ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 25 ਦਸੰਬਰ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਅਤੇ ਪਾਰਟੀ ਲੀਡਰਸ਼ਿਪ ਤੋਂ ਪਾਸੇ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਵਿਰੋਧੀਆਂ ਵਲੋਂ ਦੇਸ਼ ਵਿਚ ਉਸ ਵਿਰੁੱਧ ਹਵਾ ਬਣਾਈ ਜਾ ਰਹੀ ਹੈ। ਮੀਡੀਆ ਨਾਲ ਗੱਲ ਕਰਦਿਆਂ ਟਰੂਡੋ ਨੇ ਕਿਹਾ ਕਿ ਬੇਸ਼ੱਕ 2023 ਦਾ ਸਾਲ ਉਨ੍ਹਾਂ ਦੀ ਸਰਕਾਰ ਲਈ ਚੁਣੌਤੀਆਂ ਭਰਿਆ ਸੀ, ਪਰ ਉਨ੍ਹਾਂ ਨੇ ਸਿਰੜ ਤੇ ਸਿਦਕ ਕਾਇਮ ਰੱਖਦਿਆਂ ਚੁਣੌਤੀਆਂ ਸਹਿਣ ਦੇ ਨਾਲ ਨਾਲ ਵੱਡੇ ਕੰਮ ਵੀ ਕੀਤੇ, ਜਿਨ੍ਹਾਂ ਵਿਚ ਚੋਣਾਂ ’ਚ ਵਿਦੇਸ਼ੀ ਦਖਲ ਦੀ ਜਾਂਚ ਤੇ ਮਿੱਤਰ ਦੇਸ਼ਾਂ ਨਾਲ ਸਾਂਝ ਨੂੰ ਮਜ਼ਬੂਤ ਕਰਨਾ ਪ੍ਰਮੁੱਖ ਹਨ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਮੰਦੀ ਦੇ ਜਿਸ ਦੌਰ ’ਚੋਂ ਦੁਨੀਆ ਲੰਘ ਰਹੀ ਹੈ, ਉਹ ਸੁਖਾਲਾ ਨਹੀਂ, ਪਰ ਉਨ੍ਹਾਂ ਦੀ ਸਰਕਾਰ ਹਰ ਕਦਮ ਫੂਕ ਫੂਕ ਕੇ ਪੱਟਦੀ ਹੋਈ ਅੱਗੇ ਵਧ ਰਹੀ ਹੈ ਤੇ ਆਰਥਿਕਤਾ ਦੀ ਰਫਤਾਰ ਹੋਰ ਦੇਸ਼ਾਂ ਦੇ ਮੁਕਾਬਲੇ ਬਹੁਤੀ ਮੱਠੀ ਨਹੀਂ ਪੈਣ ਦਿੱਤੀ।
ਇੱਕ ਸਵਾਲ ਦੇ ਜਵਾਬ ’ਚ ਜਸਟਿਨ ਟਰੂਡੋ ਨੇ ਗੰਭੀਰ ਹੁੰਦੇ ਹੋਏ ਕਿਹਾ ਕਿ ਬੇਸ਼ੱਕ ਵਿਰੋਧੀ ਆਗੂ ਪੀਅਰ ਪੋਲਿਵਰ ਵਲੋਂ ਕਾਰਬਨ ਟੈਕਸ ਨੂੰ ਵੱਡਾ ਮੁੱਦਾ ਬਣਾ ਕੇ ਪਾਰਲੀਮੈਂਟ ਅਤੇ ਹੋਰ ਥਾਵਾਂ ਤੇ ਪੇਸ਼ ਕਰਨ ਵਿਚ ਕਸਰ ਨਹੀਂ ਛੱਡੀ ਗਈ, ਪਰ ਉਨ੍ਹਾਂ ਦੀ ਸਰਕਾਰ ਨੇ ਸਮਾਜ ਦੇ ਹਰ ਵਰਗ ਅਤੇ ਖੇਤਰੀ ਲੋੜਾਂ ਵੱਲ ਉਚੇਚਾ ਧਿਆਨ ਦਿੰਦੇ ਹੋਏ ਕਾਰਗਰ ਕਦਮ ਪੁੱਟੇ ਹਨ, ਜਿੰਨਾਂ ਦੇ ਨਤੀਜੇ ਥੋੜੀ ਦੇਰ ਬਾਅਦ ਆਪਣੇ ਆਪ ਸਾਹਮਣੇ ਆਉਣ ਲੱਗ ਪੈਣਗੇ। ਉਨ੍ਹਾ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਸਮਝਣੀਆਂ ਤੇ ਸੁਲਝਾਉਣੀਆਂ ਹੀ ਸਿਆਸਤ ਹੈ, ਜਿਸ ਲਈ ਕਈ ਵਾਰ ਦੇਰ ਤਾਂ ਲੱਗੀ, ਪਰ ਉਨ੍ਹਾਂ ਵਲੋਂ ਮੂੰਹ ਫੇਰਨ ਦੀ ਗਲਤੀ ਨਹੀਂ ਕੀਤੀ ਗਈ। ਉਨ੍ਹਾਂ ਮੰਨਿਆ ਕਿ ਬੇਸ਼ੱਕ ਸਰਕਾਰ ਦੇ ਚੰਗੇ ਕੰਮਾਂ ਦੇ ਪ੍ਰਚਾਰ ਵਿਚ ਕਮੀ ਰਹੀ, ਪਰ ਹੁਣ ਉਹ ਖੁਦ ਲੋਕਾਂ ਵਿਚ ਵਿਚਰਕੇ ਇਸ ਬਾਰੇ ਦਸਣਗੇ। ਉਨ੍ਹਾਂ ਦੇਸ਼ ਦੇ ਚੌਕਸੀ ਵਿਭਾਗ ਦੀ ਕਾਰਗੁਜਾਰੀ ਉੱਤੇ ਫਖਰ ਮਹਿਸੂਸ ਕਰਦਿਆਂ ਕਿਹਾ ਕਿ ਅਫਸਰਾਂ ਨੇ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਦੇ ਭੇਦ ਲੀਕ ਹੋਣ ਤੋਂ ਬਚਾਏ ਤੇ ਵਿਦੇਸ਼ੀਆਂ ਦੀ ਹਰ ਹਰਕਤ ਉੱਤੇ ਨਜ਼ਰ ਰੱਖੀ। ਟਰੂਡੋ ਨੇ ਘਰਾਂ ਦੀ ਘਾਟ ਪੂਰੀ ਕਰਨ ਸਮੇਤ ਕਈ ਯੋਜਨਾਵਾਂ ਦਾ ਜ਼ਿਕਰ ਕੀਤਾ, ਜਿਸ ਲਈ ਵਿਸ਼ੇਸ਼ ਕਦਮ ਚੁੱਕੇ ਜਾਣ ਦਾ ਦਾਅਵਾ ਕੀਤਾ। ਪਤਨੀ ਤੋਂ ਵੱਖ ਹੋਣ ਬਾਰੇ ਪੁੱਛੇ ਜਾਣ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚਿਆਂ ਦੇ ਚੰਗੇ ਭਵਿੱਖ ਲਈ ਅੱਕ ਚੱਬਣਾ ਗਲਤੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਵੱਖ ਹੋਣ ਤੋਂ ਬਾਅਦ ਉਹ ਹੋਰ ਸਕਾਰਾਮਿਕ ਤੇ ਊਰਜਾਵਾਨ ਹੋਏ ਹਨ।