ਮੁੰਬਈ: ਬੌਲੀਵੁਡ ਅਦਾਕਾਰਾ ਕਾਜੋਲ ਅਤੇ ਕ੍ਰਿਤੀ ਸੈਨਨ ਦੀ ਆਉਣ ਵਾਲੀ ਫਿਲਮ ‘ਦੋ ਪੱਤੀ’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਇਹ ਜਾਣਕਾਰੀ ਕ੍ਰਿਤੀ ਸੈਨਨ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਉਸ ਨੇ ਫਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਸ ਫਿਲਮ ਦਾ ਨਿਰਦੇਸ਼ਨ ਸ਼ਸ਼ਾਂਕ ਚਤੁਰਵੇਦੀ ਨੇ ਕੀਤਾ ਹੈ ਤੇ ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਉਤਰੀ ਭਾਰਤ ਦੇ ਪਹਾੜੀ ਖੇਤਰਾਂ ਵਿਚ ਕੀਤੀ ਗਈ ਹੈ। ਇਹ ਫਿਲਮ ਲੇਖਕ ਕਨਿਕਾ ਢਿੱਲੋਂ ਅਤੇ ਅਦਾਕਾਰਾ ਕ੍ਰਿਤੀ ਸੈਨਨ ਲਈ ਨਿਰਮਾਤਾ ਵਜੋਂ ਪਹਿਲਾ ਪ੍ਰਾਜੈਕਟ ਹੈ। ਦੂਜੇ ਪਾਸੇ ਨਿਰਮਾਤਾਵਾਂ ਨੇ ਇਸ ਫਿਲਮ ਦੇ ਰਿਲੀਜ਼ ਹੋਣ ਦੀ ਮਿਤੀ ਦਾ ਐਲਾਨ ਨਹੀਂ ਕੀਤਾ। ਕ੍ਰਿਤੀ ਅਤੇ ਕਾਜੋਲ ‘ਦਿਲਵਾਲੇ’ ਤੋਂ ਬਾਅਦ ਇਸ ਫਿਲਮ ਵਿਚ ਇਕੱਠੀਆਂ ਨਜ਼ਰ ਆਉਣਗੀਆਂ। ਇਸ ਫਿਲਮ ਦਾ ਨਿਰਮਾਣ ਕ੍ਰਿਤੀ ਦੇ ਆਪਣੇ ਪ੍ਰੋਡਕਸ਼ਨ ਹਾਊਸ ਬਲਿਊ ਬਟਰਫਲਾਈ ਨੇ ਕੀਤਾ ਹੈ। ਕ੍ਰਿਤੀ ਨੇ ਇੰਸਟਾਗਰਾਮ ’ਤੇ ਪੋਸਟ ਪਾਉਂਦਿਆਂ ਆਖਿਆ,‘ਹਰ ਫਿਲਮ ਵਿਚ ਮੇਰੇ ਦਿਲ ਦਾ ਟੁਕੜਾ ਹੁੰਦਾ ਹੈ ਤੇ ਕਿਸੇ ਵਿਚ ਮੇਰੀ ਆਤਮਾ ਵੀ ਹੁੰਦੀ ਹੈ ਪਰ ‘ਦੋ ਪੱਤੀ’ ਵਿਚ ਮੇਰਾ ਦਿਲ, ਆਤਮਾ, ਦਿਮਾਗ, ਪਿਆਰ, ਖੁਸ਼ੀ ਤੇ ਬਹੁਤ ਕੁਝ ਹੈ। ਇਸ ਫਿਲਮ ਦੀ ਸ਼ੂਟਿੰਗ ਨਾਲ ਮੇਰੀਆਂ ਕਈ ਯਾਦਾਂ ਜੁੜੀਆਂ ਰਹਿਣਗੀਆਂ ਤੇ ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਫਿਲਮ ਲਈ ਮੈਨੂੰ ਸਹਿਯੋਗ ਦਿੱਤਾ।’ -ਏਐੱਨਆਈ