ਗ. ਸ. ਨਕਸ਼ਦੀਪ
ਪੰਜਾਬੀਆਂ ਤੋਂ ਪੰਜਾਬ ਨੂੰ, ਹੌਲੀ ਹੌਲੀ ਖੋਹਿਆ ਜਾ ਰਿਹੈ|
ਇੰਝ ਹੀ ਇਹਦੇ ਇਤਿਹਾਸ ਨੂੰ, ਰੋਜ਼ ਧੋਇਆ ਜਾ ਰਿਹੈ|
ਵੇਖੋ ਕਿਵੇਂ ਸ਼ਰ੍ਹੇਆਮ ਇਸ ਸੱਚ ਨੂੰ, ਲਕੋਇਆ ਜਾ ਰਿਹੈ!
ਹਿੰਮਤ ਪੰਜਾਬੀਆਂ ਦੀ ਨੂੰ ਬੜਾ, ਹੁਣ ਟੋਹਿਆ ਜਾ ਰਿਹੈ!
ਨਾਲ ਮੋਤੀਆਂ ਦੇ ਨਾਲ ਪੱਥਰਾਂ ਨੂੰ, ਪਰੋਇਆ ਜਾ ਰਿਹੈ|
ਕਿਉਂ ਪਰਦੇਸਾਂ ਦੇ ਹੇਜ ਨੂੰ ਹੀ, ਬਸ ਰੋਇਆ ਜਾ ਰਿਹੈ?
ਸੁਣਿਐ ਦੁੱਧ ਲਈ ਝੋਟਿਆਂ ਨੂੰ, ਹੁਣ ਚੋਇਆ ਜਾ ਰਿਹੈ|
ਬੜਾ ਦੁੱਖ ਹੁੰਦਾ ਜਾਣ ਕੇ ਕਿ, ਪੰਜਾਬ ਮੋਇਆ ਜਾ ਰਿਹੈ|
ਆਪਣਾ ਹੀ ਆਪਣਿਆਂ ਰਾਹੀਂ, ਕਿਉਂ ਕੋਹਿਆ ਜਾ ਰਿਹੈ|
ਨਕਸ਼ਦੀਪ ਜਾਗਦਾ ਪੰਜਾਬ, ਕਿਉਂ ਸੋਇਆ ਜਾ ਰਿਹੈ?
ਭਰੋਸਾ
ਜ਼ਹਿਰ ਸੱਜਣਾ ਮਿੱਠੇ ਬੋਲਾਂ ਦੀ,
ਮੇਰੇ ਭੋਲੇ ਦਿਲ ਨੂੰ ਮਾਰ ਗਈ!
ਬੇਕਿਰਕ ਬੇਵਫ਼ਾਈ ਇੰਝ ਤੇਰੀ,
ਮੇਰੇ ਆਰ ਗਈ ਤੇ ਪਾਰ ਗਈ|
ਭਰੋਸਾ ਦੱਸ ਕਿਸੇ ’ਤੇ ਕਰੀਏ,
ਹੁਣ ਸਭ ਮਖੌਟੇ ਪਾਈਂ ਫਿਰਦੇ ਨੇ,
ਪਹਿਰਾਵੇ ਰਹਿ ਗਏ ਵਿਖਾਵੇ ਦੇ,
ਨਾ ਲੋਭ ਗਿਆ ਨਾ ਖਾਰ ਗਈ|
ਮੈਂ ਬਾਂਸ ਵਾਂਗਰ ਮੁਚ ਕੇ ਵੀ,
ਬੜਾ ਬਣਾਇਆ ਲੋਕਾਂ ਨੂੰ ਆਪਣੇ,
ਗੂੜ੍ਹੇ ਰੰਗ ਮਤਲਬਪ੍ਰਸਤੀ ਦੇ,
ਮੇਰੀ ਮਿਹਨਤ ਸਭ ਬੇਕਾਰ ਗਈ|
ਕੋਈ ਦਿਲ ਦਾ ਜਾਨੀ ਹੁਣ ਮੈਂ ਲੱਭਾਂ,
ਕੋਲ ਬਹਿ ਮੈਂ ਹਾਲ ਸੁਣਾ ਦੇਵਾਂ,
ਗਿਲਾ ਕੀ ਕਰਾਂ ਇਸ ਹਨੇਰੇ ’ਤੇ,
