ਸੁਰਿੰਦਰ ਸਿੰਘ ਤੇਜ
ਅਜਬ ਹਨ ਇਹ ਵੇਰਵੇ: 13-14 ਹਜ਼ਾਰ ਸਾਲ ਪਹਿਲਾਂ ਧਰਤੀ ਅੰਦਰਲੀਆਂ ਟੈਕਟੌਨਿਕ ਪਲੇਟਾਂ ਨੇ ਵੱਡੀ ਕਰਵਟ ਲਈ। ਇਸ ਦਾ ਅਸਰ ਤਾਂ ਸਾਰੇ ਮਹਾਂਦੀਪਾਂ ਉੱਤੇ ਪਿਆ, ਪਰ ਏਸ਼ੀਆ ਤੇ ਯੂਰੋਪ ਉੱਤੇ ਵੱਧ। ਜੁੜਵੇਂ ਹਨ ਦੋਵੇਂ ਮਹਾਂਦੀਪ। ਇਹ ਕਰਵਟ ਬਰਫ਼ਾਨੀ ਯੁੱਗ ਲਈ ਕਿਆਮਤ ਸਾਬਤ ਹੋਈ। ਬਰਫ਼ਾਂ ਪਿਘਲ ਕੇ ਨਦੀਆਂ, ਨਾਲਿਆਂ, ਝੀਲਾਂ ਤੇ ਦਰਿਆਵਾਂ ਦਾ ਰੂਪ ਧਾਰਨ ਕਰ ਗਈਆਂ। ਮਿੱਟੀ ਪਹਿਲਾਂ ਤਾਂ ਨਿੱਖਰੇ ਨਿੱਖਰੇ ਰੂਪ ਵਿਚ ਸਾਹਮਣੇ ਆਈ। ਫਿਰ, ਇਸ ਉੱਪਰ ਹਰਿਆਲੀ ਦੀ ਚਾਦਰ ਵਿਛ ਗਈ। ਦੋਵਾਂ ਮਹਾਂਦੀਪਾਂ ਦੇ ਮੱਧ ਵਿਚ ਪੈਂਦੇ ਇਲਾਕੇ, ਜੋ ਉਚੇਰੇ ਪਹਾੜਾਂ ਦੀ ਅਣਹੋਂਦ ਕਾਰਨ ਮੁੱਖ ਤੌਰ ’ਤੇ ਜਾਂ ਤਾਂ ਪੱਧਰਾ (ਫਲੈਟ) ਹੈ ਅਤੇ ਜਾਂ ਫਿਰ ਟਿੱਲਿਆਂ ਵਰਗੇ ਪਹਾੜਾਂ ਵਾਲਾ ਹੈ, ਉੱਪਰ ਹਰੇ ਕਚੂਰ ‘ਘਾਹ ਦਾ ਸਮੁੰਦਰ’ ਫੈਲ ਗਿਆ। ਇਕ ਘਾਹਖੋਰ ਜਾਨਵਰ ਨੂੰ ਇਹ ਤਬਦੀਲੀ ਬਹੁਤ ਰਾਸ ਆਈ। ਘਾਹ ਉਸ ਦੀ ਪਸੰਦੀਦਾ ਖ਼ੁਰਾਕ ਸੀ। ਉਸ ਦੀ ਤਾਦਾਦ ਤੇਜ਼ੀ ਨਾਲ ਵਧਣ ਲੱਗੀ। ਇਹ ਜਾਨਵਰ ਸੀ ਘੋੜਾ। ਆਦਮ-ਜ਼ਾਤ ’ਤੇ ਵੀ ਇਸ ਫ਼ਿਜ਼ਾਈ ਤਬਦੀਲੀ ਦਾ ਸਿੱਧਾ ਅਸਰ ਪਿਆ। ਉਸ ਦਾ ਜਿਸਮਾਨੀ ਮੁਹਾਂਦਰਾ ਵੀ ਬਦਲਿਆ ਅਤੇ ਆਦਤਾਂ ਵੀ। ਸਿਰਫ਼ ਸ਼ਿਕਾਰ ਜਾਂ ਜੰਗਲੀ ਕੰਦ-ਮੂਲ ਉੱਤੇ ਨਿਰਭਰਤਾ ਘਟਾਉਂਦਿਆਂ ਉਸ ਨੇ ਧਰਤੀ ਤੋਂ ਧਨ ਪਹਿਲਾਂ ਖੇਤੀਬਾੜੀ ਤੇ ਫਿਰ ਵਪਾਰ ਦੇ ਰੂਪ ਵਿਚ ਕਮਾਉਣਾ ਸ਼ੁਰੂ ਕੀਤਾ। ਇਸੇ ਰੁਝਾਨ ਤੋਂ ਸੱਭਿਅਤਾਵਾਂ ਉਗਮੀਆਂ। ਨੀਲ ਘਾਟੀ ਭਾਵ ਮਿਸਰ ਦੀ, ਮੈਸੋਪੋਟੇਮੀਆ ਦੀ, ਸਿੰਧ ਘਾਟੀ ਤੇ ਹੜੱਪਾ ਦੀ ਅਤੇ ਚੀਨ ਨੇ ਉੱਤਰੀ ਸਿਰੇ ਮੰਗੋਲੀਆ ਦੀ ਸੱਭਿਅਤਾ। ਇਨ੍ਹਾਂ ਸੱਭਿਅਤਾਵਾਂ ਨੇ ਆਦਮੀ ਨੂੰ ਇਨਸਾਨ ਬਣਾਇਆ ਅਤੇ ਇਖ਼ਲਾਕ ਤੇ ਕਿਰਦਾਰ ਵਰਗੇ ਸੰਕਲਪਾਂ ਨੂੰ ਜਨਮ ਦਿੱਤਾ। ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਇਕ ਵਾਰ ਫਿਰ ਪਰਲੋ ਆਈ। ਇਹ ਸੱਭਿਅਤਾਵਾਂ ਨੂੰ ਆਪਣੇ ਨਾਲ ਸਮੇਟ ਕੇ ਲੈ ਗਈ। ਪਰ ਉਦੋਂ ਤੱਕ ਆਦਮ-ਜ਼ਾਤ ਨੇ ਖ਼ੁਦ ਨੂੰ ਬਚਾਉਣ ਦੇ ਵਸੀਲੇ ਈਜਾਦ ਕਰ ਲਏ ਸਨ। ਉਹ ਖ਼ਤਮ ਨਹੀਂ ਹੋਈ। ਜਿੰਨੀ ਕੁ ਬਚੀ, ਉਸ ਨੇ ਖ਼ੁਦ ਨੂੰ ਸਹੇਜਿਆ। ਖਾਧ-ਖੁਰਾਕ ਦੀਆਂ ਨਵੀਆਂ ਵਿਧੀਆਂ ਅਪਣਾਈਆਂ ਅਤੇ ਵੱਧ ਊਰਜਾਵਾਨ ਹੋਣ ਦੇ ਰਾਹ ਤੁਰ ਪਈ। ਇਸ ਰਾਹ ਵਿਚ ਦੁੱਧ ਪੀਣਾ ਤੇ ਪਚਾਉਣਾ ਸ਼ਾਮਲ ਸੀ। ਦੇਹ-ਕਿਰਿਆਵਾਂ ਵਿਚ ਤਬਦੀਲੀਆਂ ਤੇ ਤਰਮੀਮਾਂ ਵਿਕਸਿਤ ਕਰਨ ਮਗਰੋਂ ਇਨਸਾਨ ਨੂੰ ਬਿਮਾਰੀਆਂ ਨਾਲ ਲੜਨ ਦੀ ਜਾਚ ਵੀ ਆ ਗਈ ਅਤੇ ਬਿਪਤਾਵਾਂ ਨਾਲ ਵੀ। ਇਸ ਕਾਰਜ ਵਿਚ ਗਊ ਬਹੁਤ ਸਹਾਈ ਸਾਬਤ ਹੋਈ। ਘੋੜਿਆਂ ਵਾਂਗ ਉਸ ਦੀ ਮੁੱਖ ਖ਼ੁਰਾਕ ਘਾਹ ਹੀ ਸੀ। ਗਊਆਂ ਤੇ ਘੋੜਿਆਂ ਰਾਹੀਂ ਆਈ ਚੁਸਤੀ-ਦਰੁਸਤੀ ਨੇ ਘਾਹ ਦੇ ਮੈਦਾਨਾਂ ਵਾਲੇ ਮੱਧ ਯੂਰੇਸ਼ੀਆ ਜਿਸ ਨੂੰ ਸਟੈੱਪ ਕਿਹਾ ਜਾਂਦਾ ਹੈ, ਵਿਚ ਰਹਿੰਦੇ ਖ਼ਾਨਾਬਦੋਸ਼ਾਂ ਦੇ ਵੱਖ-ਵੱਖ ਦਿਸ਼ਾਵਾਂ ਵੱਲ ਪਰਵਾਸ ਨੂੰ ਉਤਸ਼ਾਹਿਤ ਕੀਤਾ। ਕਿਉਂਕਿ ਉਹ ਸਰੀਰਿਕ ਤੌਰ ’ਤੇ ਵੱਧ ਊਰਜਾਵਾਨ ਸਨ ਅਤੇ ਰਹਿੰਦੇ ਵੀ ਉਸ ਇਲਾਕੇ ਵਿਚ ਸਨ ਜਿੱਥੇ ਊਰਜਾ ਦੇ ਸੋਮੇ ਵੱਧ ਸਨ, ਉਨ੍ਹਾਂ ਦੀ ਵਸੋਂ ਤੇਜ਼ੀ ਨਾਲ ਵਧੀ। ਇਸ ਵਸੋਂ ਦਾ ਪੇਟ ਭਰਨ ਦੀ ਮਜਬੂਰੀ ਨੇ ਵੀ ਪਰਵਾਸ ਨੂੰ ਹਵਾ ਦਿੱਤੀ।
