ਇਜ਼ਰਾਈਲ-ਹਮਾਸ ਜੰਗ ਇਕ ਹੋਰ ਰੂਪ ਵਿਚ ਲਾਲ ਸਾਗਰ ਵਿਚ ਉੱਭਰ ਰਹੀ ਹੈ ਜਿੱਥੇ ਯਮਨ ਦੇ ਕੁਝ ਹਿੱਸੇ ਵਿਚ ਕਾਬਜ਼ ਹੂਤੀ ਬਾਗ਼ੀਆਂ ਨੇ ਇਸ ਸਾਗਰ ’ਚੋਂ ਲੰਘਦੇ ਵਪਾਰਕ ਸਮੁੰਦਰੀ ਜਹਾਜ਼ਾਂ ’ਤੇ ਹਮਲੇ ਕਰਨੇ ਸ਼ੁਰੂ ਕੀਤੇ ਹਨ। ਬਾਗ਼ੀਆਂ ਅਨੁਸਾਰ ਉਨ੍ਹਾਂ ਦੀਆਂ ਇਹ ਕਾਰਵਾਈਆਂ ਇਜ਼ਰਾਈਲ ਦੁਆਰਾ ਗਾਜ਼ਾ ਵਿਚ ਫ਼ਲਸਤੀਨੀਆਂ ’ਤੇ ਕੀਤੇ ਜਾ ਰਹੇ ਜ਼ੁਲਮਾਂ ਦਾ ਜਵਾਬ ਹਨ ਅਤੇ ਉਹ ਇਜ਼ਰਾਈਲ ਅਤੇ ਉਸ ਦੇ ਹਮਾਇਤੀ ਦੇਸ਼ਾਂ ਦੇ ਸਮੁੰਦਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਰਹਿਣਗੇ। ਪਿਛਲੇ ਕੁਝ ਹਫ਼ਤਿਆਂ ਵਿਚ ਇਨ੍ਹਾਂ ਹਮਲਿਆਂ ਵਿਚ ਤੇਜ਼ੀ ਆਈ ਹੈ ਅਤੇ ਐੱਮਵੀ ਗਲੈਕਸੀ ਲੀਡਰ (MV Galaxy Leader) ਜਹਾਜ਼ ਦੇ 25 ਤੋਂ ਜ਼ਿਆਦਾ ਕਰਮਚਾਰੀ ਤੇ ਅਧਿਕਾਰੀ ਬਾਗ਼ੀਆਂ ਦੇ ਕਬਜ਼ੇ ਵਿਚ ਹਨ। ਦੁਨੀਆ ਦੀ ਸਮੁੰਦਰੀ ਰਾਹਾਂ ਥਾਣੀਂ ਹੁੰਦੀ ਆਵਾਜਾਈ ਦਾ 12 ਫ਼ੀਸਦੀ ਹਿੱਸਾ ਲਾਲ ਸਾਗਰ ਵਿਚੋਂ ਹੋ ਕੇ ਗੁਜ਼ਰਦਾ ਹੈ। ਸਾਊਦੀ ਅਰਬ, ਸੂਡਾਨ, ਮਿਸਰ, ਇਰੀਟਰਿਆ, ਯਮਨ ਤੇ ਜਿਬੂਤੀ (Djibouti) ਲਾਲ ਸਾਗਰ ਦੇ ਤੱਟੀ ਦੇਸ਼ ਹਨ।
ਜਟਿਲ ਇਤਿਹਾਸ ਵਾਲੇ ਯਮਨ ਦਾ ਕੁਝ ਹਿੱਸਾ ਇੰਗਲੈਂਡ ਦੇ ਬਸਤੀਵਾਦੀ ਜੂਲੇ ਹੇਠ ਵੀ ਰਿਹਾ ਅਤੇ ਅੰਗਰੇਜ਼ਾਂ ਵਿਰੁੱਧ ਸੰਘਰਸ਼ ਤੇ ਗ੍ਰਹਿ-ਯੁੱਧ ਤੋਂ ਬਾਅਦ ਇਹ ਦੇਸ਼ ‘ਯਮਨ ਅਰਬ ਜਮਹੂਰੀਅਤ’ ਦੇ ਨਾਂ ਹੇਠ 1968 ਵਿਚ ਹੋਂਦ ਵਿਚ ਆਇਆ। ਇਹ ਫਿਰ ਉੱਤਰੀ ਯਮਨ ਤੇ ਦੱਖਣੀ ਯਮਨ ਵਿਚ ਵੰਡਿਆ ਗਿਆ; ਸਾਊਦੀ ਅਰਬ ਤੇ ਅਮਰੀਕਾ ਉੱਤਰੀ ਯਮਨ ਦੇ ਹਮਾਇਤੀ ਸਨ ਜਦੋਂਕਿ ਸੋਵੀਅਤ ਯੂਨੀਅਨ ਤੇ ਪੂਰਬੀ ਯੂਰੋਪ ਦੇ ਸਮਾਜਵਾਦੀ ਦੇਸ਼ ਦੱਖਣੀ ਯਮਨ ਦੇ। 