ਮੈਨੂੰ ਤਪਦੀ ਧੁੱਪ ਵੀ ਠਾਰ ਗਈ|
ਘਾਟ ਘਾਟ ਦਾ ਪਾਣੀ ਪੀਕੇ,
ਦਿਲ ਮੇਰਾ ਜ਼ਰਾ ਵੀ ਥੱਕਿਆ ਨਈਂ ਏਂ,
ਉੱਚੀ ਕੰਧ ਪਿੱਛੇ ਤੇਰਾ ਟਿਕਾਣਾ,
ਨਾ ਸਮਝੀਂ ਹਿੰਮਤ ਮੇਰੀ ਹਾਰ ਗਈ|
ਨਕਸ਼ਦੀਪ ਸੰਨਿਆਸੀ ਹੋ ਨਹੀਂ ਹੁੰਦਾ,
ਤੇ ਮਾਇਆ ਦਾ ਵੀ ਜ਼ੋਰ ਬੜਾ,
ਭਲੇ ਕਰੇਂਦੇ ਲੋਕਾਂ ਦੀ ਵੀ ਕਿਸ਼ਤੀ,
ਨਹੀਂ ਮਾਇਆ ਨਦੀ ਤੋਂ ਪਾਰ ਗਈ|
ਗ਼ਜ਼ਲ
ਜਸਵੰਤ ਗਿੱਲ ਸਮਾਲਸਰ
ਪੱਥਰ ਪੂਜਣ, ਰੱਬ ਮਨਾਉਣ।
ਬੰਦੇ ਤਾਈਂ ਵਹਿਮ ਡਰਾਉਣ।
ਬੰਦੇ ਤਾਈਂ ਵਹਿਮ ਡਰਾਉਣ।
ਮਿੱਟੀ ਦੀ ਦੇਵੀ ਨੂੰ ਧਿਆਉਣ।
ਮਿੱਟੀ ਦੀ ਦੇਵੀ ਨੂੰ ਧਿਆਉਣ।
ਕੁੜੀਆਂ ਕੁੱਖ ’ਚ, ਕਤਲ ਕਰਾਉਣ।
ਕੁੜੀਆਂ ਕੁੱਖ ’ਚ ਕਤਲ ਕਰਾਉਣ।
ਮੁੰਡੇ ਕਿਸ ਨਾ ਦੱਸ ਵਿਆਹੁਣ।
ਮੁੰਡੇ ਕਿਸ ਨਾ ਦੱਸ ਵਿਆਹੁਣ।
ਮਾਪੇ ਨੂੰਹਾਂ ਕਿੱਥੋਂ ਲਿਆਉਣ।
ਮਾਪੇ ਨੂੰਹਾਂ ਕਿੱਥੋਂ ਲਿਆਉਣ।
ਦੋਹਤੇ ਪੋਤੇ ਨਾ ਹੁਣ ਥਿਆਉਣ।
ਦੋਹਤੇ ਪੋਤੇ ਨਾ ਹੁਣ ਥਿਆਉਣ।
ਮੁੰਡੇ ਨਸ਼ੇੜੀ ਨ ਮਰਦ ਕਹਾਉਣ।
ਮੁੰਡੇ ਨਸ਼ੇੜੀ ਨ ਮਰਦ ਕਹਾਉਣ।
ਸੱਸਾਂ ਚੌਕੀ ਸਾਧ ਭਰਾਉਣ।
ਸੱਸਾਂ ਚੌਕੀ ਸਾਧ ਭਰਾਉਣ।
ਸਾਧ ਪਖੰਡੀ ਪੁੱਤ ਵਰਤਾਉਣ।
ਸਾਧ ਪਖੰਡੀ ਪੁੱਤ ਵਰਤਾਉਣ।
ਧੀਆਂ ਨੂੰ ਉਹ ਕਿਉਂ ਨਾ ਚਾਹੁਣ।
ਧੀਆਂ ਨੂੰ ਉਹ ਕਿਉਂ ਨਾ ਚਾਹੁਣ।
ਦੋਸ਼ੀ ਨੂੰ ਨੱਥ ਗਿੱਲ ਨਾ ਪਾਉਣ।
ਦੋਸ਼ੀ ਨੂੰ ਨੱਥ ਗਿੱਲ ਨਾ ਪਾਉਣ।
ਸੱਚ ਦੇ ਸੋਹਲੇ ਫਿਰਦੇ ਗਾਉਣ।
