ਗੰਗਟੋਕ, 14 ਦਸੰਬਰ
ਭਾਰਤੀ ਫੌਜ ਦੇ ਜਵਾਨਾਂ ਨੇ ਬਰਫਬਾਰੀ ਅਤੇ ਖਰਾਬ ਮੌਸਮ ਕਾਰਨ ਪੂਰਬੀ ਸਿੱਕਿਮ ਦੇ ਪਹਾੜੀ ਇਲਾਕਿਆਂ ’ਚ ਫਸੇ 1217 ਸੈਲਾਨੀਆਂ ਨੂੰ ਸੁਰੱਖਿਅਤ ਕੱਢ ਲਿਆ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਚਾਅ ਅਪਰੇਸ਼ਨ ਫੌਜ ਦੀ ਤ੍ਰੈ-ਸ਼ਕਤੀ ਕੋਰ ਨੇ ਚਲਾਇਆ ਅਤੇ ਸੈਲਾਨੀਆਂ ਨੂੰ ਸੁਰੱਖਿਅਤ ਇਲਾਕਿਆਂ ’ਚ ਲਿਜਾ ਕੇ ਡਾਕਟਰੀ ਸਹਾਇਤਾ ਤੋਂ ਇਲਾਵਾ ਖਾਣਾ ਤੇ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਗਿਆ। ਇੱਕ ਅਧਿਕਾਰੀ ਨੇ ਦੱਸਿਆ, ‘‘ਫੌਜ ਵੱਲੋਂ 13 ਦਸੰਬਰ ਤੋਂ ਸ਼ੁਰੂ ਕੀਤਾ ਬਚਾਅ ਅਤੇ ਰਾਹਤ ਅਪਰੇਸ਼ਨ 14 ਦਸੰਬਰ ਸਵੇਰ ਤੱਕ ਚੱਲਿਆ। ਪੂਰਬੀ ਸਿੱਕਿਮ ਦੇ ਮੂਹਰਲੇ ਇਲਾਕਿਆਂ ਵਿੱਚੋਂ ਕੁੱਲ 1217 ਸੈਲਾਨੀਆਂ ਨੂੰ ਬਚਾਅ ਕੇ ਫੌਜ ਦੇ ਇੱਕ ਟਿਕਾਣੇ ’ਤੇ ਪਹੁੰਚਾਇਆ ਗਿਆ।’’
ਉਨ੍ਹਾਂ ਕਿਹਾ ਕਿ ਪੂਰੇ ਬਚਾਅ ਅਪਰੇਸ਼ਨ ਦੌਰਾਨ ਸੜਕਾਂ ’ਤੇ ਮੀਂਹ ਅਤੇ ਗੜ੍ਹੇ ਪੈਣ ਦੇ ਬਾਵਜੂਦ ਫੌਜ ਨੇ ਪ੍ਰਸ਼ਾਸਨ ਨਾਲ ਮਿਲ ਕੇ ਸਾਰੇ ਸੈਲਾਨੀਆਂ ਨੂੰ ਗੰਗਟੋਕ ਵਾਪਸ ਪਹੁੰਚਾਉਣਾ ਯਕੀਨੀ ਬਣਾਇਆ। ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਨੇ ਫਸੇ ਹੋਏ ਸੈਲਾਨੀਆਂ ਨੂੰ ਠਹਿਰਾਉਣ ਲਈ ਆਪਣੀਆਂ ਬੈਰਕਾਂ ਵੀ ਖਾਲੀ ਕਰ ਦਿੱਤੀਆਂ। -ਪੀਟੀਆਈ