨ ਕਾਫੀ ਨੁਕਸਾਨ ਹੋਇਆ ਹੈ। ਪੁਲੀਸ ਨੇ ਕਿਸੇ ਵੀ ਕਿਸਮ ਦੀ ਸਹਾਇਤਾ ਲਈ ਲੋਕਾਂ ਨੂੰ 911 ’ਤੇ ਫੋਨ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਸੰਭਵ ਹੋ ਸਕੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣਾ ਚਾਹੀਦਾ ਹੈ, ਤੇ ਸੜਕਾਂ ਉਤੇ ਨਹੀਂ ਨਿਕਲਣਾ ਚਾਹੀਦਾ। ਤੂਫਾਨ ਕਾਰਨ ਟੈਨੇਸੀ ਰਾਜ ਵਿਚ ਬਿਜਲੀ ਸਪਲਾਈ ਵੀ ਠੱਪ ਹੋ ਗਈ। ਮੌਸਮ ਵਿਭਾਗ ਨੇ ਰਾਜ ਵਿਚ ਹੋਰ ਤੂਫ਼ਾਨਾਂ ਦੀ ਚਿਤਾਵਨੀ ਜਾਰੀ ਕੀਤੀ ਹੈ। -ਏਪੀ