ਸੱਚ ਦੇ ਸੋਹਲੇ ਫਿਰਦੇ ਗਾਉਣ।
ਆਪਣੀ ਡੱਫਲੀ, ਆਪ ਵਜਾਉਣ।
ਆਪਣੀ ਡੱਫਲੀ, ਆਪ ਵਜਾਉਣ।
ਪੱਥਰ ਪੂਜਣ, ਰੱਬ ਮਨਾਉਣ।
ਸੰਪਰਕ: 97804-51878
ਕੁਦਰਤ
ਨਵਜੋਤ ਸਿੰਘ ਮੱਤਾ
ਮੁੱਢ ਕਦੀਮੀ ਜ਼ੋਰ ਲਗਾਵੇ
ਵੱਖਰੇ ਢੰਗ ਤਰੀਕੇ ਅਜ਼ਮਾਵੇ
ਕਾਬੂ ਮੇਰੇ ’ਤੇ ਪਾਉਣਾ ਚਾਹਵੇ
ਸਮੇਂ ਸਮੇਂ ਦਾ ਵਿਗਿਆਨ
ਦਿਲ ਕਰਦਾ ਅੱਜ ਖੋਲ੍ਹ ਸੁਣਾਵਾਂ
ਜੋ, ਮੇਰੇ ਦੁੱਖਾਂ ਤੋਂ ਅਣਜਾਣ
ਕੁਦਰਤ ਦਰਦ ਕਰੇ ਬਿਆਨ
ਮਨੁੱਖਤਾ ਤੂੰ ਫਰਜ਼ ਪਛਾਣ।
ਕੁਦਰਤ ਦਿੱਤੇ ਮੌਸਮ ਚਾਰ
ਪਤਝੜ, ਗਰਮੀ, ਸਰਦੀ, ਬਸੰਤ ਬਹਾਰ
ਇੱਕ ਰੁੱਖ ਸੌ ਸੁੱਖ ਦਾ ਹੋਕਾ ਲਾਵੇ
ਫੇਰ ਰੁੱਖਾਂ ਨੂੰ ਕਿਉਂ ਵੱਢਦਾ ਜਾਵੇ
ਗਰਮੀ ਵਧਣ ਦਾ ਮਿਹਣਾ ਸੁਣਾਵੇ
ਵੇਖ ਮੱਚਦੇ ਵਣ, ਕਿਉਂ ਤਰਸ ਨਾ ਆਵੇ
ਤੂੰ ਰੁੱਖ ਲਗਾ, ਜੰਗਲ ਵਧਾ
ਕਰ ਮਨੁੱਖਤਾ ’ਤੇ ਅਹਿਸਾਨ
ਕੁਦਰਤ ਦਰਦ ਕਰੇ ਬਿਆਨ
ਮਨੁੱਖਤਾ ਤੂੰ ਫਰਜ਼ ਪਛਾਣ।
ਡੂੰਘਾ ਬੋਰ ਤੇ ਲਾਉਣਾ ਝੋਨਾ ਤੇਰੀ ਮਜਬੂਰੀ
ਹਕੂਮਤ ਭਰੇ ਹਾਮੀ ਤੇਰੇ ਵੱਲ ਦੀ
ਗੱਲ ਕਰ ਸ਼ੁਰੂ, ਛੱਡ ਜਾਵੇ ਅਧੂਰੀ
ਜੇ ਸਰਕਾਰ ਹੱਥ ਪੱਲਾ ਫੜਾਵੇ
ਫੇਰ ਕਿਉਂ ਕਿਰਸਾਣ ਫਾਹਾ ਲਾਵੇ
ਧਰਤੀ ਹੇਠਲਾ ਪਾਣੀ ਮੁੱਕਦਾ ਜਾਵੇ
ਕੁਦਰਤ ਤੇ ਅੰਨਦਾਤਾ ਦੋਵੇਂ ਵਿੱਚ ਨੁਕਸਾਨ
ਕੁਦਰਤ ਦਰਦ ਕਰੇ ਬਿਆਨ
ਮਨੁੱਖਤਾ ਤੂੰ ਫਰਜ਼ ਪਛਾਣ।
ਨਾ ਦਿਸਣ ਹੁਣ ਚਿੜੀਆਂ ਤੇ ਗਟਾਰਾਂ
