ਪੱਤਰ ਪ੍ਰੇਰਕ
ਮਾਨਸਾ, 20 ਦਸੰਬਰ
ਪੰਜਾਬ ਸਰਕਾਰ ਦੇ ਹੁਕਮਾਂ ’ਤੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਟੀਮਾਂ ਵੱਲੋਂ ਮਾਲਵਾ ਖੇਤਰ ਵਿੱਚ ਕਣਕ ’ਤੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਨਿਰੀਖਣ ਸ਼ੁਰੂ ਕਰ ਦਿੱਤਾ ਗਿਆ ਹੈ। ਟੀਮ ਨੇ ਇਸ ਹਮਲੇ ਨੂੰ ਸਵੀਕਾਰਿਆ ਹੈ, ਪਰ ਨਾਲ ਹੀ ਟੀਮ ਦਾ ਕਹਿਣਾ ਹੈ ਕਿ ਇਸ ਹਮਲੇ ਤੋਂ ਕਿਸਾਨਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ ਬਾਅਦ ਇਹ ਸੁੰਡੀਆਂ ਦਾ ਆਪਣੇ-ਆਪ ਖਾਤਮਾ ਹੋ ਜਾਵੇਗਾ। ਖੇਤੀ ਮਾਹਿਰਾਂ ਦੀ ਟੀਮ ਨੇ ਕਿਸਾਨਾਂ ਨੂੰ ਜ਼ਿਆਦਾ ਹਮਲੇ ਦੀ ਸੂਰਤ ਵਿੱਚ ਕੀਟਨਾਸ਼ਕ ਦਵਾਈ ਛਿੜਕਣ ਦੀ ਵੀ ਸਿਫਾਰਸ਼ ਕੀਤੀ ਹੈ।
ਖੇਤੀਬਾੜੀ ਵਿਭਾਗ ਮਾਨਸਾ ਦੇ ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਬਕਾਇਦਾ ਪਿੰਡ-ਪਿੰਡ ਖੇਤੀ ਵਿਭਾਗ ਦੀਆਂ ਟੀਮਾਂ ਜਾ ਰਹੀਆਂ ਹਨ ਅਤੇ ਪਿੰਡਾਂ ਦੇ ਉਨ੍ਹਾਂ ਖੇਤਾਂ ਵਿੱਚ ਵਿਸ਼ੇਸ ਤੌਰ ’ਤੇ ਜਾਇਆ ਜਾ ਰਿਹਾ ਹੈ, ਜਿੱਥੇ ਕਿਸਾਨਾਂ ਵੱਲੋਂ ਜ਼ਿਆਦਾ ਹਮਲੇ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਦੇ ਲਗਪਗ ਬਹੁਤੇ ਜ਼ਿਲ੍ਹਿਆਂ ਵਿੱਚ ਕਣਕ ਦੀ ਫ਼ਸਲ ਉਪਰ ਗੁਲਾਬੀ ਸੁੰਡੀ ਦੇ ਹਮਲਾ ਹੋਣ ਕਾਰਨ ਕਿਸਾਨ ਡਰਿਆ ਹੋਇਆ ਹੈ ਅਤੇ ਮਾਨਸਾ ਜ਼ਿਲ੍ਹੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਇਸ ਮਾਮਲੇ ਨੂੰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਜਿਨ੍ਹਾਂ ਦੇ ਹੁਕਮਾਂ ਤੋਂ ਬਾਅਦ ਹੁਣ ਖੇਤੀ ਵਿਭਾਗ ਦੀਆਂ ਟੀਮਾਂ ਪਿੰਡਾਂ ਵਿੱਚ ਜਾ ਕੇ ਸਰਵੇ ਕਰਨ ਤੋਂ ਬਾਅਦ ਇੱਕ ਰਿਪੋਰਟ ਪਿੰਡ ਵਾਈਜ਼ ਪੰਜਾਬ ਸਰਕਾਰ ਨੂੰ ਭੇਜਣਗੀਆਂ।