ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 15 ਦਸੰਬਰ
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ਟਰੱਸਟ ਵੱਲੋਂ ਚਲਾਏ ਜਾ ਰਹੇ ਸੁਪਰ ਸਪੈਸ਼ਲਿਟੀ ਹਸਪਤਾਲ ਸੋਹਾਣਾ ਵਿੱਚ ਹੁਣ ਪੇਚੀਦਾ ਸਰਜਰੀਆਂ ਚੌਥੀ ਜਨਰੇਸ਼ਨ ਦੀ ਅਤਿ-ਆਧੁਨਿਕ ਰੋਬੋਟਿਕ ਸਰਜੀਕਲ ਰਾਹੀਂ ਸਟੀਕ ਤਕਨੀਕ ਨਾਲ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਭਾਈ ਦਵਿੰਦਰ ਸਿੰਘ ਖਾਲਸਾ ਨੇ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਰੋਬੋਟਿਕਸ ਤਕਨੀਕ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਹਸਪਤਾਲ ਕੰਪਲੈਕਸ ਵਿੱਚ ਸਮਾਗਮ ਕਰਕੇ ਵਾਹਿਗੁਰੂ ਦਾ ਓਟ ਆਸਰਾ ਲਿਆ ਗਿਆ। ਟਰੱਸਟ ਦੇ ਸਕੱਤਰ ਗੁਰਮੀਤ ਸਿੰਘ ਨੇ ਇਸ ਆਧੁਨਿਕ ਤਕਨੀਕ ਦੇ ਸ਼ੁਰੂ ਹੋਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਸੋਹਾਣਾ ਹਸਪਤਾਲ ਨੇ ਮੈਡੀਕਲ ਦੀ ਦੁਨੀਆ ਵਿੱਚ ਇਕ ਹੋਰ ਅਹਿਮ ਪੁਲਾਂਘ ਪੁੱਟੀ ਹੈ।