ਹਵਾ ਹੋਈ ਐਸੀ ਗੰਧਲੀ
ਲੱਗਣੋਂ ਹਟੀਆਂ ਪੰਛੀਆਂ ਦੀਆਂ ਡਾਰਾਂ
ਜੇ ਨਾ ਰਹੀ ਹਵਾ, ਤੂੰ ਵੀ ਨਾ ਰਹਿਣਾ
ਆਉਂਦੀ ਪੀੜ੍ਹੀ ਨੂੰ ਜਵਾਬ ਦੇਣਾ ਪੈਣਾ
ਚੰਦ ਸਿੱਕਿਆਂ ਖ਼ਾਤਰ ਨਾ ਧੂੰਆਂ ਉਡਾ
ਵਕਤ ਸਾਂਭ ਤੇ ਹਵਾ ਬਚਾ
ਸ਼ੁੱਧ ਹਵਾ ਜੱਗ ਲਈ ਵਰਦਾਨ
ਕੁਦਰਤ ਦਰਦ ਕਰੇ ਬਿਆਨ
ਮਨੁੱਖਤਾ ਤੂੰ ਫਰਜ਼ ਪਛਾਣ।
ਚੱਲ ਉੱਠ ਆਪਾਂ ਜ਼ੋਰ ਲਾਈਏ
ਘਟ ਰਹੇ ਪਾਣੀ ਨੂੰ ਸਾਂਭ
ਹਵਾ ਨੂੰ ਸ਼ੁੱਧ ਕਰ ਵਿਖਾਈਏ
ਗੁਰੂਆਂ ਪੀਰਾਂ ਦੀ ਇਹ ਧਰਤੀ
ਮੁੜ ਇਸ ਨੂੰ ਸਵਰਗ ਬਣਾਈਏ
ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ
ਗੁਰਬਾਣੀ ਦਾ ਫੁਰਮਾਨ
ਕੁਦਰਤ ਦਰਦ ਕਰੇ ਬਿਆਨ
ਮੱਤੇ ਵਾਲਿਆਂ ਤੂੰ ਫਰਜ਼ ਪਛਾਣ।
ਕਲਮ
ਮੈਂ ਕਲਮ, ਹਾਂ ਆਜ਼ਾਦ
ਲਿਖਾ ਖੁੱਲ੍ਹ ਕੇ, ਹਾਂ ਆਬਾਦ
ਵਿੱਚ ਕੈਦ, ਹਾਂ ਬਰਬਾਦ
ਨਾ ਵੇਚ ਮੈਨੂੰ, ਮੇਰੇ ਸਿਰ ਦੇ ਸਾਈਂ
ਮੈਂ ਕਲਮ, ਕਰਾਂ ਫਰਿਆਦ
ਮੈਂ ਕਲਮ, ਹਾਂ ਆਜ਼ਾਦ
ਮੈਂ ਕੌਣ, ਕੀ ਹੋਂਦ, ਮੈਂ ਕਿੱਥੋਂ ਆਈ
ਮੈਂ ਕਲਮ, ਲਿਖਣਾ ਵਜੂਦ ਮੇਰਾ
ਮੈਂ ਓਹ, ਜਿਸ ਨੂੰ ਫੜ ਵਿੱਚ ਹੱਥ
ਮਹਾਂਪੁਰਖਾਂ ਰੱਬ ਦੀ ਉਸਤਤ ਲਿਖਵਾਈ
ਕਾਇਨਾਤ ਜਿਸ ਪੁਕਾਰੇ ਇਲਾਹੀ ਆਵਾਜ਼
ਮੈਂ ਕਲਮ, ਹਾਂ ਆਜ਼ਾਦ
ਤੂੰ ਲਿਖ ਐਸਾ, ਜੋ ਲੋਕ ਹਿਤ ਹੋਵੇ
ਲਿਖਤ ਤੇਰੀ, ਜੱਗ ਲਈ ਸੇਧ ਹੋਵੇ
ਮੰਨਿਆ ਝੂਠ ਮਿੱਠਾ
ਸੱਚ ਦੀ ਤਾਸੀਰ ਕੌੜੀ
