ਨਵੀਂ ਦਿੱਲੀ, 6 ਜਨਵਰੀ
ਪਿਛਲੇ ਸਾਲ ਨਵੰਬਰ ਮਹੀਨੇ ਏਅਰ ਇੰਡੀਆ ਦੀ ਉਡਾਣ ਦੌਰਾਨ ਪੁਰਸ਼ ਸਹਿ-ਯਾਤਰੀ ਵੱਲੋਂ ਉਸ ‘ਤੇ ਪਿਸ਼ਾਬ ਕਰਨ ਦੀ ਸ਼ਿਕਾਇਤ ਕਰਨ ਵਾਲੀ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ‘ਤੇ ਰਾਜ਼ੀਨਾਮੇ ਲਈ ਦਬਾਅ ਪਾਇਆ ਗਿਆ ਸੀ। ਪੀੜਤਾ ਨੇ ਕਿਹਾ ਕਿ ਉਸ ਦੇ ਨਾ ਚਾਹੁਣ ‘ਤੇ ਵੀ ਜਹਾਜ਼ ਦੇ ਅਮਲੇ ਵੱਲੋਂ ਸਬੰਧਤ ਸਹਿ-ਯਾਤਰੀ ਨੂੰ ਉਹਦੇ ਸਾਹਮਣੇ ਲਿਆਂਦਾ ਗਿਆ ਤੇ ਰਾਜ਼ੀਨਾਮੇ ਲਈ ਦਬਾਅ ਪਾਇਆ ਗਿਆ।
ਪੀੜਤਾ ਨੇ ਕਿਹਾ ਕਿ ਪਿਸ਼ਾਬ ਕਰਨ ਵਾਲੇ ਸਹਿ-ਯਾਤਰੀ ਨੇ ‘ਰੋਣਾ ਸ਼ੁਰੂ ਕਰ ਦਿੱਤਾ ਤੇ ਮੁਆਫ਼ੀ ਮੰਗਣ ਲੱਗ ਪਿਆ।” ਇਹ ਦਾਅਵਾ ਦਿੱਲੀ ਪੁਲੀਸ ਵੱਲੋਂ ਦਰਜ ਐੱਫਆਈਆਰ ‘ਚ ਪੀੜਤ ਮਹਿਲਾ ਦੀ ਸ਼ਿਕਾਇਤ ਦੇ ਹਵਾਲੇ ਨਾਲ ਕੀਤਾ ਗਿਆ ਹੈ। ਦਿੱਲੀ ਪੁਲੀਸ ਵੱਲੋਂ ਦਰਜ ਐੱਫਆਈਆਰ ਮੁਤਾਬਕ ਮੁਲਜ਼ਮ ਨੇ ਮਹਿਲਾ ਨੂੰ ਸ਼ਿਕਾਇਤ ਨਾ ਕਰਨ ਦੀ ਬੇਨਤੀ ਕਰਦਿਆਂ ਕਿਹਾ ਸੀ ਕਿ ਉਹ ਨਹੀਂ ਚਾਹੁੰਦਾ ਕਿ ਉਸ ਦੀ ਹਰਕਤ ਕਾਰਨ ਉਸ ਦੀ ਪਤਨੀ ਅਤੇ ਬੱਚਿਆਂ ‘ਤੇ ਅਸਰ ਪਵੇ। ਪੀੜਤਾ ਵੱਲੋਂ ਏਅਰ ਇੰਡੀਆ ਨੂੰ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਦਿੱਲੀ ਪੁਲੀਸ ਨੇ ਬੁੱਧਵਾਰ ਨੂੰ ਐੱਫਆਈਆਰ ਦਰਜ ਕੀਤੀ ਸੀ।
ਐੱਫਆਈਆਰ ਵਿੱਚ ਪੀੜਤਾ ਨੇ ਦੋਸ਼ ਲਾਇਆ ਕਿ ਉਸ ਦੀ ਇੱਛਾ ਖ਼ਿਲਾਫ਼ ਉਸ ਨੂੰ ਮੁਲਜ਼ਮ ਨਾਲ ਗੱਲਬਾਤ ਕਰਕੇ ਮਾਮਲਾ ਸੁਲਝਾਉਣ ਲਈ ਆਖਿਆ ਗਿਆ। ਐੱਫਆਈਆਰ ਮੁਤਾਬਕ ਲੰਘੇ ਸਾਲ 26 ਨਵੰਬਰ ਨੂੰ ਏਆਈ-102 ਜਹਾਜ਼ ਵਿੱਚ ਖਾਣ ਪਰੋਸੇ ਜਾਣ ਮਗਰੋਂ ਜਦੋਂ ਬੱਤੀਆਂ ਬੰਦ ਕੀਤੀਆਂ ਗਈਆਂ ਤਾਂ ‘ਬਿਜ਼ਨਸ ਕਲਾਸ’ ਵਿੱਚ 8ਏ ਸੀਟ ‘ਤੇ ਨਸ਼ੇ ਦੀ ਹਾਲਤ ‘ਚ ਬੈਠਾ ਪੁਰਸ਼ ਯਾਤਰੀ ਇੱਕ ਬਿਰਧ ਔਰਤ ਦੀ ਸੀਟ ਕੋਲ ਆ ਗਿਆ ਅਤੇ ਪਿਸ਼ਾਬ ਕਰ ਦਿੱਤਾ।
