ਕੈਨਬਰਾ, 12 ਦਸੰਬਰ
ਆਸਟਰੇਲੀਆ ਦੇ ਸੈਂਕੜੇ ਕਿਸਾਨ ਹਾਈ-ਵੋਲਟੇਜ ਬਿਜਲੀ ਤਾਰਾਂ ਨੂੰ ਆਪਣੀਆਂ ਜ਼ਮੀਨਾਂ ’ਚੋਂ ਕੱਢਣ ਖ਼ਿਲਾਫ਼ ਡੱਟ ਗਏ ਹਨ। ਆਸਟਰੇਲੀਆ 2030 ਤੱਕ ਸਾਫ਼ ਸੁਥਰੀ ਊਰਜਾ ਲਈ ਤਾਰਾਂ ਕੱਢਣ ਲਈ ਜ਼ੋਰ ਲਗਾ ਰਿਹਾ ਹੈ। ਸਰਕਾਰ ਨੇ ਹਵਾ, ਸੂਰਜੀ ਅਤੇ ਪਣ-ਬਿਜਲੀ ਪ੍ਰਾਜੈਕਟਾਂ ਨੂੰ ਗਰਿੱਡ ਨਾਲ ਜੋੜਨ ਲਈ 2050 ਤੱਕ 10,000 ਕਿਲੋਮੀਟਰ ਬਿਜਲੀ ਤਾਰਾਂ ਪਾਉਣੀਆਂ ਹਨ। ਇਨ੍ਹਾਂ ਤੋਂ ਬਗ਼ੈਰ ਬਿਜਲੀ ਸਪਲਾਈ ਸੰਭਵ ਨਹੀਂ। ਸਾਫ ਸੁਥਰੀ ਊਰਜਾ ਦੇ ਹੱਕ ’ਚ ਭਾਵੇਂ ਕਿਸਾਨ ਹਨ ਪਰ ਉਹ ਨਹੀ ਚਾਹੁੰਦੇ ਕਿ ਉਨ੍ਹਾਂ ਦੀਆਂ ਜ਼ਮੀਨਾਂ ਵਿੱਚੋਂ ਤਾਰਾਂ ਲੰਘਣ। ਉਨ੍ਹਾਂ ਕਹਿਣਾ ਹੈ ਕਿ 80 ਮੀਟਰ (262 ਫੁੱਟ) ਉੱਚੇ ਟਾਵਰਾਂ ‘ਤੇ ਪਾਈਆਂ ਤਾਰਾਂ ਉਨ੍ਹਾਂ ਦੀ ਖੇਤੀ ਵਿੱਚ ਵਿਘਨ ਪਾਉਣਗੀਆਂ ਤੇ ਇਨ੍ਹਾਂ ਨਾਲ ਖੇਤਾਂ ਨੂੰ ਅੱਗ ਲੱਗ ਸਕਦੀ ਹੈ। ਕਿਸਾਨ ਕਹਿ ਰਹੇ ਹਨ ਕਿ ਤਾਰਾਂ ਨੂੰ ਜ਼ਮੀਨ ਦੇ ਹੇਠੋਂ ਕੱਢਿਆ ਜਾਵੇ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਲਾਗਤ ਵੱਧ ਜਾਵੇਗੀ।