ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 26 ਦਸੰਬਰ
ਮਾਲਵਾ ਖੇਤਰ ’ਚ ਅੱਜ ਸੰਘਣੀ ਧੁੰਦ ਦੀ ਚਾਦਰ ਤਣੀ ਰਹੀ। ਲੰਘੀ ਰਾਤ ਧੁੰਦ ਦਾ ਵਰਤਾਰਾ ਸਮੁੱਚੇ ਮਾਲਵੇ ’ਚ ਵੇਖਣ ਨੂੰ ਮਿਲਿਆ। ਦੁਪਹਿਰ ਵਕਤ ਬੱਦਲਾਂ ’ਚੋਂ ‘ਠੰਢੀ ਧੁੱਪ’ ਨਿੱਕਲੀ। ਮੌਸਮ ਦੇ ਮਿਜ਼ਾਜ ਦਾ ਵਿਸ਼ੇਸ਼ ਪਹਿਲੂ ਇਹ ਰਿਹਾ ਕਿ ਬਠਿੰਡਾ ਪੰਜਾਬ ਦੇ ਹੋਰਨਾਂ ਖੇਤਰਾਂ ’ਚੋਂ ਜਿੱਥੇ ਸਭ ਤੋਂ ਠੰਢਾ-ਯਖ਼ ਰਿਹਾ, ਉਥੇ ਦਿਨੇ ਪੰਜਾਬ ਦਾ ਸਭ ਤੋਂ ਜ਼ਿਆਦਾ ਤਾਪਮਾਨ ਵੀ ਬਠਿੰਡਾ ਦਾ ਹੀ ਨੋਟ ਕੀਤਾ ਗਿਆ। ਦਿਨੇ ਛਟੀ ਧੁੰਦ ਨੇ ਮੰਗਲਵਾਰ ਸ਼ਾਮ ਨੂੰ 6 ਵਜੇ ਫਿਰ ਸਮੁੱਚੀ ਫ਼ਿਜ਼ਾ ਨੂੰ ਆਪਣੇ ਕਲਾਵੇ ’ਚ ਲੈਣਾ ਸ਼ੁਰੂ ਕਰ ਦਿੱਤਾ ਸੀ। ਬਠਿੰਡਾ ’ਚ ਅੱਜ ਘੱਟ ਤੋਂ ਘੱਟ ਤਾਪਮਾਨ 6.4 ਅਤੇ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹੇਠਲਾ ਤਾਪਮਾਨ ਬਠਿੰਡੇ ਤੋਂ ਵੱਧ ਪਠਾਨਕੋਟ ’ਚ 6.5, ਸ਼ਹੀਦ ਭਗਤ ਸਿੰਘ ਨਗਰ ਵਿੱਚ 6.7, ਗੁਰਦਾਸਪੁਰ ’ਚ 7.0 ਨੋਟ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ 1 ਜਨਵਰੀ ਤੱਕ ਵਰਖਾ ਦੇ ਪੱਖ ਤੋਂ ਮੌਸਮ ਖ਼ੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ ਪਰ 27 ਦਸੰਬਰ ਨੂੰ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਉਂਜ ਧੁੰਦ ਦਾ ਪ੍ਰਕੋਪ 30 ਜਨਵਰੀ ਤੱਕ ਹੀ ਜਾਰੀ ਰਹੇਗਾ। ਮੌਸਮ ’ਚ ਆਏ ਇਕਦਮ ਬਦਲਾਅ ਸਦਕਾ ਲੋਕਾਂ ਨੇ ਠੰਢ ਤੋਂ ਬਚਣ ਲਈ ਉਪਾਅ ਸ਼ੁਰੂ ਕਰ ਦਿੱਤੇ ਹਨ। ਮਾਰਕੀਟ ਵਿਚਲੇ ਸੂਤਰਾਂ ਮੁਤਾਬਿਕ ਸਰਦੀਆਂ ਦੇ ਕੱਪੜਿਆਂ ਦੀ ਖ਼ਰੀਦੋ-ਫ਼ਰੋਖ਼ਤ ਵਿਚ ਇਜ਼ਾਫ਼ਾ ਹੋਇਆ ਹੈ। ਇਸ ਦੇ ਨਾਲ ਹੀ ਗਰਮ ਤਾਸੀਰ ਵਾਲੇ ਖਾਧ ਪਦਾਰਥਾਂ ਦੀ ਵੀ ਘਰਾਂ ’ਚੋਂ ਵਰਤੋਂ ਵਧੀ ਹੈ। ਲੋਕਾਂ ਨੇ ਆਪਣੇ ਵਿਤ ਮੁਤਾਬਿਕ ਸੁੱਕੇ ਮੇਵੇ, ਖੋਏ ਅਤੇ ਪੰਜੀਰੀ ਸਮੇਤ ਸਰਦੀ ਲੱਗਣ ਤੋਂ ਬਚਾਅ ਰੱਖਦੀਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਵਰਤੋਂ ਵਧਾ ਦਿੱਤੀ ਹੈ।
