ਨਵੀਂ ਦਿੱਲੀ, 20 ਦਸੰਬਰ
ਭਾਰਤ ਦੇ ਤਿੰਨ ਸੂਬਿਆਂ ’ਚ ਹੁਣ ਤਕ ਕੋਵਿਡ-19 ਦੇ ਸਬ-ਵੇਰੀਐਂਟ ਜੇਐਨ.1 ਦੇ 21 ਮਾਮਲੇ ਸਾਹਮਣੇ ਆਏ ਹਨ। ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀਕੇ ਪੌਲ ਨੇ ਬੁੱਧਵਾਰ ਨੂੰ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵਿਗਿਆਨੀ ਕੋਵਿਡ ਦੇ ਨਵੇਂ ਰੂਪ ਦੀ ਨੇੜਿਓਂ ਜਾਂਚ ਕਰ ਰਹੇ ਹਨ। ਉਨ੍ਹਾਂ ਰਾਜਾਂ ਨੂੰ ਟੈਸਟਿੰਗ ਵਧਾਉਣ ਅਤੇ ਆਪਣੀਆਂ ਨਿਗਰਾਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਪੌਲ ਨੇ ਖੁਲਾਸਾ ਕੀਤਾ ਕਿ ਜਿਨ੍ਹਾਂ ਨੂੰ ਕਰੋਨਾ ਦੀ ਲਾਗ ਲੱਗੀ ਹੈ ਉਨ੍ਹਾਂ ’ਚੋਂ ਲਗਪਗ 91 ਤੋਂ 92 ਫੀਸਦੀ ਲੋਕ ਘਰ ’ਚ ਹੀ ਇਲਾਜ ਦੀ ਚੋਣ ਕਰ ਰਹੇ ਹਨ। ਅਧਿਕਾਰਤ ਸੂਤਰਾਂ ਅਨੁਸਾਰ ਗੋਆ ਵਿੱਚ ਕੋਵਿਡ-19 ਸਬ-ਵੇਰੀਐਂਟ ਜੇਐਨ1 ਦੇ 19 ਮਾਮਲੇ ਅਤੇ ਕੇਰਲ ਅਤੇ ਮਹਾਰਾਸ਼ਟਰ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ। ਇਸੇ ਦੌਰਾਨ ਪਿਛਲੇ ਦੋ ਹਫ਼ਤਿਆਂ ਵਿੱਚ ਕੋਵਿਡ-19 ਨਾਲ ਸਬੰਧਤ 16 ਮੌਤਾਂ ਹੋਈਆਂ ਹਨ। ਇਹ ਮਰੀਜ਼ ਕਰੋਨਾ ਦੇ ਨਾਲ ਨਾਲ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ। ਕੇਂਦਰ ਨੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਦੇਸ਼ ਵਿੱਚ ਕੋਵਿਡ-19 ਮਾਮਲਿਆਂ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਅਤੇ ਨਵੇਂ ਜੇਐਨ.1 ਰੂਪਾਂ ਦੀ ਖੋਜ ਵਿਚ ਲਗਾਤਾਰ ਚੌਕਸੀ ਰੱਖਣ ਲਈ ਕਿਹਾ ਹੈ। ਇਸੇ ਦੌਰਾਨ ਦੇਸ਼ ’ਚ ਕਰੋਨਾ ਵਾਇਰਸ ਦੇ ਮਾਮਲੇ ਵਧਣ ’ਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਦੇਸ਼ ਭਰ ਵਿੱਚ ਸਿਹਤ ਸਹੂਲਤਾਂ ਦੀ ਤਿਆਰੀ ਦਾ ਜਾਇਜ਼ਾ ਲਿਆ ਅਤੇ ਕਰੋਨਾਵਾਇਰਸ ਕਾਰਨ ਉੱਭਰ ਰਹੇ ਤਣਾਅ ਵਿਰੁੱਧ ਚੌਕਸ ਰਹਿਣ ‘ਤੇ ਜ਼ੋਰ ਦਿੱਤਾ। ਕੇਂਦਰੀ ਸਿਹਤ ਸਕੱਤਰ ਸੁਧਾਂਸ਼ ਪੰਤ ਨੇ ਕਿਹਾ ਕਿ ਭਾਵੇਂ ਕੇਸ ਵੱਧ ਰਹੇ ਹਨ ਪਰ 92.8 ਫੀਸਦੀ ਕੇਸਾਂ ਵਿੱਚ ਲੋਕ ਘਰਾਂ ਵਿੱਚ ਏਕਾਂਤਵਾਸ ਹਨ ਜਿਸ ਕਰਕੇ ਇਸ ਨੂੰ ਗੰਭੀਰ ਸ਼੍ਰੇਣੀ ਵਿੱਚ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕੇਰਲ, ਮਹਾਰਾਸ਼ਟਰ, ਝਾਰਖੰਡ ਅਤੇ ਕਰਨਾਟਕ ਵਰਗੇ ਕੁਝ ਰਾਜਾਂ ਵਿੱਚ ਕਰੋਨਾ ਦੀ ਰੋਜ਼ਾਨਾ ਦੀ ਦਰ ਵਿੱਚ ਵਾਧਾ ਦੇਖਿਆ ਗਿਆ ਹੈ। -ਪੀਟੀਆਈ