ਸੱਚ ਜੁਗਾਂ ਤੱਕ ਅਟੱਲ
ਝੂਠ ਜੀਵੇ ਉਮਰ ਥੋੜ੍ਹੀ
ਲਿਖ ਐਸਾ, ਜੋ ਦੁਨੀਆ ਰੱਖੇ ਯਾਦ
ਮੈਂ ਕਲਮ, ਹਾਂ ਆਜ਼ਾਦ
ਤੂੰ ਲਿਖ ਟੱਪੇ ਘੋੜੀਆਂ
ਜੋ ਮਾਂ ਬੋਲੀ ਦੇ ਬਣੇ ਸ਼ਿੰਗਾਰ
ਤੂੰ ਲਿਖ, ਗ਼ਜ਼ਲਾਂ ਤੇ ਕਵਿਤਾਵਾਂ
ਜੋ ਦਰਸਾਵੇ ਸਾਡਾ ਸੱਭਿਆਚਾਰ
ਸਾਰਾ ਦੁਨੀਆ ਨੂੰ ਹੋਵੇ ਗਿਆਨ
ਕੀ ਹੈ ਮੇਰਾ ਸੋਹਣਾ ਪੰਜਾਬ
ਮੈਂ ਕਲਮ, ਹਾਂ ਆਜ਼ਾਦ
ਤੂੰ ਲਿਖੀ ਜਾ, ਨਾ ਘਬਰਾ, ਹੋ ਬੇਪਰਵਾਹ
ਸੱਚ ਦੇ ਮੁੱਢੋਂ, ਹੋਣ ਔਖੇ ਰਾਹ
ਸੱਚ ਅੱਜ ਜਕੜਿਆ ਵਿੱਚ ਜ਼ੰਜੀਰਾਂ
ਹੋਇਆ ਨਫ਼ਰ, ਨਾ ਚੱਲੇ ਕੋਈ ਵਾਹ
ਮੱਤੇ ਵਾਲਿਆ ਰੱਖ ਹੌਸਲਾ ਕਰ ਨਿਆਜ਼
ਮੈਂ ਹਾਂ ਕਲਮ ਆਜ਼ਾਦ।
ਸੰਪਰਕ: +17805662812
ਗ਼ਜ਼ਲ
ਇਕਵਿੰਦਰ ਸਿੰਘ
ਆ ਮਿਲ ਬੈਠੋ ਯਾਰ ਕਿ ਸ਼ਾਮਾਂ ਪੈ ਗਈਆਂ।
ਛੇੜੋ ਦਿਲ ਦੇ ਤਾਰ ਕਿ ਸ਼ਾਮਾਂ ਪੈ ਗਈਆਂ।
ਮਰਿਆ ਨਹੀਂ ਸ਼ਿਕਾਰ ਸ਼ਾਮਾਂ ਪੈ ਗਈਆਂ।
ਖੰਘ ਰਿਹਾ ਜਗਤਾਰ ਕਿ ਸ਼ਾਮਾਂ ਪੈ ਗਈਆਂ।
ਆ ਮਿਲ ਬੈਠੋ ਯਾਰ ਕਿ ਸ਼ਾਮਾਂ ਪੈ ਗਈਆਂ।
ਲਾਹੀਏ ਦਿਲ ਤੋਂ ਭਾਰ ਕਿ ਸ਼ਾਮਾਂ ਪੈ ਗਈਆਂ।
ਭੇਜੋ ਬਰਖ਼ੁਰਦਾਰ ਕਿ ਸ਼ਾਮਾਂ ਪੈ ਗਈਆਂ।
ਪੁਰ ਹੀਰਾਂ ਬਾਜ਼ਾਰ ਕਿ ਸ਼ਾਮਾਂ ਪੈ ਗਈਆਂ।
ਚੇਤੇ ਆਉਂਦੇ ਜਾਂਦੇ ਨੇ ਜਨਮੀਤ ਸਿਹਾਂ,
ਜੋਸ਼ ਅਤੇ ਦੀਦਾਰ ਕਿ ਸ਼ਾਮਾਂ ਪੈ ਗਈਆਂ।
ਪੁੱਛਦੇ ਤਾਬਿਆਦਾਰ ਕਿ ਸ਼ਾਮਾਂ ਪੈ ਗਈਆਂ।
ਕਦ ਸੱਜਣਾ ਦਰਬਾਰ ਕਿ ਸ਼ਾਮਾਂ ਪੈ ਗਈਆਂ?
