ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 18 ਦਸੰਬਰ
ਕੂੜਾ ਪ੍ਰਬੰਧਨ ਸਬੰਧੀ ਸਸਟੇਨੇਬਿਲਿਟੀ ਲੀਡਰਜ਼ ਪ੍ਰੋਗਰਾਮ ਵਿੱਚ ਹਿੱਸਾ ਲੈਣ ਅਤੇ ਵਧੀਆ ਕਾਰਗੁਜ਼ਾਰੀ ਵਾਲੇ ਸਕੂਲਾਂ ਨੂੰ ਅੱਜ ਮੁਹਾਲੀ ਵਿੱਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਹੋਣਹਾਰ ਵਿਦਿਆਰਥਣ ਸੁਹਾਨੀ ਸ਼ਰਮਾ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸਕੂਲਾਂ ਦੇ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਘਰਾਂ ਅਤੇ ਸਕੂਲਾਂ ਤੋਂ ਪੈਦਾ ਹੋਣ ਵਾਲੇ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਇਸ ਪ੍ਰੋਗਰਾਮ ਦਾ ਸੰਕਲਪ ਲਿਆਂਦਾ ਗਿਆ। ਡੀਸੀ ਆਸ਼ਿਕਾ ਜੈਨ ਨੇ ਖ਼ੁਦ ਬੀਤੀ 21 ਅਗਸਤ ਨੂੰ ਕੂੜਾ ਪ੍ਰਬੰਧਨ ਵਿੱਚ 8 ਹਫ਼ਤੇ ਦੇ ਵਿਦਿਆਰਥੀ ਇੰਟਰਨਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖ਼ਿਜ਼ਰਾਬਾਦ ਤੇ ਹੁਸ਼ਿਆਰਪੁਰ ਅਤੇ ਸਰਕਾਰੀ ਮਾਡਲ ਸਕੂਲ ਫੇਜ਼-3ਬੀ1 ਨੂੰ (ਸ਼ਾਮ ਦਾ ਸੈਸ਼ਨ) ਨੂੰ ਕ੍ਰਮਵਾਰ ਗੋਲਡਨ, ਸਿਲਵਰ ਅਤੇ ਕਾਂਸੀ ਦਾ ਤਗਮਾ ਦੇ ਕੇ ਸਨਮਾਨਿਤ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰੜੀ, ਸਰਕਾਰੀ ਹਾਈ ਸਕੂਲ ਮੌਲੀ ਬੈਦਵਾਨ, ਮਟੌਰ, ਮੁੰਧੋ ਸੰਗਤੀਆਂ ਅਤੇ ਬੂਥਗੜ੍ਹ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਨੂੰ ਕ੍ਰਮਵਾਰ ਲਿਖਣ, ਰਚਨਾਤਮਿਕਤਾ, ਸੰਚਾਰ, ਕਮਿਊਨਿਟੀ ਆਊਟਰੀਚ, ਇਨੋਵੇਸ਼ਨ ਅਤੇ ਪਹਿਲਕਦਮੀਆਂ ਵਿੱਚ ਹੁਨਰ ਲਈ ਛੇ ਹੋਰ ਸਰਵੋਤਮ ਸਥਿਰਤਾ ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਮੌਕੇ ਏਡੀਸੀ (ਪੇਂਡੂ ਵਿਕਾਸ) ਸੋਨਮ ਚੌਧਰੀ, ਸੰਯੁਕਤ ਕਮਿਸ਼ਨਰ ਕਿਰਨ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਮੌਜੂਦ ਸਨ।