1990 ਵਿਚ ਦੋਵੇਂ ਹਿੱਸੇ ਫਿਰ ਇਕ ਹੋਏ। ਯਮਨ ਵਿਚ ਵੱਡੀ ਬਹੁਗਿਣਤੀ ਸੁੰਨੀ ਮੁਸਲਮਾਨਾਂ ਦੀ ਹੈ ਜਦੋਂਕਿ ਸ਼ੀਆ ਮੁਸਲਮਾਨ ਇਕ ਵੱਡੀ ਘੱਟਗਿਣਤੀ (ਲਗਭਗ ਇਕ-ਤਿਹਾਈ) ਹਨ। ਬਹੁਗਿਣਤੀ ਵੱਲੋਂ ਘੱਟਗਿਣਤੀ ਦਾ ਦਮਨ ਕਰਨ ਕਾਰਨ ਦੇਸ਼ ਲਗਾਤਾਰ ਗ੍ਰਹਿ-ਯੁੱਧ ਦਾ ਸ਼ਿਕਾਰ ਰਿਹਾ ਹੈ। ਹੂਤੀ ਬਾਗ਼ੀ ਮੁੱਖ ਤੌਰ ’ਤੇ ‘ਅੰਸਾਰ ਅੱਲ੍ਹਾ’ ਨਾਂ ਦੀ ਜਥੇਬੰਦੀ ਨਾਲ ਤੁਅੱਲਕ ਰੱਖਦੇ ਹਨ; ਉਨ੍ਹਾਂ ਦਾ ਧਾਰਮਿਕ ਫ਼ਿਰਕਾ ਜ਼ੈਦੀ ਸ਼ੀਆ ਹੈ। 2014 ਵਿਚ ਹੂਤੀ ਬਾਗ਼ੀਆਂ ਨੇ ਯਮਨ ਦੀ ਰਾਜਧਾਨੀ ’ਤੇ ਕਬਜ਼ਾ ਕਰ ਲਿਆ ਅਤੇ ਇਸ ਸਮੇਂ ਯਮਨ ਦਾ ਵੱਡਾ ਹਿੱਸਾ, ਜਿਸ ਵਿਚ ਲਾਲ ਸਾਗਰ ਦਾ ਤੱਟ ਵੀ ਸ਼ਾਮਲ ਹੈ, ਇਨ੍ਹਾਂ ਦੇ ਕਬਜ਼ੇ ਹੇਠ ਹੈ; ਇਨ੍ਹਾਂ ਨੂੰ ਇਰਾਨ ਦੀ ਹਮਾਇਤ ਹਾਸਿਲ ਹੈ। ਅਮਰੀਕਾ, ਸਾਊਦੀ ਅਰਬ ਅਤੇ ਅਲ-ਕਾਇਦਾ ਕੌਮਾਂਤਰੀ ਪੱਧਰ ’ਤੇ ਮਾਨਤਾ ਪ੍ਰਾਪਤ ਸਰਕਾਰ ਦੀ ਹਮਾਇਤ ਕਰਦੇ ਹਨ ਪਰ ਉਸ ਦੇ ਬਹੁਤੇ ਬਾਸ਼ਿੰਦੇ ਜਲਾਵਤਨ ਹਨ। ਸਾਊਦੀ ਅਰਬ ਯਮਨ ਵਿਚ ਦਖ਼ਲ ਦੇ ਰਿਹਾ ਹੈ ਅਤੇ ਹੂਤੀ ਉਸ ਦਾ ਮੁਕਾਬਲਾ ਕਰ ਰਹੇ ਹਨ। ਸਾਊਦੀ ਅਰਬ ਨੇ ਉਸ ਇਲਾਕੇ, ਜਿਹੜਾ ਬਾਗ਼ੀਆਂ ਦੇ ਕਬਜ਼ੇ ਹੇਠ ਹੈ, ਦੀ ਆਰਥਿਕ ਘੇਰਾਬੰਦੀ/ਨਾਕਾਬੰਦੀ (blockade) ਵੀ ਕਰਾਈ ਹੈ ਜਿਸ ਕਾਰਨ ਕਾਲ ਪਿਆ, 2 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਤੇ ਹੈਜ਼ਾ ਫੈਲਿਆ। ਮੌਜੂਦਾ ਗ੍ਰਹਿ-ਯੁੱਧ ਵਿਚ 1.5 ਲੱਖ ਲੋਕਾਂ ਦੇ ਮਾਰੇ ਜਾਣ ਦਾ ਅਨੁਮਾਨ ਹੈ।
ਅਮਰੀਕਾ ‘ਅੰਸਾਰ ਅੱਲ੍ਹਾ’ ਜਥੇਬੰਦੀ ਨੂੰ ਦਹਿਸ਼ਤਗਰਦ ਜਥੇਬੰਦੀ ਨਹੀਂ ਮੰਨਦਾ ਅਤੇ ਅਮਨ ਕਾਇਮ ਕਰਨ ਲਈ ਉਨ੍ਹਾਂ ਨਾਲ ਹੁੰਦੀ ਗੱਲਬਾਤ ਵਿਚ ਹਿੱਸਾ ਵੀ ਲੈਂਦਾ ਰਿਹਾ ਹੈ। ਕੁਝ ਮਹੀਨੇ ਪਹਿਲਾਂ ਚੀਨ ਨੇ ਸਾਊਦੀ ਅਰਬ ਤੇ ਇਰਾਨ ਵਿਚ ਸਮਝੌਤਾ ਕਰਵਾਇਆ ਸੀ ਅਤੇ ਉਸ ਤੋਂ ਬਾਅਦ ਸਾਊਦੀ ਅਰਬ ਵੀ ਹੂਤੀ ਬਾਗ਼ੀਆਂ ਨਾਲ ਗੱਲਬਾਤ ਕਰ ਰਿਹਾ ਹੈ। ਹੁਣ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਇਨ੍ਹਾਂ ਬਾਗ਼ੀਆਂ ਦੁਆਰਾ ਸਮੁੰਦਰੀ ਜਹਾਜ਼ਾਂ ’ਤੇ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਣ ਲਈ ਬਹੁਕੌਮੀ ਫ਼ੌਜ ਦੀ ਅਗਵਾਈ ਕਰੇਗਾ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰੇਗਾ। ਇਸ ਨਾਲ ਪੱਛਮੀ ਏਸ਼ੀਆ ਵਿਚ ਜੰਗ ਹੋਰ ਵਧਣ ਦਾ ਖ਼ਤਰਾ ਹੈ। ਕੌਮਾਂਤਰੀ ਭਾਈਚਾਰਾ ਇਜ਼ਰਾਈਲ ਨੂੰ ਜੰਗਬੰਦੀ ਕਰਨ ਲਈ ਨਹੀਂ ਮਨਾ ਸਕਿਆ ਜਿਸ ਕਾਰਨ ਜੰਗ ਦੇ ਹੋਰ ਖੇਤਰਾਂ ਵਿਚ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੰਗ ਨੂੰ ਹੋਰ ਫੈਲਾਉਣ ਦੇ ਰੁਝਾਨਾਂ ਨੂੰ ਉਤਸ਼ਾਹਿਤ ਕਰਨ ਦੀ ਥਾਂ ਅਮਰੀਕਾ ਨੂੰ ਇਜ਼ਰਾਈਲ ਨੂੰ ਜੰਗਬੰਦੀ ਕਰਨ ਲਈ ਕਹਿਣਾ ਚਾਹੀਦਾ ਹੈ। ਜੰਗ ਦੇ ਹੋਰ ਖੇਤਰਾਂ ਵਿਚ ਫੈਲਣ ਦੇ ਸਿੱਟੇ ਅਤਿਅੰਤ ਖ਼ਤਰਨਾਕ ਹੋ ਸਕਦੇ ਹਨ।