ਕਾਲੇ ਸਾਗਰ ਦੇ ਸਾਹਿਲ ’ਤੇ ਵਸੇ ਯੂਕਰੇਨ ਤੋਂ ਕਜ਼ਾਖ਼ਸਤਾਨ ਦੀਆਂ ਚੀਨੀ ਹੱਦਾਂ ਤੱਕ ਦਾ ਖੇਤਰ ਹੈ ਸਟੈੱਪ। ਅੱਧੇ ਤੋਂ ਵੱਧ ਰੂਸ ਵੀ ਇਸੇ ਅਨੂਠੇ ਖੇਤਰ ਦਾ ਹਿੱਸਾ ਮੰਨਿਆ ਜਾਂਦਾ ਹੈ। ਆਰੀਅਨ ਇਸੇ ਇਲਾਕੇ ਦੇ ਹੀ ਬਾਸ਼ਿੰਦੇ ਸਨ, ਪਰ ਬਹੁਤੀ ਹਿਜਰਤ ਇਸ ਖਿੱਤੇ ਦੇ ਪੱਛਮੀ ਹਿੱਸੇ ਭਾਵ ਯੂਰੋਪ ਦੇ ਨਾਲ ਲੱਗਦੇ ਏਸ਼ਿਆਈ ਇਲਾਕੇ ਤੋਂ ਹੀ ਹੋਈ। ਪਹਿਲਾਂ ਖ਼ਾਨਾਬਦੋਸ਼ ਕਬੀਲੇ ਉੱਤਰ-ਪੱਛਮ ਵੱਲ ਗਏ ਅਤੇ ਤਕਰੀਬਨ ਪੂਰੇ ਯੂਰੋਪ ਵਿਚੋਂ ਗੁਜ਼ਰਦੇ ਹੋਏ ਮੌਜੂਦਾ ਬ੍ਰਿਟਿਸ਼ ਟਾਪੂਆਂ ਤੱਕ ਪਹੁੰਚੇ। ਇਹ ਕੈਲਟਿਕ ਕਹਾਏ। ਕੈਲਟ ਜਾਂ ਕੈਲਟਿਕ (Celtic) ਨਸਲ ਹੁਣ ਵੇਲਜ਼ ਦੀ ਪ੍ਰਮੁੱਖ ਨਸਲ ਹੈ। ਕੁਝ ਹੋਰ ਪਹਿਲਾਂ ਇਰਾਨ ਆਏ ਅਤੇ ਫਿਰ ਉੱਥੋਂ ਭਾਰਤ ਵੀ ਪੁੱਜਣੇ ਸ਼ੁਰੂ ਹੋ ਗਏ। ਭਾਰਤ ਉਨ੍ਹਾਂ ਲਈ ‘ਹਫ਼ਤ ਹਿੰਦੂ’ ਭਾਵ ਸਪਤ ਸਿੰਧੂ (ਸਿੰਧ ਤੇ ਇਸ ਦੀਆਂ ਸਹਿਯੋਗੀ ਛੇ ਨਦੀਆਂ ਦਾ) ਦੇਸ਼ ਸੀ। ਇਹ ਪਰਵਾਸ ਇਕੋ ਹੱਲੇ ਨਹੀਂ ਹੋਇਆ। ਕਿਸ਼ਤਾਂ ’ਚ ਚੱਲਿਆ। ਦੱਖਣ ਭਾਰਤ ਦਾ ਬਹੁਤ ਸੀਮਤ ਜਿਹਾ ਇਲਾਕਾ ਅਜਿਹਾ ਬਚਿਆ ਜਿੱਥੇ ਆਰੀਅਨ ਨਹੀਂ ਪਹੁੰਚੇ। ਇਸ ਤਰ੍ਹਾਂ ਭਾਰਤ, ਆਰੀਆਂ ਜਾਂ ਆਰੀਅਨਾਂ ਦੀ ਮੁੱਖ ਕਰਮ-ਭੂਮੀ ਬਣ ਗਿਆ।
ਉਪਰੋਕਤ ਸਾਰਾ ਕਥਾਕ੍ਰਮ ਇਤਿਹਾਸਕਾਰ ਚਾਰਲਸ ਐਲੇੱਨ ਦੀ ਨਵੀਂ ਕਿਤਾਬ ‘ਆਰੀਅਨਜ਼’ (ਹੈਚੈੱਟ ਇੰਡੀਆ; 400 ਪੰਨੇ; 799 ਰੁਪਏ) ਦਾ ਇਕ ਛੋਟਾ ਜਿਹਾ ਹਿੱਸਾ ਹੈ। ਬੜੀ ਪੁਰਲੁਤਫ਼ ਹੈ ਇਹ ਕਿਤਾਬ। ਆਰੀਅਨਜ਼ ਦਾ ਹੁਣ ਤਕ ਦਾ ਬਿਰਤਾਂਤ ਪੇਸ਼ ਕਰਨ ਵਾਲੀ, ਉਹ ਵੀ ਇਸ ਨੂੰ ਅਕਾਦਮਿਕ ਖੁਸ਼ਕੀ ਤੋਂ ਬਚਾਅ ਕੇ। ਐਲੈੱਨ ਦੀ ਇਹ ਆਖ਼ਰੀ ਕਿਤਾਬ ਸੀ। 