ਐੱਫਆਈਆਰ ਵਿੱਚ ਪੀੜਤਾ ਦੇ ਹਵਾਲੇ ਨਾਲ ਕਿਹਾ ਗਿਆ, ”ਮੈਂ ਤੁਰੰਤ ਉੱਠ ਪਈ ਅਤੇ ਅਮਲੇ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਮੇਰੇ ਕੱਪੜੇ, ਜੁੱਤੀ ਅਤੇ ਬੈਗ ਸਭ ‘ਤੇ ਪਿਸ਼ਾਬ ਸੀ। ਬੈਗ ਵਿੱਚ ਮੇਰਾ ਪਾਸਪੋਰਟ, ਸਫਰ ਸਬੰਧੀ ਦਸਤਾਵੇਜ਼ ਅਤੇ ਪੈਸੇ ਸਨ। ਅਮਲੇ ਨੇ ਸਾਮਾਨ ਨੂੰ ਹੱਥ ਲਾਉਣ ਤੋਂ ਨਾਂਹ ਕਰ ਦਿੱਤੀ। ਸਾਮਾਨ ‘ਤੇ ਕੀਟਾਣੂਨਾਸ਼ਕ ਛਿੜਕਿਆ ਅਤੇ ਬਾਥਰੂਮ ਵਿੱਚ ਲਿਜਾ ਕੇ ਮੇਰੇ ਕੱਪੜੇ ਬਦਲਵਾਏ।” ਪੀੜਤਾ ਮੁਤਾਬਕ ਉਸ ਨੇ ਸੀਟ ਬਦਲਣ ਲਈ ਕਿਹਾ ਪਰ ਚਾਲਕ ਅਮਲੇ ਨੇ ਸੀਟ ਹੋਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਜਹਾਜ਼ ‘ਚ ਇੱਕ ਯਾਤਰੀ ਨੇ ਕਿਹਾ ਕਿ ਇੱਕ ਫਸਟ ਕਲਾਸ ਸੀਟ ਖਾਲੀ ਹੈ। ਵੀਹ ਮਿੰਟ ਖੜ੍ਹੇ ਰਹਿਣ ਮਗਰੋਂ ਮਹਿਲਾ ਨੂੰ ਇੱਕ ਛੋਟੀ ਸੀਟ ਦਿੱਤੀ ਗਈ ਜਿਸ ਦੀ ਵਰਤੋਂ ਅਮਲੇ ਦੇ ਮੈਂਬਰ ਆਪਣੇ ਬੈਠਣ ਲਈ ਕਰਦੇ ਸਨ। ਐੱਫਆਈਆਰ ਵਿੱਚ ਮਹਿਲਾ ਨੇ ਕਿਹਾ ਕਿ ਜਦੋਂ ਉਸ ਨੂੰ ਆਪਣੀ ਸੀਟ ‘ਤੇ ਵਾਪਸ ਜਾਣ ਲਈ ਕਿਹਾ ਗਿਆ ਤਾਂ ਉਸ ਨੇ ਇਨਕਾਰ ਕਰ ਦਿੱਤਾ। ਬਾਅਦ ਵਿੱਚ ਸਟਾਫ ਨੇ ਮਹਿਲਾ ਨੂੰ ਦੱਸਿਆ ਕਿ ਮੁਲਜ਼ਮ ਉਸ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹੈ। ਪਰ ਜਵਾਬ ‘ਚ ਉਸ ਨੇ ਕਿਹਾ ਕਿ ਉਹ ਉਸ ਨੂੰ ਨਹੀਂ ਮਿਲਣਾ ਜਾਂ ਦੇਖਣਾ ਚਾਹੁੰਦੀ ਅਤੇ ਚਾਹੁੰਦੀ ਹੈ ਕਿ ਉਡਾਣ ਉਤਰਨ ‘ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਐੱਫਆਈਆਰ ‘ਚ ਮਹਿਲਾ ਨੇ ਕਿਹਾ, ”ਹਾਲਾਂਕਿ, ਅਮਲੇ ਨੇ ਮੇਰੀ ਇੱਛਾ ਦੇ ਉਲਟ ਮੁਲਜ਼ਮ ਨੂੰ ਮੇਰੇ ਸਾਹਮਣੇ ਲਿਆ ਕੇ ਬਿਠਾ ਦਿੱਤਾ। ਮੈਂ ਹੈਰਾਨ ਰਹਿ ਗਈ ਜਦੋਂ ਉਹ ਰੋਣ ਲੱਗ ਪਿਆ ਤੇ ਮੁਆਫ਼ੀ ਮੰਗਣੀ ਸ਼ੁਰੂ ਕਰ ਦਿੱਤੀ।”
