ਕੋਲਕਾਤਾ, 24 ਦਸੰਬਰ
ਪੱਛਮੀ ਬੰਗਾਲ ਸਰਕਾਰ ਤੇ ਰਾਜ ਭਵਨ ਵਿਚ ਬਣੇ ਜਮੂਦ ਦਰਮਿਆਨ ਜਾਦਵਪੁਰ ਯੂਨੀਵਰਸਿਟੀ ਦੀ ਕਾਨਵੋਕੇਸ਼ਨ ਵਿੱਚ ਅੱਜ ਇਥੇ ਤਲਖ ਮਾਹੌਲ ਬਣਿਆ ਰਿਹਾ। ਰਾਜਪਾਲ ਸੀ.ਵੀ.ਆਨੰਦਾ ਬੋਸ ਜਿੱਥੇ ਸਮਾਗਮ ’ਚੋਂ ਗੈਰਹਾਜ਼ਰ ਰਹੇ, ਉਥੇ ਬੁੱਧਾਦੇਵ ਸਾਓ, ਜਿਨ੍ਹਾਂ ਨੂੰ ਬੋਸ ਨੇ ਅਨੁਸ਼ਾਸਨੀ ਅਧਾਰ ’ਤੇ ਕਾਰਜਕਾਰੀ ਉਪ ਕੁਲਪਤੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ, ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਕਾਨਵੋਕੇਸ਼ਨ ਦੌਰਾਨ ਪੰਜ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਡਿਗਰੀਆਂ ਤੇ ਸਰਟੀਫਿਕੇਟ ਦਿੱਤੇ ਗਏ। ਕਾਨਵੋਕੇੇਸ਼ਨ ਦੀ ਤਜਵੀਜ਼ਤ ਤਰੀਕ ਤੋਂ ਇਕ ਰਾਤ ਪਹਿਲਾਂ ਸਾਓ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ ਸੀ। ਰਾਜ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਨੇ ਰਾਜਪਾਲ ਦੇ ‘ਪੱਖਪਾਤੀ ਤੇ ਇਕਪਾਸੜ ਫੈਸਲੇ’ ਦੀ ਨੁਕਤਾਚੀਨੀ ਕਰਦੇ ਹੋਏ ਫੈਸਲੇ ਲੈਣ ਲਈ ਯੂਨੀਵਰਸਿਟੀ ਦੀ ਸਿਖਰਲੀ ਸੰਸਥਾ ‘ਦਿ ਕੋਰਟ’ ਨੂੰ ਅਪੀਲ ਕੀਤੀ ਸੀ ਕਿ ਵਿਦਿਆਰਥੀਆਂ ਦੇ ਭਲੇ ਲਈ ਸਾਓ ਨੂੰ ਆਪਣੀਆਂ ਤਾਕਤਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸਾਓ ਨੇ ਭਾਵੇਂ ਅਧਿਕਾਰਤ ਤੌਰ ’ਤੇ ਸਮਾਗਮ ਦਾ ਰਸਮੀ ਆਗਾਜ਼ ਕੀਤਾ, ਪਰ ਉਨ੍ਹਾਂ ਇਕੱਠ ਨੂੰ ਸੰਬੋਧਨ ਕਰਨ ਜਾਂ ਡਿਗਰੀਆਂ ਵੰਡਣ ਤੋਂ ਦੂਰੀ ਬਣਾਈ ਰੱਖੀ। ਉਹ ਮੰਚ ’ਤੇ ਚੁੱਪਚਾਪ ਬੈਠੇ ਰਹੇ। -ਪੀਟੀਆਈ