2020 ਵਿਚ ਇੰਤਕਾਲ ਹੋਣ ਤੋਂ ਪਹਿਲਾਂ ਉਹ ਇਸ ਕਿਤਾਬ ਦਾ ਖਰੜਾ ਮੁਕੰਮਲ ਕਰ ਚੁੱਕਾ ਸੀ। ਇਸ ਖਰੜੇ ਨੂੰ ਆਪਣੀ ਸੰਪਾਦਕੀ ਧਾਰ ਤੇ ਮੁਹਾਰਤ ਰਾਹੀਂ ਲਿਸ਼ਕਾ-ਪੁਸ਼ਕਾ ਕੇ ਪਾਠਕਾਂ ਸਾਹਮਣੇ ਪਰੋਸਣ ਦਾ ਕੰਮ ਡੇਵਿਡ ਲੌਇਨ ਨੇ ਕੀਤਾ ਜੋ ਖ਼ੁਦ ਵੀ ਨਾਮੀ ਇਤਿਹਾਸਕਾਰ ਹੈ। ਉਸ ਵੱਲੋਂ ਲਿਖੀ ਗਈ ਭੂਮਿਕਾ ਸਮੁੱਚੇ ਵਿਸ਼ੇ ਉੱਤੇ ਉਸ ਦੀ ਪਕੜ ਦੀ ਉਮਦਾ ਮਿਸਾਲ ਹੈ। ਐਲੇੱਨ ਦਾ ਕਾਰਜ ਖੇਤਰ ਬੜਾ ਵਸੀਹ ਸੀ। ਉਸ ਨੂੰ ਮੁੱਖ ਰੂਪ ਵਿਚ ਭਾਰਤ-ਸ਼ਾਸਤਰੀ (ਭਾਵ ਭਾਰਤੀ ਇਤਿਹਾਸ ਦਾ ਮਾਹਿਰ) ਮੰਨਿਆ ਜਾਂਦਾ ਹੈ, ਪਰ ਅਸਲ ਵਿਚ ਉਸ ਨੇ ਚੀਨ, ਤਿੱਬਤ, ਦੱਖਣੀ ਚੀਨ ਸਾਗਰ ਤੇ ਇਰਾਨ ਬਾਰੇ ਵੀ ਕਿਤਾਬਾਂ ਲਿਖੀਆਂ। ਉਸ ਵੱਲੋਂ ਲਿਖੀਆਂ ਕਿਤਾਬਾਂ ਦੀ ਗਿਣਤੀ 26 ਹੈ। ਸ਼ਾਇਦ ਇਸੇ ਲਈ ਇਤਿਹਾਸਕਾਰਾਂ ਦਾ ਇਕ ਵਰਗ ਵਿਸ਼ੇਸ਼ ਉਸ ਨੂੰ ‘ਪੌਪ ਇਤਿਹਾਸਕਾਰ’ ਦਾ ਦਰਜਾ ਦਿੰਦਾ ਆਇਆ ਹੈ; ਪੌਪ ਇਤਿਹਾਸਕਾਰ ਭਾਵ ਕਹਾਣੀਆਂ ਵੱਧ, ਤੱਥ ਮੂਲਕ ਸਮੱਗਰੀ ਘੱਟ। ਪਰ ਅਸਲੀਅਤ ਅਜਿਹੀ ਨਹੀਂ। ‘ਆਰੀਅਨਜ਼’ ਤੋਂ ਪਹਿਲਾਂ ਮੈਂ ਉਸ ਦੀਆਂ ਪੰਜ ਕਿਤਾਬਾਂ ਪੜ੍ਹੀਆਂ ਹਨ। ਸਾਰੀਆਂ ਅਕਾਦਮਿਕ ਅਕੀਦਿਆਂ ਪੱਖੋਂ ਵੀ ਪ੍ਰਭਾਵਸ਼ਾਲੀ ਤੇ ਪੜ੍ਹਨਯੋਗਤਾ ਪੱਖੋਂ ਵੀ। ਉਸ ਦੀ ‘ਅਸ਼ੋਕਾ’ ਖ਼ਾਸ ਤੌਰ ’ਤੇ ਜ਼ਿਕਰਯੋਗ ਹੈ।
ਇਹ ਕਿਤਾਬ ਸਮਰਾਟ ਅਸ਼ੋਕ ਦੀ ਸ਼ਖ਼ਸੀਅਤ ਅੰਦਰਲੀਆਂ ਖ਼ੂਬੀਆਂ-ਖ਼ਾਮੀਆਂ ਦਾ ਖ਼ੂਬਸੂਰਤ ਖੁਲਾਸਾ ਹੈ। ਐਲੇੱਨ ਨੇ ਇਸ ਵਿਚ ਦਲੀਲਾਂ ਤੇ ਸਬੂਤਾਂ ਦੇ ਆਧਾਰ ’ਤੇ ਦੱਸਿਆ ਹੈ ਕਿ ਜੇਕਰ ਅਜੋਕੇ ਭਾਰਤ ਵਿਚੋਂ ਬੁੱਧ-ਮਤ ਲਗਪਗ ਗਾਇਬ ਹੈ (85 ਲੱਖ ਬੋਧੀ ਹਨ ਸਾਡੇ ਮੁਲਕ ਵਿਚ, ਕੁੱਲ ਕੌਮੀ ਵਸੋਂ ਦਾ 0.7 ਪ੍ਰਤੀਸ਼ਤ), ਤਾਂ ਇਸ ਸਥਿਤੀ ਵਾਸਤੇ ਸਮਰਾਟ ਅਸ਼ੋਕ ਵੀ ਜ਼ਿੰਮੇਵਾਰ ਸੀ। ਉਸ ਨੇ ਖ਼ੁਦ ਬੁੱਧ-ਮਤ ਅਪਣਾਉਣ ਮਗਰੋਂ ਆਪਣੇ ਸਾਮਰਾਜ ਦੇ ਸਾਰੇ ਹਿੱਸਿਆਂ ਵਿਚ ਧਰਮ ਪਰਿਵਰਤਨ ਦੀ ਲਹਿਰ ਚਲਾਈ। ਇਸ ਲਹਿਰ ਵਿਚ ਸਖ਼ਤੀ ਤੇ ਜਬਰ ਵੀ ਆ ਘੁਸੇ। ਨਤੀਜਾ ਇਹ ਹੋਇਆ ਕਿ ਅਸ਼ੋਕ ਦੇ ਇੰਤਕਾਲ ਦੇ ਸਿਰਫ਼ ਅੱਠ ਵਰ੍ਹਿਆਂ ਦੇ ਅੰਦਰ ਬੁੱਧ-ਮਤ ਭਾਰਤੀ-ਭੂਮੀ (ਜੋ ਉਸ ਸਮੇਂ ਸਮੁੱਚੇ ਅਫ਼ਗਾਨਿਸਤਾਨ ਤੋਂ ਲੈ ਕੇ ਪੂਰਬ ਵਿਚ ਕਾਮਰੂਪ ਤੱਕ ਅਤੇ ਦੱਖਣ ਵਿਚ ਰਮੇਸ਼ਵਰਮ ਤੱਕ ਫੈਲੀ ਹੋਈ ਸੀ) ਵਿਚੋਂ ਤਕਰੀਬਨ ਗਾਇਬ ਹੋ ਗਿਆ। ਸਮਰਾਟ ਅਸ਼ੋਕ ਦੇ ਇਸ ਸ਼ਖ਼ਸੀ ਪੱਖ ’ਤੇ ਬਹੁਤ ਘੱਟ ਇਤਿਹਾਸਕਾਰਾਂ ਨੇ ਉਂਗਲ ਰੱਖੀ ਹੈ; ਐਲੇੱਨ ਇਨ੍ਹਾਂ ਵਿਚੋਂ ਮੋਹਰੀ ਸੀ।
‘ਆਰੀਅਨਜ਼’ ਉਸ ਦੀਆਂ ਹੋਰਨਾਂ ਸਿਰਜਣਾਵਾਂ ਦੀ ਬਨਿਸਬਤ ਸ਼ਾਇਦ ਇਸ ਕਰਕੇ ਵੱਧ ਪ੍ਰਭਾਵਸ਼ਾਲੀ ਹੈ ਕਿ ਇਹ ਭਾਰਤੀ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀਆਂ ਮੌਜੂਦਾ ਨਿਜ਼ਾਮ ਦੀਆਂ ਕੋਸ਼ਿਸ਼ਾਂ ਨੂੰ ਤਾਰਕਿਕ ਢੰਗ ਨਾਲ ਨਾਕਾਮ ਬਣਾਉਣ ਦੀ ਚਾਹਤ ਤੋਂ ਉਪਜੀ ਹੈ। ਸੰਘ ਪਰਿਵਾਰ ਦੇ ਸਰਵੋ-ਸਰਵਾ, ਖ਼ਾਸ ਕਰਕੇ ਮਰਹੂਮ ਸਰਸੰਘ ਸੰਚਾਲਕ, ਗੁਰੂ ਗੋਵਲਕਰ, ਇਸ ਮਿੱਥ ਨੂੰ ਤੱਥ ਵਿਚ ਬਦਲਣ ਦੇ ਯਤਨਸ਼ੀਲ ਰਹੇ ਹਨ ਕਿ ਆਰੀਅਨਜ਼ ਵਿਦੇਸ਼ੀ ਧਾੜਵੀ ਨਹੀਂ ਸਨ, ਉਹ ਤਾਂ ਭਾਰਤੀ ਭੂਮੀ ਦੇ ਹੀ ਅਸਲ ਬਾਸ਼ਿੰਦੇ ਸਨ। ਉਹ ਇੱਥੋਂ ਹੀ ਪਰਵਾਸ ਕਰ ਕੇ ਏਸ਼ੀਆ ਤੇ ਯੂਰੋਪ ਦੇ ਵੱਖ-ਵੱਖ ਹਿੱਸਿਆਂ ਵਿਚ ਗਏ। ਐਲੇੱਨ ਨੇ ਇਤਿਹਾਸ, ਵਿਗਿਆਨ, ਪੁਰਾਲੇਖਾਂ ਤੇ ਹੋਰ ਪੁਰਾਤੱਤਵੀ ਸਮੱਗਰੀ ਅਤੇ ਭਾਸ਼ਾ-ਵਿਗਿਆਨਕ ਮਿਸਾਲਾਂ ਦੇ ਜ਼ਰੀਏ ਇਹ ਦਰਸਾਇਆ ਹੈ ਕਿ ਸਤਿਯੁੱਗ, ਤਰੇਤਾ ਜਾਂ ਦੁਆਪਰ ਹਜ਼ਾਰਾਂ ਵਰ੍ਹੇ ਲੰਬੇ ਨਹੀਂ ਸਨ। ਕਿਉਂਕਿ ਕਲਯੁੱਗ ਮੁੱਕਣ ਦਾ ਨਾਮ ਨਹੀਂ ਲੈ ਰਿਹਾ, ਇਸ ਲਈ ਬਾਕੀ ਯੁੱਗਾਂ ਨੂੰ ਵੀ ਇਸ ਵਰਗਾ ਉਮਰਦਰਾਜ਼ ਬਣਾਉਣਾ ਮਿੱਥ-ਨਿਰਮਾਤਾਵਾਂ ਦੀ ਮਜਬੂਰੀ ਬਣ ਚੁੱਕਾ ਹੈ। ‘ਆਰੀਅਨਜ਼’ ਦਾ ਪਹਿਲਾ ਅਧਿਆਇ ‘ਸੁਪਰਮੈਨ ਦਾ ਉਭਾਰ ਤੇ ਪਤਨ’ ਅਜਿਹੇ ਮਿੱਥ-ਮੇਕਰਾਂ ਦੀਆਂ ਕੁਚਾਲਾਂ ’ਤੇ ਕੇਂਦ੍ਰਿਤ ਹੈ। ਇਹ ਅਧਿਆਇ ਵਿਗਿਆਨਕ ਹਕੀਕਤਾਂ ਨੂੰ ਦਫ਼ਨ ਕਰਨ ਦੇ ਯਤਨਾਂ ਦੀ ਤਵਾਰੀਖ਼ ਪੇਸ਼ ਕਰਨ ਤੋਂ ਇਲਾਵਾ ਅਜਿਹੇ ਯਤਨਾਂ ਕਾਰਨ ਵਾਪਰਨ ਵਾਲੇ ਦੁਖਾਂਤਾਂ ਦਾ ਖੁਲਾਸਾ ਵੀ ਪੇਸ਼ ਕਰਦਾ ਹੈ।
ਕਿਤਾਬ ਜਿਨ੍ਹਾਂ ਤੱਥਾਂ ਦੀ ਸਪੱਸ਼ਟ ਨਿਸ਼ਾਨਦੇਹੀ ਕਰਦੀ ਹੈ, ਉਨ੍ਹਾਂ ਵਿਚੋਂ ਕੁਝ ਇਸ ਤਰ੍ਹਾਂ ਹਨ:
- ਆਰੀਅਨ ਦੁੱਧ ਪੀਣ, ਘੋੜਸਵਾਰੀ ਕਰਨ ਅਤੇ ਹਰ ਸਮੇਂ ਸੁਖਾਵੀਆਂ ਥਾਵਾਂ ਦੀ ਤਲਾਸ਼ ਕਰਨ ਵਾਲੀ ਪਹਿਲੀ ਆਦਮ ਪ੍ਰਜਾਤੀ ਸਨ। ਉਹ ਹਿੰਦ-ਯੂਰੋਪੀਅਨ ਮੂਲ ਭਾਸ਼ਾ ਬੋਲਦੇ ਸਨ ਜੋ ਸਮੇਂ ਦੇ ਨਾਲ-ਨਾਲ ਵੱਖ-ਵੱਖ ਖੇਤਰੀ ਜਾਂ ਕੌਮੀ ਭਾਸ਼ਾਵਾਂ ਵਿਚ ਬਦਲਦੀ ਗਈ।
- ਪਹਿਲੀ ਵਾਰ ‘ਆਰੀਆ’ ਸ਼ਬਦ ਰਿਗਵੇਦ ਵਿਚ ਵਰਤਿਆ ਗਿਆ ਅਤੇ ਉਸ ਤੋਂ ਬਾਅਦ ਜ਼ਰਤੁਸ਼ਤੀ (ਜ਼ਾਰੋਐਸਟ੍ਰੀਅਨ ਜਾਂ ਪਾਰਸੀ) ‘ਅਵੇਸਤਾ’ (ਧਾਰਮਿਕ ਗਰੰਥ) ਵਿਚ। ਹਿੰਦੂ ਤੇ ਪਾਰਸੀ ਧਰਮ-ਗਰੰਥਾਂ ਵਿਚ ਬਹੁਤ ਸਾਰੇ ਸ਼ਬਦ ਅਜਿਹੇ ਹਨ ਜੋ ਅਰਥਾਂ ਤੇ ਭਾਵਾਂ ਪੱਖੋਂ ਇਕ-ਦੂਜੇ ਨਾਲ ਮਿਲਦੇ ਹਨ।
