ਸੁਭਾਸ਼ ਚੰਦਰ
ਸਮਾਣਾ, 22 ਦਸੰਬਰ
ਬਲਾਕ ਸਮਾਣਾ ਦੇ ਖੇਤੀਬਾੜੀ ਅਫਸਰ ਡਾ. ਸਤੀਸ਼ ਕੁਮਾਰ ਚੌਧਰੀ ਵੱਲੋਂ ਪਿੰਡ ਜਮਾਲਪੁਰ ਦੇ ਕਿਸਾਨਾਂ ਅਤਿੰਦਰ ਸਿੰਘ, ਗੁਰਮੁੱਖ ਸਿੰਘ, ਹਰਕਮਲ ਸਿੰਘ ਤੇ ਦਲਜੀਤ ਸਿੰਘ ਆਦਿ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਕਣਕ ਦੀ ਫਸਲ ਦਾ ਨਿਰੀਖਣ ਸਮੇਂ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਵਿੱਚ ਆਇਆ ਹੈ। ਇਸ ਮੌਕੇ ਡਾ. ਚੌਧਰੀ ਨੇ ਕਿਹਾ ਕਿ ਇਹ ਸੁੰਡੀਆਂ ਬੂਟਿਆਂ ਦੇ ਤਣਿਆਂ ਵਿੱਚ ਮੋਰੀਆਂ ਕਰਕੇ ਅੰਦਰ ਚੱਲੀਆਂ ਜਾਦੀਆਂ ਹਨ ਅਤੇ ਅੰਦਰਲਾ ਮਾਦਾ ਖਾਂਦੀਆਂ ਹਨ ਜਿਸ ਨਾਲ ਬੂਟੇ ਪੀਲੇ ਪੈ ਕੇ ਸੁੱਕ ਜਾਂਦੇ ਹਨ ਅਤੇ ਆਖਿਰ ਵਿੱਚ ਮਰ ਜਾਂਦੇ ਹਨ। ਉਨ੍ਹਾਂ ਸਲਾਹ ਦਿੱਤੀ ਕਿ ਜੇਕਰ ਪਿਛਲੀ ਝੋਨੇ ਦੀ ਫਸਲ ਉੱਪਰ ਤਣੇ ਦੀ ਗੁਲਾਬੀ ਸੂੰਡੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਕਣਕ ਦੀ ਅਕਤੂਬਰ ਵਿੱਚ ਬਜਾਈ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦਿਨ ਸਮੇਂ ਪਾਣੀ ਲਗਾਉਣ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਹਮਲਾ ਜ਼ਿਆਦਾ ਹੋਵੇ ਤਾਂ 7 ਕਿਲੋ ਮੋਰਟੈਲ/ ਰੀਜੇਟ 0.3 ਜੀ (ਫਿਪਰੋਨਿਲ) ਜਾਂ ਇਕ ਲੀਟਰ ਡਰਸਬਾਨ 20 ਈ.ਸੀ. (ਕਲੋਰੋਪੈਰੀਫਾਸ) ਨੂੰ 20 ਕਿਲੋ ਸਲਾਬੀ ਮਿਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਗਾਉਣ ਤੋਂ ਪਹਿਲਾਂ ਛੱਟਾ ਦੇਣਾ ਚਾਹੀਦਾ ਹੈ। ਇਸ ਦੇ ਬਦਲ ਵਿੱਚ 50 ਮਿਲੀਲਿਟਰ ਪ੍ਰਤੀ ਏਕੜ ਕੋਰਾਜਨ 18.5 ਐਸ.ਸੀ (ਕਲੋਰਐਟਰਾਨਿਲੀਪਰੋਲ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਨੈਪਸੈਕ ਪੰਪ ਨਾਲ ਸਪਰੇਅ ਕੀਤਾ ਜਾਵੇ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਸਮਾਣਾ ਡਾ. ਸਤੀਸ਼ ਕੁਮਾਰ ਚੌਧਰੀ ਨੇ ਬਲਾਕ ਦੇ ਸਮੂਹ ਕਿਸਾਨਾਂ ਨੁੰ ਅਪੀਲ ਕੀਤੀ ਗਈ ਕਿ ਆਪਣੀ ਕਣਕ ਦੀ ਫਸਲ ਦਾ ਸਵੇਰੇ ਅਤੇ ਸ਼ਾਮ ਨੁੰ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਜਦੋ ਵੀ ਕਿਸੇ ਕੀੜੇ ਮਕੋੜੇ ਦਾ ਹਮਲਾ ਵੇਖਣ ਵਿੱਚ ਆਵੇ ਤਾਂ ਤੁਰੰਤ ਬਲਾਕ ਖੇਤੀਬਾੜੀ ਦਫਤਰ ਦੇ ਅਧਿਕਾਰੀਆਂ ਕਰਮਚਾਰੀਆਂ ਨਾਲ ਸੰਪਰਕ ਕਰਨ।