ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 21 ਦਸੰਬਰ
ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰਾਂ ਮੰਤਰੀ ਕਮਲ ਗੁਪਤਾ ਨੇ ਡੱਬਵਾਲੀ ’ਚ ਅੱਜ ਅਚਾਨਕ ਦੌਰਾ ਕਰ ਕੇ ਸਫ਼ਾਈ ਵਿਵਸਥਾ ਅਤੇ ਨਗਰ ਪਰਿਸ਼ਦ ਦਫ਼ਤਰ ਦੀ ਕਾਰਜਪ੍ਰਣਾਲੀ ਦਾ ਜਾਇਜ਼ਾ ਲਿਆ। ਉਨ੍ਹਾਂ ਕਮਿਊਨਿਟੀ ਹਾਲ, ਨਵੀਂ ਦਾਣਾ ਮੰਡੀ ਦੇ ਬੀ-ਬਲਾਕ, ਕੂੜਾ ਡੰਪਿੰਗ ਸਟੇਸ਼ਨ, ਸਬਜ਼ੀ ਮੰਡੀ ਅਤੇ ਮੁੱਖ ਬਾਜ਼ਾਰ ’ਚ ਜਨਤਕ ਪਖਾਨਿਆਂ ਦੀ ਸਫ਼ਾਈ ਤੇ ਹੋਰ ਪ੍ਰਬੰਧਾਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਮੁੱਖ ਬਾਜ਼ਾਰ ਵਿੱਚ ਬਦਬੂਦਾਰ ਪਖਾਨੇ ਦੇ ਮੁੜ ਉਸਾਰੀ ਦੇ ਨਿਰਦੇਸ਼ ਦਿੱਤੇ। ਬੰਦ ਪਏ ਕਮਿਊਨਿਟੀ ਹਾਲ ਦੀ ਤਰਸਯੋਗ ਹਾਲਤ ’ਤੇ ਅਧਿਕਾਰੀਆਂ ਤੋਂ ਜਵਾਬਤਲਬੀ ਕੀਤੀ ਤੇ ਇੱਕ ਹਫ਼ਤੇ ’ਚ ਇਸ ਨੂੰ ਮੁੜ ਖੋਲ੍ਹਣ ਤੇ ਰੇਨੋਵੇਸ਼ਨ ਦਾ ਟੈਂਡਰ ਲਗਾਉਣ ਲਈ ਕਿਹਾ।
ਸ੍ਰੀ ਗੁਪਤਾ ਨੇ ਡੱਬਵਾਲੀ ਅਗਨੀ ਕਾਂਡ ਸਮਾਰਕ ਦੇ ਵਿਕਾਸ ਲਈ ਢਾਈ ਲੱਖ ਰੁਪਏ ਫੰਡ ਦੇਣ ਦਾ ਐਲਾਨ ਕੀਤਾ। ਡੱਬਵਾਲੀ ਅਗਨੀ ਕਾਂਡ ਵਿਨੋਦ ਪੀੜਤ ਤੇ ਸ਼ਹਿਰ ਵਾਸੀਆਂ ’ਤੇ ਆਧਾਰਤ ਵਫ਼ਦ ਨੇ ਮੰਤਰੀ ਕਮਲ ਗੁਪਤਾ ਨਾਲ ਮੁਲਾਕਾਤ ਕਰ ਕੇ ਸਮਾਰਕ ਨੂੰ ਸੂਬਾ ਪੱਧਰੀ ਦਰਜਾ ਦੇਣ ਦੀ ਮੰਗ ਕੀਤੀ, ਜਿਸ ’ਤੇ ਉਨ੍ਹਾਂ ਸਮਾਰਕ ਦੇ ਵਿਚਾਰਧੀਨ ਮਤੇ ਨੂੰ ਪਾਸ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਨਗਰ ਪਰਿਸ਼ਦ ਦਫ਼ਤਰ ’ਚ ਸਾਬਕਾ ਕੌਂਸਲਰ ਰਮੇਸ਼ ਬਾਗੜੀ ਨੇ ਮੰਤਰੀ ਦੇ ਸਾਹਮਣੇ ਕੈਸ਼ ਕਾਊਂਟਰ ’ਤੇ ਸੁਆਲ ਚੁੱਕਿਆ। ਮੰਤਰੀ ਦੇ ਸਾਹਮਣੇ ਐਨਡੀਸੀ ਤੇ ਨਾਜਾਇਜ਼ ਕਬਜ਼ਿਆਂ ਦੇ ਮੁੱਦੇ ਵੀ ਉੱਠੇ ਜਿਸ ’ਤੇ ਸ੍ਰੀ ਗੁਪਤਾ ਨੇ ਅਧਿਕਾਰੀਆਂ ਨੂੰ 24 ਘੰਟੇ ਅੰਦਰ ਸਮੱਸਿਆਵਾਂ ਹੱਲ ਕਰ ਕੇ ਸੂਚਿਤ ਕਰਨ ਲਈ ਆਖਿਆ।
ਸਵਾਮਿਤਵ ਯੋਜਨਾ: ਨਾਜਾਇਜ਼ ਪੈਨਲਟੀ ਮੁਆਫ਼ੀ ਲਈ ਰਾਹ ਕੱਢਣ ਦੇ ਨਿਰਦੇਸ਼
ਨਗਰ ਪਰਿਸ਼ਦ ਦੇ ਤਹਿਬਾਜ਼ਾਰੀ ਕਿਰਾਏਦਾਰਾਂ ਦਾ ਵਫ਼ਦ ਭਾਜਪਾ ਆਗੂ ਵਿਜੈ ਵਧਵਾ ਦੀ ਅਗਵਾਈ ’ਚ ਮੰਤਰੀ ਕਮਲ ਗੁਪਤਾ ਨੂੰ ਮਿਲਿਆ। ਉਨ੍ਹਾਂ ਨਗਰ ਪਰਿਸ਼ਦ ਡੱਬਵਾਲੀ ਵੱਲੋਂ ਸਵਾਮਿਤਵ ਯੋਜਨਾ ਤਹਿਤ 2002 ਤੋਂ 2009 ਤੱਕ ਲਗਾਏ 50 ਰੁਪਏ ਰੋਜ਼ਾਨਾ ਪੈਨਲਟੀ ਹਟਾਉਣ ਦੀ ਮੰਗ ਕਰਦਿਆਂ ਦੱਸਿਆ ਕਿ ਇਹ ਪੈਨਲਟੀ ਹਰਿਆਣਾ ’ਚ ਸਿਰਫ਼ ਨਗਰ ਪਰਿਸ਼ਦ ਡੱਬਵਾਲੀ ਵੱਲੋਂ ਲਾਈ ਜਾ ਰਹੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਪੈਨਲਟੀ ਦੇ ਖ਼ਾਤਮੇ ਦਾ ਰਾਹ ਕੱਢਣ ਲਈ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਨਗਰ ਪ੍ਰੀਸ਼ਦ ਦੇ 509 ਤਹਿਬਾਜ਼ਾਰੀ ਕਿਰਾਏਦਾਰ ਹਨ ਜਿਨ੍ਹਾਂ ਵਿੱਚੋਂ 493 ਦੇ ਇਤਰਾਜ਼ ਨਗਰ ਪਰਿਸ਼ਦ ਕੋਲ ਪੁੱਜੇ ਹੋਏ ਹਨ।