ਪੱਤਰ ਪ੍ਰੇਰਕ
ਜਲੰਧਰ, 25 ਦਸੰਬਰ
ਇੱਥੋਂ ਦੇ ਮਿਲਟਰੀ ਹਸਪਤਾਲ ’ਚ 8 ਸਾਲ ਤੱਕ ਕੋਮਾ ’ਚ ਰਹਿਣ ਤੋਂ ਬਾਅਦ ਭਾਰਤੀ ਨਾਇਕ ਦੀ ਮੌਤ ਹੋ ਗਈ। ਭਾਰਤੀ ਫੌਜ ਵਿੱਚ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੀ ਬਹਾਦਰੀ ਦੀ ਕਹਾਣੀ ਹਮੇਸ਼ਾ ਅਮਰ ਰਹੇਗੀ। ਆਪਣੇ ਦੋਸਤ ਨੂੰ ਬਚਾਉਣ ਲਈ ਕਰਨਬੀਰ ਸਿੰਘ ਨੇ ਦੁਸ਼ਮਣਾਂ ਦੀ ਗੋਲੀ ਆਪਣੇ ਸਰੀਰ ’ਤੇ ਖਾ ਲਈ ਸੀ।
ਐਤਵਾਰ ਦੇਰ ਰਾਤ ਨੂੰ ਉਨ੍ਹਾਂ ਨੇ ਜਲੰਧਰ ਛਾਉਣੀ ਦੇ ਮਿਲਟਰੀ ਹਸਪਤਾਲ ’ਚ ਆਖ਼ਰੀ ਸਾਹ ਲਿਆ। ਫ਼ੌਜੀ ਹਸਪਤਾਲ ਵਿੱਚ ਡਾਕਟਰ ਉਸ ਦੀ ਦੇਖਭਾਲ ਕਰ ਰਹੇ ਸਨ। ਉਨ੍ਹਾਂ ਨੂੰ ਰੋਜ਼ਾਨਾ ਭੋਜਨ ਲਈ ਸੂਪ ਅਤੇ ਜੂਸ ਦਿੱਤਾ ਗਿਆ। ਘਾਟੀ ’ਚ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਦੌਰਾਨ ਉਸ ਦੇ ਜਬਾੜੇ ’ਤੇ ਗੋਲੀ ਲੱਗੀ ਸੀ। ਦੱਸਿਆ ਜਾਂਦਾ ਹੈ ਕਿ ਕਲਾਸ਼ਨੀਕੋਵ ਰਾਈਫਲ ਦੀ ਗੋਲੀ ਨਾਲ ਉਸ ਦੀ ਜੀਭ ਤੇ ਅੱਧਾ ਚਿਹਰਾ ਖ਼ਰਾਬ ਹੋ ਗਿਆ ਸੀ। 22 ਨਵੰਬਰ 2015 ਨੂੰ ਕਸ਼ਮੀਰ ਘਾਟੀ ਵਿੱਚ ਕੁਪਵਾੜਾ ਸਰਹੱਦ ਤੋਂ 7 ਕਿਲੋਮੀਟਰ ਦੂਰ ਸੰਘਣੇ ਜੰਗਲ ਵਿੱਚ ਫੌਜ ਦਾ ਅਪਰੇਸ਼ਨ ਵਿੱਚ ਸ਼ਾਮਲ ਸਨ। ਉਹ 160 ਟੈਰੀਟੋਰੀਅਲ ਆਰਮੀ ਦਾ ਸੈਕਿੰਡ-ਇਨ-ਕਮਾਂਡ (293) ਸਨ। ਉਹ ਪਹਿਲਾਂ ਬ੍ਰਿਗੇਡ ਆਫ਼ ਗਾਰਡਜ਼ ਦੀ 19ਵੀਂ ਬਟਾਲੀਅਨ ਵਿੱਚ ਤਾਇਨਾਤ ਸਨ। ਕਰਨਬੀਰ ਸਿੰਘ ਨੱਤ ਨੂੰ ਉਨ੍ਹਾਂ ਦੀ ਬਹਾਦਰੀ ਲਈ ਸੈਨਾ ਮੈਡਲ ਨਾਲ ਵੀ ਸਨਮਾਨਿਆ ਗਿਆ। ਉਸ ਦਾ ਪਰਿਵਾਰ ਬਟਾਲਾ ਵਿੱਚ ਰਹਿੰਦਾ ਹੈ। ਉਸ ਦੇ ਪਿਤਾ ਜਗਤਾਰ ਸਿੰਘ ਫੌਜ ਵਿੱਚੋਂ ਕਰਨਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਨਵਪ੍ਰੀਤ ਕੌਰ ਤੇ ਧੀਆਂ ਅਸ਼ਮੀਤ ਅਤੇ ਗੁਨੀਤਾ ਹਨ।