ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਦਸੰਬਰ
ਏਟਕ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਰੇਹੜੀ-ਫੜੀ ਮਾਲਕਾਂ ਨੂੰ ਮਾਫ਼ੀਆ ਦੀ ਲੁੱਟ ਤੋਂ ਬਚਾਉਣ ਲਈ ਤੁਰੰਤ ਵੈਂਡਰ ਜ਼ੋਨ ਬਣਾਉਣ ਦਾ ਫ਼ੈਸਲਾ ਲਾਗੂ ਕੀਤਾ ਜਾਵੇ। ਇੱਥੇ ਜਨਰਲ ਸਕੱਤਰ ਕਾਮਰੇਡ ਐੱਮ ਐੱਸ ਭਾਟੀਆ ਨੇ ਕਿਹਾ ਕਿ ਦਸੰਬਰ 2020 ਵਿੱਚ ਨਗਰ ਨਿਗਮ ਨੇ ਸ਼ਹਿਰ ਵਿੱਚ 64 ਵੈਂਡਿੰਗ ਜ਼ੋਨਾਂ ਦੀ ਜਗ੍ਹਾ ਦੀ ਪਛਾਣ ਕੀਤੀ ਸੀ ਜਿੱਥੇ 8989 ਰੇਹੜੀ ਵਾਲਿਆਂ ਨੂੰ ਜਗ੍ਹਾ ਦਿੱਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਦਸੰਬਰ 2017 ਦੇ ਸਰਵੇਖਣ ਵਿੱਚ 21 ਹਜ਼ਾਰ 725 ਵੈਂਡਰ ਦਿਖਾਏ ਗਏ ਸਨ ਜਦਕਿ ਹੁਣ ਦੇ ਅੰਦਾਜ਼ੇ ਮੁਤਾਬਕ ਇਨ੍ਹਾਂ ਦੀ ਗਿਣਤੀ ਲਗਭਗ 50 ਹਜ਼ਾਰ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਭ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਗਰੀਬ ਰੇਹੜੀ-ਫੜੀ ਵਾਲਿਆਂ ਨਾਲ ਮਾਫ਼ੀਆ ਵੱਲੋਂ ਧੱਕਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਜ਼ੋਨਾਂ ਦੀ ਸਕੀਮ ਲਾਗੂ ਹੋ ਜਾਵੇ ਤਾਂ ਰੇਹੜੀ-ਫੜੀ ਵਾਲਿਆਂ ਤੋਂ ਫ਼ੀਸ ਦੇ ਰੂਪ ਵਿੱਚ ਸਰਕਾਰੀ ਖ਼ਜ਼ਾਨੇ ਵਿੱਚ ਜਾਵੇਗਾ। ਏਟਕ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਨੇ ਵੀ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਫੌਰਨ ਇਸ ਮਸਲੇ ਵਿੱਚ ਖ਼ੁਦ ਦਖ਼ਲ ਦੇਣ ਅਤੇ ਸਰਕਾਰ ਵੱਲੋਂ ਕੀਤੇ ਗਏ ਫ਼ੈਸਲੇ ਨੂੰ ਲਾਗੂ ਕਰਵਾਉਣ।