ਮਾਨਸਾ (ਪੱਤਰ ਪ੍ਰੇਰਕ): ਮਾਲਵਾ ਖੇਤਰ ਵਿਚ ਪੈ ਰਹੀ ਭਾਰੀ ਠੰਢ ਨੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਬਰੇਕ ਲਗਾ ਦਿੱਤੀ ਹੈ। ਭਾਰੀ ਧੁੰਦ ਅਤੇ ਠੰਢ ਕਾਰਨ ਅਨੇਕਾਂ ਕੰਮਕਾਜ ਠੱਪ ਹੋਕੇ ਰਹੇ ਗਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਪਾਲ ਵੱਲੋਂ ਦਿੱਤੀ ਜਾਣਕਾਰੀ ਤੋਂ ਪਤਾ ਲੱਗਾ ਕਿ 28 ਦਸੰਬਰ ਤੱਕ ਪੰਜਾਬ ਵਿੱਚ ਸੀਤ ਲਹਿਰ ਚੱਲਣ ਦੀ ਸੰਭਾਵਾਨਾ ਹੈ। ਉਨ੍ਹਾਂ ਦੱਸਿਆ ਕਿ ਹਵਾ ਵਿੱਚ ਨਮੀ ਦੀ ਔਸਤ ਮਾਤਰਾ ਸਵੇਰ ਸਮੇਂ 94 ਤੋਂ 86 ਫੀਸਦੀ ਰਹਿਣ ਦਾ ਅਨੁਮਾਨ ਹੈ।
ਕਾਲਾਂਵਾਲੀ ਵਿੱਚ ਧੁੰਦ ਕਾਰਨ ਸੜਕੀ ਤੇ ਰੇਲ ਆਵਾਜਾਈ ਪ੍ਰਭਾਵਿਤ
ਕਾਲਾਂਵਾਲੀ (ਪੱਤਰ ਪ੍ਰੇਰਕ): ਦੋ ਦਿਨਾਂ ਤੋਂ ਪੈ ਰਹੀ ਧੁੰਦ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸਵੇਰ ਵੇਲੇ ਸੰਘਣੀ ਧੁੰਦ ਕਾਰਨ ਸ਼ਹਿਰੀ ਖੇਤਰ ਵਿੱਚ ਦਿਸਣ ਹੱਦ ਪੰਜ ਮੀਟਰ ਦੇ ਕਰੀਬ ਸੀ ਜਦੋਂ ਕਿ ਪੇਂਡੂ ਖੇਤਰਾਂ ਵਿੱਚ ਇਹ ਪੰਜ ਤੋਂ ਵੀ ਹੇਠ ਦਰਜ ਕੀਤੀ ਗਈ। ਦਿਸਣ ਹੱਦ ਘਟਣ ਕਾਰਨ ਵਾਹਨਾਂ ਦੀ ਰਫ਼ਤਾਰ ਮੱਠੀ ਰਹੀ। ਧੁੰਦ ਕਾਰਨ ਰੇਲਵੇ ਸੇਵਾ ਵੀ ਪ੍ਰਭਾਵਿਤ ਹੋਈ। ਕਿਸਾਨ ਐਕਸਪ੍ਰੈਸ ਅਤੇ ਰੇਵਾੜੀ-ਫਾਜ਼ਿਲਕਾ ਰੇਲਗੱਡੀ ਕਰੀਬ ਅੱਧਾ ਘੰਟਾ ਦੇਰੀ ਨਾਲ ਕਾਲਾਂਵਾਲੀ ਰੇਲਵੇ ਸਟੇਸ਼ਨ ’ਤੇ ਪੁੱਜੀ। ਸਵੇਰੇ ਨੌਂ ਵਜੇ ਤੱਕ ਧੁੰਦ ਛਾਈ ਰਹਿਣ ਕਾਰਨ ਕੰਮਕਾਜੀ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦਸ ਵਜੇ ਤੋਂ ਬਾਅਦ ਜਦੋਂ ਸੂਰਜ ਨਿਕਲਿਆ ਤਾਂ ਧੁੰਦ ਸਾਫ਼ ਹੋ ਗਈ। ਕਿਸਾਨ ਸਤਪਾਲ ਸਿੰਘ, ਮੱਖਣ ਸਿੰਘ, ਸਾਧੂ ਸਿੰਘ, ਗੁਰਪਿਆਰ ਸਿੰਘ ਆਦਿ ਨੇ ਦੱਸਿਆ ਕਿ ਅਚਾਨਕ ਪਈ ਧੁੰਦ ਕਾਰਨ ਕਣਕ ਦੀ ਫ਼ਸਲ ਨੂੰ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੀਂਹ ਪੈਂਦਾ ਹੈ ਤਾਂ ਫਸਲਾਂ ਨੂੰ ਹੋਰ ਵੀ ਫਾਇਦਾ ਹੋਵੇਗਾ।