ਮਹਿਲਾ ਨੇ ਦੋਸ਼ ਲਾਇਆ ਹੈ ਕਿ ਸਟਾਫ ਦਾ ਰਵੱਈਆ ਪੇਸ਼ੇਵਰਾਨਾ ਨਹੀਂ ਸੀ। ਪੀੜਤਾ ਨੇ ਦੱਸਿਆ ਕਿ ਉਸ ਦੇ ਜਵਾਈ ਨੇ 27 ਨਵੰਬਰ ਨੂੰ ਏਅਰ ਇੰਡੀਆ ਨੂੰ ਸ਼ਿਕਾਇਤ ਭੇਜੀ ਸੀ ਅਤੇ ਏਅਰਲਾਈਨ ਟਿਕਟ ਦੇ ਪੈਸੇ ਮੋੜਨ ਲਈ ਰਾਜ਼ੀ ਹੋ ਗਈ ਸੀ, ਹਾਲਾਂਕਿ ਪੂਰੀ ਰਾਸ਼ੀ ਨਹੀਂ ਮੋੜੀ ਗਈ। ਇਸੇ ਦੌਰਾਨ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਦਾ ਦਫ਼ਤਰ ਬੰਗਲੂਰੂੁ ਵਿੱਚ ਹੈ ਅਤੇ ਪੁਲੀਸ ਟੀਮਾਂ ਮੁੰਬਈ ਤੇ ਬੰਗਲੂਰੂ ਭੇਜੀਆਂ ਗਈਆਂ ਹਨ। ਉਸ ਖ਼ਿਲਾਫ਼ ਲੁੱਕਆਊਟ ਸਰਕੁਲਰ ਵੀ ਜਾਰੀ ਕੀਤਾ ਗਿਆ ਹੈ ਤਾਂ ਉਹ ਦੇਸ਼ ਛੱਡ ਕੇ ਨਾ ਭੱਜ ਸਕੇ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ
‘ਹੁੱਲੜਬਾਜ਼’ ਯਾਤਰੀਆਂ ਨੂੰ ਕਾਬੂ ਕਰਨ ਲਈ ਡੀਜੀਸੀਏ ਵੱਲੋਂ ਹਦਾਇਤਾਂ ਜਾਰੀ
ਨਵੀਂ ਦਿੱਲੀ: ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਮਹਿਲਾ ਸਹਿ-ਯਾਤਰੀਆਂ ਉੱਤੇ ਪਿਸ਼ਾਬ ਕੀਤੇ ਜਾਣ ਦੀਆਂ ਦੋ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਸੱਜਰੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਵਿੱਚ ਏਅਰਲਾਈਨਾਂ ਦੇ ਹੈੱਡ (ਅਪਰੇਸ਼ਨਸ) ਨੂੰ ਕਿਹਾ ਕਿ ਉਹ ਉਡਾਣ ਦੌਰਾਨ ‘ਹੁੱਲੜਬਾਜ਼ੀ’ ਕਰਦੇ ਯਾਤਰੀ ਨੂੰ ਕਾਬੂ ਕਰਨ ਲਈ ਨਿਰਧਾਰਤ ਬਦਲ ਮੁੱਕਣ ਦੀ ਸਥਿਤੀ ਵਿੱਚ ਅਜਿਹੇ ਤਰੀਕੇ/ਯੰਤਰ ਵੀ ਵਰਤ ਸਕਦੇ ਹਨ ਜਿਨ੍ਹਾਂ ਦੀ ਮਨਾਹੀ ਹੈ। ਕਾਬਿਲੇਗੌਰ ਹੈ ਕਿ ਹੁੱਲੜਬਾੜੀ ਦੀਆਂ ਇਹ ਦੋਵੇਂ ਘਟਨਾਵਾਂ ਪਿਛਲੇ ਸਾਲ ਨਵੰਬਰ ਤੇ ਦਸੰਬਰ ਮਹੀਨੇ ਵਾਪਰੀਆਂ ਸਨ, ਜਿਨ੍ਹਾਂ ਬਾਰੇ ਹੁਣ ਖੁਲਾਸਾ ਹੋਇਆ ਹੈ। -ਪੀਟੀਆਈ
