ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 15 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨ ਅੰਮ੍ਰਿਤਸਰ ਵਿੱਚ ਸਾਲ 2015-16 ਵਿੱਚ ਉਨ੍ਹਾਂ ਦੀ ਪਾਰਟੀ ਦੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਮੁਆਫੀ ਮੰਗੇ ਜਾਣ ਮਗਰੋਂ ਅਕਾਲੀ ਆਗੂਆਂ ਦੇ ਵੱਖ ਵੱਖ ਧੜਿਆਂ ਦੇ ਇਕੱਠੇ ਹੋਣ ਦੇ ਨਾਲ ਹੀ 2024 ਦੀਆਂ ਆਮ ਚੋਣਾਂ ਵਿੱਚ ਪਾਰਟੀ ਦੀ ਭਾਜਪਾ ਨਾਲ ਮੁੜ ਗੱਠਜੋੜ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸੁਖਬੀਰ ਬਾਦਲ ਨੇ ਬੇਅਦਬੀ ਦੀਆਂ ਘਟਨਾਵਾਂ ਲਈ ਮੁਆਫ਼ੀ ਮੰਗਦਿਆਂ ਅਕਾਲੀ ਆਗੂਆਂ ਨੂੰ ਪੰਥ ਦੀ ਮਜ਼ਬੂਤੀ ਲਈ ਮੁੜ ਇਕੱਠੇ ਹੋਣ ਦਾ ਸੱਦਾ ਦਿੱਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਰਾਜ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਸਮੇਤ ਕਈ ਧੜਿਆਂ ਨੇ ਮੁਆਫੀ ਮੰਗਣ ਦੀ ਸ਼ਰਤ ਰੱਖੀ ਸੀ। ਢੀਂਡਸਾ ਦੇ ਸ਼੍ਰੋਮਣੀ ਅਕਾਲੀ ਤੋਂ ਵੱਖ ਹੋਣ ਕਾਰਨ ਵੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਮੁੜ ਗੱਠਜੋੜ ’ਚ ਅੜਿੱਕਾ ਪੈ ਰਿਹਾ ਹੈ। ਢੀਂਡਸਾ ਦੇ ਭਾਜਪਾ ਨਾਲ ਨੇੜਲੇ ਸਬੰਧ ਰਹੇ ਹਨ ਤੇ ਉਹ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਦੀਆਂ ਮੀਟਿੰਗਾਂ ਵਿੱਚ ਵੀ ਸ਼ਾਮਲ ਹੁੰਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਭਾਜਪਾ ਨਾਲੋਂ ਗੱਠਜੋੜ ਤੋੜ ਲਿਆ ਸੀ। ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਦੋਵਾਂ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਸੀ ਜਿਸ ਕਾਰਨ ਵੀ ਦੋਵਾਂ ਵਿਚਾਲੇ ਮੁੜ ਗੱਠਜੋੜ ਦੀਆਂ ਸੰਭਾਵਨਾਵਾਂ ਬਣੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿੱਛੇ ਜਿਹੇ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਆ ਕੇ ਮਰਹੂਮ ਸਾਬਕਾ ਮੁੱਖ ਮਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ। ਇਸ ਵੇਲੇ ਗੱਠਜੋੜ ਵਿਚਾਲੇ ਮੁੜ ਅੜਿੱਕਾ ਸੂਬੇ ਦੀਆਂ 13 ਲੋਕ ਸਭਾ ਸੀਟਾਂ ਦੀ ਵੰਡ ਕਾਰਨ ਹੈ। ਭਾਜਪਾ ਸੰਗਰੂਰ ਲੋਕ ਸਭਾ ਸੀਟ ਢੀਂਡਸਾ ਪਰਿਵਾਰ ਨੂੰ ਦੇਣ ਸਮੇਤ ਘੱਟੋ ਘੱਟ ਛੇ ਸੀਟਾਂ ਚਾਹੁੰਦੀ ਹੈ। ਉੱਧਰ ਟਕਸਾਲੀ ਆਗੂ ਮੋਹਕਮ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਕਿਸੇ ਵੀ ਤਰ੍ਹਾਂ ਦੀ ਏਕਤਾ ਤੋਂ ਇਨਕਾਰ ਕਰ ਦਿੱਤਾ ਹੈ। ਯੂਨਾਈਟਿਡ ਅਕਾਲੀ ਦਲ ਦੇ ਮੁਖੀ ਤੇ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਨਾਲ ਭਾਈਵਾਲ ਆਗੂ ਮੋਹਕਮ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਨਾਲ ਕਦੀ ਵੀ ਹੱਥ ਨਹੀਂ ਮਿਲਾਉਣਗੇ ਜੋ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹਨ ਅਤੇ ਜਿਨ੍ਹਾਂ ਉਨ੍ਹਾਂ ਪੁਲੀਸ ਅਫਸਰਾਂ ਦੀ ਹਮਾਇਤ ਕੀਤੀ ਜਿਨ੍ਹਾਂ ਕਈ ਬੇਕਸੂਰਾਂ ਨੂੰ ਕਤਲ ਕੀਤਾ।
