ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 20 ਦਸੰਬਰ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੁਹਾਲੀ ਵਿੱਚ ਚਲਾਏ ਜਾ ਰਹੇ ਡਾ. ਅੰਬੇਡਕਰ ਇੰਸਟੀਚਿਊਟ ਆਫ ਕਰੀਅਰਜ਼ ਐਂਡ ਕੋਰਸਿਜ਼ ਵਿੱਚ ਐਸਸੀ/ ਬੀਸੀ ਅਤੇ ਘੱਟ ਗਿਣਤੀਆਂ ਨਾਲ ਸਬੰਧਤ ਮੈਡੀਕਲ ਅਤੇ ਇੰਜਨੀਅਰਿੰਗ ਕੋਰਸਾਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਲਈ ਮੁਫ਼ਤ ਕੋਚਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰ ਅੰਬੇਡਕਰ ਇੰਸਟੀਚਿਊਟ ਰਾਹੀਂ ਕੋਚਿੰਗ ਲੈਣ ਦੇ ਚਾਹਵਾਨ ਲੋੜਵੰਦ ਵਿਦਿਆਰਥੀਆਂ/ ਉਮੀਦਵਾਰਾਂ ਦੀ ਮਦਦ ਕਰਨ ਲਈ ਵਚਨਬੱਧ ਹੈ।
ਇੰਸਟੀਚਿਊਟ ਇਸ ਵੇਲੇ ਆਈਏਐਸ/ ਪੀਸੀਐਸ/ ਸਿਵਲ ਸੇਵਾਵਾਂ ਦੇ ਚਾਹਵਾਨਾਂ ਨੂੰ ਕੋਚਿੰਗ ਦੇਣ ਤੋਂ ਇਲਾਵਾ ਗਰੈਜੂਏਟਾਂ ਲਈ ਸਟੈਨੋਗ੍ਰਾਫ਼ੀ ਵਿੱਚ ਇੱਕ ਸਾਲ ਦਾ ਕੋਰਸ ਚਲਾ ਰਿਹਾ ਹੈ। ਅੱਜ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਲ ਕਰਨ ਵਾਲੇ ਲਗਪਗ 45 ਸਿਖਿਆਰਥੀਆਂ ਨੂੰ ਟਰਾਫ਼ੀ ਅਤੇ ਸ਼ਾਲ ਦੇ ਕੇ ਸਨਮਾਨਿਆ।
ਮੰਤਰੀ ਨੇ ਇੱਥੇ ਕੋਚਿੰਗ ਪ੍ਰਾਪਤ ਕਰਨ ਵਾਲੇ ਆਈਏਐੱਸ/ ਪੀਸੀਐੱਸ/ ਸਿਵਲ ਸੇਵਾਵਾਂ ਦੇ ਚਾਹਵਾਨਾਂ ਦੀ ਮੌਜੂਦਾ ਵਜ਼ੀਫ਼ਾ ਰਾਸ਼ੀ 3000 ਤੋਂ ਵਧਾ ਕੇ 10000 ਕਰਨ ਜਦੋਂਕਿ ਸਟੈਨੋਗ੍ਰਾਫ਼ੀ ਦੇ ਸਿੱਖਿਆਰਥੀਆਂ ਲਈ 1500 ਤੋਂ 5000 ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵੀਕੇ ਮੀਨਾ ਨੇ ਕਿਹਾ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਵਿਭਾਗ ਸੰਸਥਾ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰੇਗਾ। ਇਸ ਮੌਕੇ ਡਾਇਰੈਕਟਰ ਜਸਪ੍ਰੀਤ ਸਿੰਘ, ਪ੍ਰਿੰਸੀਪਲ ਆਸ਼ੀਸ਼ ਕਥੂਰੀਆ, ਓਲਡ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਸੋਹਣ ਸਿੰਘ ਤੇ ਇੰਸਟਰਕਟਰ ਤੇ ਗੈਸਟ ਫੈਕਲਟੀ ਮੈਂਬਰ ਹਾਜ਼ਰ ਸਨ।