ਨਵੀਂ ਦਿੱਲੀ: ਕਾਂਗਰਸ ਨੇ ਅਗਾਮੀ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸੋਮਵਾਰ ਨੂੰ ਆਨਲਾਈਨ ਚੰਦਾ ਇਕੱਠਾ ਕਰਨ ਲਈ ‘ਡੋਨੇਟ ਫਾਰ ਦੇਸ਼’ ਨਾਂ ਦੀ ਮੁਹਿੰਮ ਸ਼ੁਰੂ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਥੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਖੜਗੇ ਨੇ ਕਿਹਾ ਕਿ ‘ਦੇਸ਼ ਲਈ ਦਾਨ’ ਮੁਹਿੰਮ ਰਾਹੀਂ ਕਾਂਗਰਸ ਆਮ ਲੋਕਾਂ ਦੀ ਮਦਦ ਲਈ ਦੇਸ਼ ਨੂੰ ਅੱਗੇ ਲਿਜਾਣ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਹਮੇਸ਼ਾ ਹੀ ਆਮ ਲੋਕਾਂ ਦੀ ਮਦਦ ਮਿਲਦੀ ਰਹੀ ਹੈ। ਮਹਾਤਮਾ ਗਾਂਧੀ ਨੇ ਦੇਸ਼ਵਾਸੀਆਂ ਦੀ ਮਦਦ ਲੈ ਕੇ ਦੇਸ਼ ਨੂੰ ਆਜ਼ਾਦੀ ਦਿਵਾਈ। ਇਹ ਪ੍ਰੋਗਰਾਮ ਪੂਰੇ ਦੇਸ਼ ’ਚ ਇਕ ਮੁਹਿੰਮ ਬਣ ਰਿਹਾ ਹੈ। ਲੋਕ ਅੱਗੇ ਆ ਕੇ ਦਾਨ ਕਰ ਰਹੇ ਹਨ। ਖੜਗੇ ਨੇ ਕਿਹਾ, ‘‘ਜੇ ਸਿਰਫ਼ ਅਮੀਰਾਂ ’ਤੇ ਭਰੋਸਾ ਕਰਕੇ ਕੰਮ ਕਰਾਂਗੇ ਤਾਂ ਅੱਗੇ ਉਨ੍ਹਾਂ ਦੇ ਪ੍ਰੋਗਰਾਮ ਅਤੇ ਨੀਤੀਆਂ ਨੂੰ ਮੰਨਣਾ ਪੈਂਦਾ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਇਕਲੌਤੀ ਪਾਰਟੀ ਹੈ ਜੋ ਗਰੀਬਾਂ ਨਾਲ ਹੈ। ਦੇਸ਼ ਦੀ ਮੁੱਖ ਵਿਰੋਧੀ ਪਾਰਟੀ 28 ਦਸੰਬਰ ਨੂੰ ਆਪਣੇ 138ਵੇਂ ਸਥਾਪਨਾ ਦਿਵਸ ਤੋਂ ਪਹਿਲਾਂ ਇਸ ਮੁਹਿੰਮ ਰਾਹੀਂ ਲੋਕਾਂ ਤੋਂ 138 ਰੁਪਏ, 1380 ਰੁਪਏ, 13800 ਰੁਪਏ ਜਾਂ ਫਿਰ ਇਸ ਤੋਂ ਦਸ ਗੁਣਾ ਵਧ ਰਾਸ਼ੀ ਚੰਦੇ ਦੇ ਰੂਪ ’ਚ ਦੇਣ ਦੀ ਅਪੀਲ ਕਰਦੀ ਹੈ। ਖੜਗੇ ਨੇ ਆਪਣੀ ਤਨਖ਼ਾਹ ’ਚੋਂ ਮੁਹਿੰਮ ਲਈ 1,38,000 ਰੁਪਏ ਦਾਨ ਦਿੱਤੇ। -ਪੀਟੀਆਈ