ਪਾਰਟੀ ਪ੍ਰਧਾਨ ਦੀ ਮੁਆਫੀ ’ਤੇ ਸਿਆਸਤ ਨਾ ਹੋਵੇ: ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਬੇਅਦਬੀ ਦੀਆਂ ਘਟਨਾਵਾਂ ਲਈ ਨਿਮਰਤਾ ਸਹਿਤ ਮੁਆਫੀ ਮੰਗ ਲਈ ਹੈ ਅਤੇ ਇਸ ਨੂੰ ਸਹੀ ਭਾਵਨਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁਆਫੀ ਦੇ ਮੁੱਦੇ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਸਾਰੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਪ੍ਰਧਾਨ ਵੱਲੋਂ ਮੰਗੀ ਗਈ ਮੁਆਫੀ ਦੀ ਹਮਾਇਤ ਕਰਨੀ ਚਾਹੀਦੀ ਹੈ।
ਸੁਖਦੇਵ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਸੁਰ ਨਰਮ
ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਰਲੇਵੇਂ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਕਿਹਾ ਕਿ ਉਹ ਇਸ ਮੁੱਦੇ ’ਤੇ ਪਾਰਟੀ ਵਰਕਰਾਂ ਨਾਲ ਚਰਚਾ ਕਰਨ ਮਗਰੋਂ ਕੋਈ ਫ਼ੈਸਲਾ ਲੈਣਗੇ। ਉਨ੍ਹਾਂ ਦੀ ਸੁਰ ਹਾਲਾਂਕਿ ਪਹਿਲਾਂ ਦੇ ਮੁਕਾਬਲੇ ਨਰਮ ਰਹੀ ਕਿਉਂਕਿ ਇਸ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਰਲੇਵੇਂ ਤੋਂ ਹਮੇਸ਼ਾ ਸਿੱਧਾ ਇਨਕਾਰ ਕਰਦੇ ਆਏ ਹਨ। ਢੀਂਡਸਾ ਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਢੀਂਡਸਾ (ਅਕਾਲੀ-ਭਾਜਪਾ ਸਰਕਾਰ ’ਚ ਸਾਬਕਾ ਵਿੱਤ ਮੰਤਰੀ) ਨੇ ਬੇਅਦਬੀ ਦੇ ਮੁੱਦਿਆਂ ’ਤੇ ਸ਼੍ਰੋਮਣੀ ਅਕਾਲੀ ਦਾਲ ਨਾਲੋਂ ਤੋੜ-ਵਿਛੋੜਾ ਕਰ ਲਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਪ੍ਰੈੱਸ ਬਿਆਨ ’ਚ ਕਿਹਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ’ਚ ਤਾਂ ਹੀ ਵਾਪਸ ਆ ਸਕਦੇ ਹਨ ਜੇਕਰ ਬਾਦਲ ਪਰਿਵਾਰ ਦੇ ਮੈਂਬਰ ਮੁੱਖ ਅਹੁਦੇ ਛੱਡ ਦੇਣ। ਹਾਲਾਂਕਿ ਕੁਝ ਦਿਨ ਪਹਿਲਾਂ ਨਵਾਂ ਬਿਆਨ ਜਾਰੀ ਕਰਕੇ ਉਨ੍ਹਾਂ ਕਿਹਾ ਸੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਧਾਰਮਿਕ ਬੇਅਦਬੀਆਂ ਲਈ ਮੁਆਫੀ ਮੰਗਣ ਤਾਂ ਉਹ ਅਕਾਲੀ ਧੜਿਆਂ ਵਿਚਾਲੇ ਇਕਜੁੱਟਤਾ ਬਾਰੇ ਚਰਚਾ ਕਰ ਸਕਦੇ ਹਨ।
ਬੀਬੀ ਜਗੀਰ ਕੌਰ ਦੇ ਧੜੇ ਨੇ ਵੀ ਵਾਪਸੀ ਦੇ ਸੰਕੇਤ ਦਿੱਤੇ
ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਈ ਇੱਕ ਹੋਰ ਮੁੱਖ ਆਗੂ ਬੀਬੀ ਜਗੀਰ ਕੌਰ ਵੀ ਪਾਰਟੀ ਨਾਲ ਸਮਝੌਤਾ ਕਰ ਸਕਦੇ ਹਨ। ਇਸ ਮਸਲੇ ’ਤੇ ਟਿੱਪਣੀ ਲਈ ਜਗੀਰ ਕੌਰ ਨਾਲ ਤਾਂ ਗੱਲ ਨਹੀਂ ਹੋ ਸਕੀ ਪਰ ਉਨ੍ਹਾਂ ਦੇ ਧੜੇ ਦੇ ਸੂਤਰਾਂ ਨੇ ਦੱਸਿਆ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਨ੍ਹਾਂ ਤੱਕ ਪਹੁੰਚ ਕਰਦੇ ਹਨ ਤੇ ਉਨ੍ਹਾਂ ਦਾ ਮਾਣ-ਸਤਿਕਾਰ ਬਹਾਲ ਕਰਦੇ ਹਨ ਤਾਂ ਉਹ ਪਾਰਟੀ ਨਾਲ ਮੁੜ ਜੁੜ ਸਕਦੇ ਹਨ।