- ਸੰਸਕ੍ਰਿਤ, ਫਾਰਸੀ ਅਤੇ ਕਈ ਯੂਰੋਪੀਅਨ ਭਾਸ਼ਾਵਾਂ ਵਿਚ ਇਕੋ ਜਿਹੇ ਸ਼ਬਦਾਂ ਦਾ ਵਜੂਦ, ਪਰਵਾਸ ਤੋਂ ਪਹਿਲਾਂ ਸਭਨਾਂ ਦਾ ਵਜੂਦ ਸਾਂਝਾ ਹੋਣ ਦਾ ਅਹਿਮ ਸਰੋਤ ਹੈ। ਐਲੇੱਨ ਆਪ ਵੀ ਮਹਿਸੂਸ ਕਰਦਾ ਸੀ ਕਿ ਉਸ ਦਾ ਨਾਮ ‘ਆਰੀਅਨ’ ਦਾ ਵਿਗੜਿਆ ਕੈਲਟਿਕ (ਬ੍ਰਿਟਿਸ਼) ਰੂਪ ਹੋ ਸਕਦਾ ਹੈ।
- ਮੱਧ ਏਸ਼ੀਆ ਜਾਂ ਦੱਖਣ-ਪੂਰਬੀ ਯੂਰੋਪ ਤੋਂ ਆਏ ਪਰਵਾਸੀ ਪਹਿਲਾਂ ਇਰਾਨ ਵਿਚ ਵਸੇ। ਉੱਥੇ ਉਨ੍ਹਾਂ ਵਿਚ ਮੱਤਭੇਦ ਪੈਦਾ ਹੋਣ ਕਾਰਨ ਕਈ ਕਬੀਲੇ, ਵਹੀਰਾਂ ਦੇ ਰੂਪ ਵਿਚ ਭਾਰਤ ਆ ਗਏ। ਮੱਤਭੇਦਾਂ ਵਾਲਾ ਸਿਧਾਂਤ, ਸ਼ਬਦਾਂ ਦੇ ਅਰਥਾਂ ਵਿਚ ਆਏ ਵਿਗਾੜਾਂ ਤੋਂ ਪੜ੍ਹਿਆ ਜਾ ਸਕਦਾ ਹੈ। ਮਸਲਨ, ‘ਦੇਵਾ’ ਤੋਂ ਕੈਲਟਿਕ ਜਾਂ ਸੰਸਕ੍ਰਿਤ ਵਿਚ ਭਾਵ ਹੈ ਦੇਵਤਾ ਜਾਂ ਰੱਬੀ ਅਵਤਾਰ ਪਰ ਜ਼ਰਤੁਸ਼ਤੀ (ਮੂਲ ਪਾਰਸੀ) ਵਿਚ ਇਹ ਸ਼ਬਦ ਮਲੇਛ ਜਾਂ ਦਾਨਵ ਲਈ ਵਰਤਿਆ ਜਾਂਦਾ ਹੈ।
- ਗਊ ਸ਼ਬਦ ਭਾਰਤੀ ਭਾਸ਼ਾਵਾਂ ਵਿਚ ਆਮ ਵਰਤਿਆ ਜਾਂਦਾ ਹੈ, ਪਰ ਕੈਲਟਿਕ ਵਿਚ ਵੀ ਇਹ Gow ਵਜੋਂ ਮੌਜੂਦ ਹੈ। ਇਸੇ ਤਰ੍ਹਾਂ ਯੂਕਰੇਨੀ ਵਿਚ ਗਊ ਲਈ ‘ਗੌ’ ਸ਼ਬਦ ਵਰਤਿਆ ਜਾਂਦਾ ਹੈ। ਸੂਰ ਲਈ ਯੂਕਰੇਨੀ ਜਾਂ ਪੋਲਿਸ਼ ‘ਸਿਊ’ (ਅੰਗਰੇਜ਼ੀ ’ਚ ਸਵਾਈਨ) ਸ਼ਬਦ ਵੀ ਇਕੋ ਭਾਸ਼ਾਈ ਮੁੱਢ ਦਾ ਪ੍ਰਮਾਣ ਹੈ। ਕਈ ਪੂਰਬੀ ਯੂਰੋਪੀਅਨ ਭਾਸ਼ਾਵਾਂ ਵਿਚ ਹੰਸ ਲਈ ਗੰਸ (Ghuns) ਦੀ ਵਰਤੋਂ ਵੀ ਉਪਰੋਕਤ ਥਿਓਰੀ ਨੂੰ ਮਜ਼ਬੂਤੀ ਬਖ਼ਸ਼ਦੀ ਹੈ।
- ਪ੍ਰਾਚੀਨ ਆਰੀਅਨ ਭੂਮੀ ਵਿਚਲੇ ਕੰਧ ਚਿੱਤਰਾਂ ’ਤੇ ਚੱਕੇ ਜਾਂ ਪਹੀਏ ਦੀ ਮੌਜੂਦਗੀ ਦਰਸਾਉਂਦੀ ਹੈ ਕਿ ਆਰੀਅਨ ਖਾਨਾਬਦੋਸ਼, ਚੱਕੇ ਦੇ ਮਹੱਤਵ ਤੋਂ ਵਾਕਫ਼ ਸਨ ਅਤੇ ਇਸ ਨੇ ਉਨ੍ਹਾਂ ਦੇ ਪਰਵਾਸ ਨੂੰ ਫੁਰਤੀਲਾ ਬਣਾਉਣ ਵਿਚ ਪ੍ਰਮੱਖ ਭੂਮਿਕਾ ਨਿਭਾਈ।