ਮਹਿਲਾ ਕਮਿਸ਼ਨ ਵੱਲੋਂ ਦਿੱਲੀ ਪੁਲੀਸ ਨੂੰ ਨੋਟਿਸ; ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮੰਗੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਹਵਾਈ ਜਹਾਜ਼ਾਂ ‘ਚ ਸ਼ਰਾਬੀ ਵਿਅਕਤੀਆਂ ਵੱਲੋਂ ਮਹਿਲਾ ਸਵਾਰੀਆਂ ‘ਤੇ ਪਿਸ਼ਾਬ ਕੀਤੇ ਜਾਣ ਦੀਆਂ ਘਟਨਾਵਾਂ ਸਬੰਧੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਚੇਅਰਮੈਨ ਨੇ ਇਸ ਸਬੰਧੀ ਦਿੱਲੀ ਪੁਲੀਸ, ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਤੇ ਏਅਰ ਇੰਡੀਆ ਨੂੰ ਨੋਟਿਸ ਜਾਰੀ ਕਰਕੇ 10 ਜਨਵਰੀ ਤੱਕ ਸਬੰਧਤ ਜਾਣਕਾਰੀ ਮੰਗੀ ਹੈ। ਸਵਾਤੀ ਮਾਲੀਵਾਲ ਨੇ ਕਿਹਾ, ”ਮੁਲਜ਼ਮਾਂ ‘ਤੇ ਸਿਰਫ ਪਾਬੰਦੀ ਲਾਉਣਾ ਹੀ ਕਾਫੀ ਨਹੀਂ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।”
ਅਮਰੀਕੀ ਕੰਪਨੀ ਨੇ ਮੁਲਾਜ਼ਮ ਨੂੰ ਨੌਕਰੀ ਤੋਂ ਕੱਢਿਆ
ਨਵੀਂ ਦਿੱਲੀ: ਅਮਰੀਕਾ ਸਥਿਤ ਵਿੱਤੀ ਸੇਵਾ ਕੰਪਨੀ ਵੈਲਜ਼ ਫਾਰਗੋ ਦੇ ਅਧਿਕਾਰੀ ਨੇ ਅੱਜ ਦੱਸਿਆ ਕਿ ਉਨ੍ਹਾਂ ਦੇ ਮੁਲਾਜ਼ਮ ਸ਼ੰਕਰ ਮਿਸ਼ਰਾ ‘ਤੇ ਲੱਗੇ ਦੋਸ਼ ‘ਬਹੁਤ ਪ੍ਰੇਸ਼ਾਨ ਕਰਨ ਵਾਲੇ’ ਹਨ ਅਤੇ ਕੰਪਨੀ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਮਿਸ਼ਰਾ ਨੇ ਏਅਰ ਇੰਡੀਆ ਦੀ ਫਲਾਈਟ ‘ਚ ਇਕ ਮਹਿਲਾ ਯਾਤਰੀ ‘ਤੇ ਕਥਿਤ ਤੌਰ ‘ਤੇ ਪਿਸ਼ਾਬ ਕਰ ਦਿੱਤਾ ਸੀ। -ਪੀਟੀਆਈ