ਕਿੰਨਿਆਂ ਹੀ ਮਜ਼ਦੂਰਾਂ ਦੇ ਮੂੰਹ ਲਟਕ ਗਏ
ਮਿਲਿਆ ਨਈਂ ਰੁਜ਼ਗਾਰ ਕਿ ਸ਼ਾਮਾਂ ਪੈ ਗਈਆਂ।
ਖ਼ਬਰੇ ਕਿਹੜੇ ਦੇਸ਼ ਨੂੰ ਤੁਰ ਪਈ ‘ਇਕਵਿੰਦਰ’?
ਇਹ ਕੂੰਜਾਂ ਦੀ ਡਾਰ ਕਿ ਸ਼ਾਮਾਂ ਪੈ ਗਈਆਂ।
ਦਿਨ-ਦੀਵੀਂ ਕੋਈ ਬਖ਼ਸ਼ਦਾ ਨਈਓਂ ‘ਇਕਵਿੰਦਰ’,
ਨੇੜੇ ਰੱਖ ਹਥਿਆਰ ਕਿ ਸ਼ਾਮਾਂ ਪੈ ਗਈਆਂ।
ਸੰਪਰਕ: +1 530 315 9207
ਪਿਆਸ
ਦਲਜਿੰਦਰ ਰਹਿਲ
ਯੁੱਗਾਂ ਯੁੱਗਾਂ ਤੋਂ ਬੁਝੀ ਅਜੇ ਨਾ ਦਰਿਆਵਾਂ ਦੀ ਪਿਆਸ
ਤਾਹੀਓਂ ਪੈਰੀਂ ਸਫ਼ਰ ਅਸਾਂ ਦੇ, ਲੇਖਾਂ ਵਿੱਚ ਪਰਵਾਸ।
ਬੇਸ਼ੱਕ ਦਰਿਆ ਮੁੱਕ ਜਾਂਦੇ ਨੇ , ਸਾਗਰ ਦੇ ਵਿੱਚ ਜਾ ਕੇ
ਪਰਤਣਗੇ ਫਿਰ ਸਾਵਣ ਬਣ ਕੇ, ਧਰਤ ਨੂੰ ਰਹਿੰਦੀ ਆਸ।
ਇੱਕੋ ਛੱਤ ਦੇ ਥੱਲੇ ਰਹਿ ਕੇ, ਧਰਤ ਅਕਾਸ਼ ਦੀ ਦੂਰੀ
ਦਿਲ ਨਾਲ ਜੇਕਰ ਦਿਲ ਨਹੀਂ ਮਿਲਦੇ, ਕਦ ਹੁੰਦੇ ਨੇ ਪਾਸ।
ਜੀਅ ਕੇ ਮਰਨਾ, ਮਰ ਕੇ ਜੀਣਾ, ਜੀਣਾ ਅਸਲ ਹੈ ਯਾਰੋ
ਢੋਂਦਾ ਰਹਿੰਦੈ ਉਂਝ ਹਰ ਕੋਈ ਆਪੋ ਆਪਣੀ ਲਾਸ਼।
ਡਰ ਹੈ ਕਿਧਰੇ ਖੋ ਨਾ ਜਾਏ, ਸਾਥੋਂ ੳ ਅ
ਸ਼ਬਦ ਗੁਰੂ ਹੈ ਰਾਖਾ ਇਸ ਦਾ, ਇਹ ਵੀ ਹੈ ਵਿਸ਼ਵਾਸ।
ਸੰਪਰਕ: 00393272244388