ਐਲੇੱਨ ਆਰੀਅਨਾਂ ਨੂੰ ਉਨ੍ਹਾਂ ਦੀ ਪ੍ਰਗਤੀ ਦੇ ਆਧਾਰ ’ਤੇ ਹੋਰਨਾਂ ਇਨਸਾਨੀ ਨਸਲਾਂ ਨਾਲੋਂ ਉਚੇਰੇ ਮੁਕਾਮ ’ਤੇ ਰੱਖਣ ਦੇ ਬਾਵਜੂਦ ‘ਆਰੀਅਨਵਾਦ’ ਖਿ਼ਲਾਫ਼ ਚੌਕਸ ਰਹਿਣ ਦੀਆਂ ਚਿਤਾਵਨੀਆਂ ਵਾਰ-ਵਾਰ ਦਿੰਦਾ ਹੈ। ਕਿਤਾਬ ਦੇ ਤਿੰਨ ਅਧਿਆਇ ਆਰੀਆ ਨਸਲ ਦੇ ਬਿਹਤਰ ਹੋਣ ਦੇ ਜਜ਼ਬੇ ਤੇ ਪ੍ਰਵਿਰਤੀ ਤੋਂ ਉਪਜੇ ਘੱਲੂਘਾਰਿਆਂ ਤੇ ਕਤਲੇਆਮਾਂ ਬਾਰੇ ਹਨ। ਇਹ ਦੱਸਦੇ ਹਨ ਕਿ ਆਰੀਅਨ ਜਿਹੜੀ ਧਰਤ ਤੋਂ ਉੱਭਰੇ, ਉਹ ਧਰਤੀ ਇਸ ਨਸਲ ਉੱਤੇ ਮੌਸਮੀ ਹਾਲਾਤ ਤੇ ਕੁਦਰਤੀ ਨਿਆਮਤਾਂ ਪੱਖੋਂ ਵੱਧ ਮਿਹਰਬਾਨ ਸੀ। ਇਹ ਨਸਲ ਇਨ੍ਹਾਂ ਮਿਹਰਬਾਨੀਆਂ ਨੂੰ ਬਿਹਤਰ ਢੰਗ ਨਾਲ ਭੁੰਨਾਉਣ ਵਿਚ ਵੀ ਕਾਮਯਾਬ ਰਹੀ। ਇਸ ਦੇ ਬਾਵਜੂਦ ਇਸ ਨਸਲ ਦੀਆਂ ਕਾਮਯਾਬੀਆਂ ਨੂੰ ਅਜੋਕੇ ਪ੍ਰਸੰਗ ਵਿਚ ਵਧਾ-ਚੜ੍ਹਾਅ ਕੇ ਦੇਖਣਾ ਜਾਇਜ਼ ਨਹੀਂ। ਕਿਤਾਬ ਨਵ-ਨਾਜ਼ੀਵਾਦ ਨੂੰ ‘ਆਰੀਅਨਵਾਦ’ ਦਾ ਹੀ ਇਕ ਰੂਪ ਮੰਨਦੀ ਹੈ ਅਤੇ ਇਸ ਦੇ ਹਿੰਦੂਤਵੀ ਅਵਤਾਰਾਂ ਤੋਂ ਵੀ ਬਚਣ ਦਾ ਸੱਦਾ ਦਿੰਦੀ ਹੈ। ਇਹ ਮੋਦੀਵਾਦੀ ਮਿੱਥਾਂ ਤੋਂ ਸੁਚੇਤ ਰਹਿਣ ਦੀ ਗੱਲ ਵੀ ਕਰਦੀ ਹੈ ਅਤੇ ਵਿਗਿਆਨਕ ਸਿਧਾਂਤਾਂ ਉੱਤੇ ਪਹਿਰਾ ਦਿੱਤੇ ਜਾਣ ਨੂੰ ਪਹਿਲ ਦਿੰਦੀ ਹੈ। ਇਹ ਵੀ ਇਕ ਵਿਡੰਬਨਾ ਹੈ ਕਿ ਇਹ ਕਿਤਾਬ ਉਸ ਸਮੇਂ ਮਾਰਕਿਟ ਵਿਚ ਆਈ ਹੈ ਜਦੋਂ ਡਾਇਨਾਸੌਰਾਂ ਦੇ ਪਥਰਾਟ ਬਣੇ ਅੰਡਿਆਂ ਨੂੰ ਕੁਲਦੇਵਤਿਆਂ ਵਜੋਂ ਪੂਜਣ ਦੀਆਂ ਖ਼ਬਰਾਂ ਧਾਰ (ਮੱਧ ਪ੍ਰਦੇਸ਼) ਤੋਂ ਆ ਰਹੀਆਂ ਹਨ। ਵਿਗਿਆਨਕ ਸੋਚ ਦਾ ਜਨਾਜ਼ਾ ਕਿਸ ਕਿਸ ਰੂਪ ਵਿਚ ਉੱਠ ਰਿਹਾ ਹੈ ਸਾਡੇ ਮੁਲਕ ਵਿਚ, ਇਸ ਦਾ ਪ੍ਰਮਾਣ ਹਨ ਇਹ ਖ਼ਬਰਾਂ।