ਡਬਲਿਊਐਚਓ ਵੱਲੋਂ ਕੋਵਿਡ ਜੇਐਨ.1 ਵੇਰੀਐਂਟ ‘ਵੇਰੀਐਂਟ ਆਫ਼ ਇੰਟਰਸਟ’ ਕਰਾਰ
ਜਨੇਵਾ: ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊਐਚਓ) ਨੇ ਕੋਵਿਡ-19 ਦੇ ਜੇਐਨ. 1 ਵੇਰੀਐਂਟ ਨੂੰ ‘ਵੇਰੀਐਂਟ ਆਫ਼ ਇੰਟਰਸਟ’ ਕਰਾਰ ਦਿੱਤਾ। ਡਬਲਿਊਐਚਓ ਨੇ ਕਿਹਾ ਕਿ ਇਸ ਦਾ ਸੰਸਾਰ ਪੱਧਰ ’ਤੇ ਮਨੁੱਖੀ ਸਿਹਤ ’ਤੇ ਜ਼ਿਆਦਾ ਖਤਰਾ ਨਹੀਂ ਹੈ। ਡਬਲਿਊਐਚਓ ਨੇ ਮੰਗਲਵਾਰ ਨੂੰ ਕਿਹਾ ਕਿ 2020 ਦੇ ਅਖੀਰ ’ਚ ਵਿਸ਼ਵ ਪੱਧਰ ’ਤੇ ਸਿਹਤ ਲਈ ਜੋਖ਼ਮ ਪੈਦਾ ਕਰਨ ਵਾਲੇ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਤੋਂ ਡਬਲਿਊਐਚਓ ਨੇ ਹਲਕੇ ਵੈਰੀਐਂਟ ਨੂੰ ‘ਵੈਰੀਐਂਟ ਆਫ਼ ਇੰਟਰਸਟ’ ਅਤੇ ਗੰਭੀਰ ਵੇਰੀਐਂਟ ਨੂੰ ’ਵੇਰੀਐਂਟ ਆਫ਼ ਕਨਸਰਨ’ ਦੇ ਰੂਪ ’ਚ ਵੰਡਣਾ ਸ਼ੁਰੂ ਕੀਤਾ ਹੈ। ਹਾਲ ਹੀ ’ਚ ‘ਜੇਐਨ.1’ ਵੇਰੀਐਂਟ ਦੇ ਮਾਮਲੇ ਕਈ ਦੇਸ਼ਾਂ ’ਚ ਸਾਹਮਣੇ ਆਏ ਹਨ ਅਤੇ ਦੁਨੀਆ ’ਚ ਇਸ ਵੇਰੀਐਂਟ ਦੇ ਮਾਮਲੇ ਵਧਦੇ ਜਾ ਰਹੇ ਹਨ। ਭਾਰਤ ’ਚ ਇਸ ਵੇਰੀਐਂਟ ਦਾ ਮਾਮਲਾ ਸਾਹਮਣਾ ਆਇਆ ਹੈ। ਡਬਲਿਊਐਚਓ ਅਨੁਸਾਰ ਇਹ ਹੁਣ ‘ਗਲੋਬਲ ਇਨੀਸ਼ੀਏਟਿਵ ਆਨ ਸ਼ੇਅਰਿੰਗ ਆਲ ਇਨਫਲੂਏਂਜਾ ਡੇਟਾ’ (ਜੀਆਈਐਸਏਆਈਡੀ) ਨਾਲ ਜੁੜੇ ਬੀਏ.2.86 ਸਬਲੀਨੀਏਜ ਨਾਲ ਸਬੰਧਤ ਹੈ। ਇਸ ਨੇ ਐਕਸ ’ਤੇ ਇਕ ਪੋਸਟ ’ਚ ਕਿਹਾ, ‘‘ਤੇਜ਼ੀ ਨਾਲ ਇਸ ਦੇ ਮਾਮਲੇ ਵਧਣ ਕਾਰਨ ਡਬਲਿਊਐਚਓ ‘ਜੇਐਨ.1’ ਨੂੰ ਮੂਲ ਵੰਸ਼ ਬੀਏ 2.86 ਤੋਂ ਵੱਖਰਾ ‘ਵੇਰੀਐਂ.ਟ ਆਫ਼ ਇੰਟਰਸਟ’ ਦੇ ਤੌਰ ’ਤੇ ਵਰਗੀਕਰਨ ਕਰ ਰਿਹਾ ਹੈ।’’ ਭਾਰਤ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ‘ਜੇਐਨ.1’ ਦੇ ਮਾਮਲੇ ਅਮਰੀਕਾ, ਚੀਨ, ਸਿੰਗਾਪੁਰ ਅਤੇ ਭਾਰਤ ’ਚ ਪਾਏ ਗਏ ਹਨ। ਚੀਨ ’ਚ ਇਸ ਵੇਰੀਐਂਟ ਦੇ ਸੱਤ ਮਾਮਲੇ ਸਾਹਮਣੇ ਆਏ ਹਨ।