ਲਖਵੀਰ ਸਿੰਘ ਚੀਮਾ
ਟੱਲੇਵਾਲ, 14 ਦਸੰਬਰ
ਪਿੰਡ ਬਖਤਗੜ੍ਹ ਵਿਖੇ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਦੇ ਲੋਕਾਂ ਵੱਲੋਂ ਅੱਜ ਗੰਦੇ ਪਾਣੀ ਵਿਚ ਮੰਜਾ ਡਾਹ ਕੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਤਰਨਜੀਤ ਸਿੰਘ ਦੁੱਗਲ ਅਤੇ ਪਿੰਡ ਵਾਸੀਆਂ ਨੇ ਗਕਿਹਾ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਪਿੰਡ ਦੇ ਛੱਪੜ ਦੇ ਗੰਦੇ ਪਾਣੀ ਤੋਂ ਪਰੇਸ਼ਾਨ ਹਨ। ਕਈ ਵਾਰ ਇਸ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਪਰ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਕਾਰਨ ਕੈਂਸਰ, ਟੀਬੀ ਵਰਗੀਆਂ ਭਿਆਨਕ ਬਿਮਾਰੀਆਂ ਵੀ ਵਧ ਰਹੀਆਂ ਹਨ ਅਤੇ ਬਦਬੂ ਫ਼ੈਲ ਰਹੀ ਹੈ। ਗੰਦਾ ਪਾਣੀ ਛੱਪੜ ਤੋਂ ਓਵਰਫਲੋ ਹੋ ਕੇ ਗਲੀਆਂ ਵਿੱਚ ਖੜ੍ਹਾ ਰਹਿੰਦਾ ਹੈ ਜਿਸ ਕਰਕੇ ਪਿੰਡ ਦੇ ਲੋਕਾਂ ਦਾ ਲੰਘਣਾ ਤੱਕ ਮੁਸ਼ਕਿਲ ਹੋਇਆ ਪਿਆ ਹੈ। ਘਰਾਂ ਦੀਆਂ ਨੀਹਾਂ ਵਿੱਚ ਪਾਣੀ ਭਰਨ ਕਾਰਨ ਘਰਾਂ ਦੀਆਂ ਇਮਾਰਤਾਂ ਵਿੱਚ ਤਰੇੜਾਂ ਪੈ ਰਹੀਆਂ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਦੋ ਦਿਨਾਂ ਵਿੱਚ ਇਸ ਗੰਦੇ ਪਾਣੀ ਦਾ ਢੁਕਵਾਂ ਪ੍ਰਬੰਧ ਨਾ ਕੀਤਾ ਤਾਂ ਮਜਬੂਰੀਵੱਸ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਡੀ.ਸੀ ਦਫਤਰ ਬਰਨਾਲਾ ਵਿਖੇ ਭੁੱਖ ਹੜਤਾਲ ਵੀ ਕੀਤੀ ਜਾਵੇਗੀ ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ।