ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਦਸੰਬਰ
ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ (ਅੰਮ੍ਰਿਤਸਰ ਇਕਾਈ) ਦੀ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਲਹਿੰਦੇ ਪੰਜਾਬ ਦੇ ਤਰੱਕੀ ਪਸੰਦ ਸ਼ਾਇਰ ਅਹਿਮਦ ਸਲੀਮ ਦੇ ਸਦੀਵੀ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅਹਿਮਦ ਸਲੀਮ ਖਵਾਜ਼ਾ ਪੰਜਾਬੀ ਦੇ ਪ੍ਰਸਿੱਧ ਸ਼ਾਇਰ, ਪੁਰਾਲੇਖ ਵਿਗਿਆਨੀ ਅਤੇ ਸਾਊਥ ਏਸ਼ੀਅਨ ਰਿਸੋਰਸ ਅਤੇ ਰਿਸਰਚ ਕੇਂਦਰ ਦੇ ਸਹਿ-ਸੰਸਥਾਪਕ ਸਨ। ਉਹ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਹਰਮਨ ਪਿਆਰੇ ਸ਼ਾਇਰ ਤੇ ਅਮਨ ਦੇ ਅਲੰਬਰਦਾਰ ਸਨ।
ਉਨ੍ਹਾਂ ਦਾ ਜਨਮ 26 ਜਨਵਰੀ 1945 ਨੂੰ ਅਣਵੰਡੇ ਪੰਜਾਬ ਵਿੱਚ ਹੋਇਆ ਸੀ। ਉਨ੍ਹਾਂ ਬੈਂਕ ਕਰਮਚਾਰੀ ਵਜੋਂ ਕੰਮ ਕੀਤਾ ਅਤੇ ਕਾਲਜ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਇਆ। ਉਹ 1969-70 ’ਚ ਨੈਸ਼ਨਲ ਅਵਾਮੀ ਪਾਰਟੀ ਦੇ ਮੈਂਬਰ ਬਣੇ। 1971 ਵਿੱਚ ਪੂਰਬੀ ਬੰਗਾਲ (ਹੁਣ ਬੰਗਲਾਦੇਸ਼) ਦੀ ਆਜ਼ਾਦੀ ਲਈ ਲੜਾਈ ਵਿੱਚ ਪਾਕਿਸਤਾਨੀ ਫੌਜ ਦੇ ਹਾਕਮਰਾਨਾ ਰਵੱਈਏ ਬਾਰੇ ਨਜ਼ਮਾਂ ਲਿਖਣ ਤੇ ਅਵਾਜ਼ ਬੁਲੰਦ ਕਰਨ ’ਤੇ ਉਨ੍ਹਾਂ ਨੂੰ ਥੋੜ੍ਹੇ ਸਮੇਂ ਦੀ ਜੇਲ੍ਹ ਵੀ ਹੋਈ। ਭਾਰਤੀ ਪੰਜਾਬ ਵਿੱਚ ਉਨ੍ਹਾਂ ਦੀ ਸ਼ਾਇਰੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ। ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਅਨੁਸਾਰ ਉਨ੍ਹਾਂ ਨੂੰ ਦੋਹਾਂ ਪੰਜਾਬਾਂ ’ਚ ਸਾਂਝ ਤੇ ਮਿੱਤਰਤਾ ਦਾ ਪੈਗਾਮ ਫੈਲਾਉਣ ਅਤੇ ਦੋਸਤੀ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
ਉਹ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਬਿਮਾਰ ਸਨ ਤੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਮੀਟਿੰਗ ਵਿੱਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਸਤੀਸ਼ ਝੀਂਗਣ, ਹਰਜੀਤ ਸਿੰਘ ਸਰਕਾਰੀਆ, ਦਿਲਬਾਗ ਸਿੰਘ ਸਰਕਾਰੀਆ, ਕਮਲ ਗਿੱਲ, ਕਰਮਜੀਤ ਕੌਰ ਜੱਸਲ, ਹਰਜਿੰਦਰ ਕੌਰ ਕੰਗ, ਜਸਵਿੰਦਰ ਕੌਰ, ਮਨਜੀਤ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਹਰੀਸ਼ ਸਾਬਰੀ, ਗੁਰਜਿੰਦਰ ਸਿੰਘ ਬਘਿਆੜੀ, ਜਗਰੂਪ ਸਿੰਘ ਐਮਾ, ਗੁਰਪ੍ਰੀਤ ਸਿੰਘ ਕਦਗਿੱਲ, ਧਰਵਿੰਦਰ ਸਿੰਘ ਔਲਖ, ਗੁਰਬਾਜ਼ ਸਿੰਘ ਛੀਨਾ ਹਾਜ਼ਰ ਸਨ।