ਸ਼ਾਮ ਸਿੰਘ
ਨਿੱਕੀਆਂ ਨਿੱਕੀਆਂ ਜਿੰਦਾਂ ਵੀਰੋ,
ਵੱਡੇ ਸਾਕੇ ਕਰ ਗਈਆਂ।
ਧਰਮ ਦੀਆਂ ਤਲੀਆਂ ਦੇ ਉੱਤੇ
ਜਗਦੀਆਂ ਰੂਹਾਂ ਧਰ ਗਈਆਂ।
ਰਿਹਾ ਸ਼ੂਕਦਾ ਜ਼ੁਲਮ ਦਾ ਜੰਗਲ,
ਉਂਗਲਾਂ ਮੂੰਹ ਵਿੱਚ ਲੋਕਾਂ ਦੇ।
ਨੀਹਾਂ ਨੂੰ ਗੱਲਾਂ ਵਿੱਚ ਲਾ ਕੇ,
ਆਪ ਉਡਾਰੀ ਭਰ ਗਈਆਂ।
ਦੁਖੀ ਦੁਖੀ ਸਨ ਦਿਲ ਲੋਕਾਂ ਦੇ,
ਹੌਂਸਲੇ ਸਭ ਦੇ ਪਸਤ ਹੋਏ।
ਸਾਹਿਲ ਤੇ ਖਲੋਤੇ ਤੜਫ਼ ਰਹੇ,
ਪਰ ਉਹ ਤਾਂ ਸਾਗਰ ਤਰ ਗਈਆਂ।
ਅੰਬਰ ਉੱਚੀ ਆਵਾਜ਼ਾਂ ਮਾਰੇ,
ਘਬਰਾਇਓ ਘਬਰਾਇਓ ਨਾ,
ਧਰਤੀ ਨੂੰ ਗਲਵਕੜੀ ਪਾ ਕੇ
ਜਿੰਦਾਂ ਰੱਬ ਦੇ ਘਰ ਗਈਆਂ।
ਰਾਹ ਸ਼ਹੀਦੀ ਵਾਲਾ ਫੜਨਾ,
ਕਿਸੇ ਉਮਰ ਵਿੱਚ ਸੌਖਾ ਨਹੀਂ,
ਤਾਰ ਬਿਆਨੇ ਨਿੱਕੀ ਉਮਰੇ
ਸਿੱਖੀ ਦੀਆਂ ਨੀਹਾਂ ਭਰ ਗਈਆਂ।
ਨਿੱਕੀ ਉਮਰੇ ਏਸ ਤਰ੍ਹਾਂ ਦਾ,
ਸਾਕਾ ਕਿਧਰੇ ਹੋਇਆ ਨਹੀਂ,
ਦਸਮ ਗੁਰੂ ਦੀਆਂ ਏਹ ਜੋਤਾਂ,
ਜੋ ਏਹ ਸਾਕਾ ਕਰ ਗਈਆਂ।
ਸੈਂਕੜੇ ਵਾਰ ਸਲਾਮਾਂ ਕਰੀਏ,
ਨਮਸਕਾਰ ਲੱਖ ਲੱਖ ਵਾਰੀ।
ਹਾਕਮਾਂ ਦੇ ਘੋਰ ਜ਼ੁਲਮ ਚੋਂ,
ਲੰਘ ਜੰਨਤ ਦੇ ਦਰ ਗਈਆਂ।
ਸੰਪਰਕ: 98141-13338
* * *
ਮੁਕੱਦਸ ਧਰਤ ਨੂੰ ਸਿਜਦਾ
ਮਨਮੋਹਨ ਸਿੰਘ ਦਾਊਂ
ਇਹ ਫ਼ਤਹਿਗੜ੍ਹ ਸਾਹਿਬ ਹੈ ਪਿਆਰੇ,
ਖ਼ੂਨੀ ਇਤਿਹਾਸ ਦੀ ਗੱਲ ਕਰਦਾ।
ਗੁਰਦੁਆਰਾ ਸਾਹਿਬ ਸੁੰਦਰ-ਸਜੀਲਾ,
ਸਫ਼ਰ-ਏ-ਸ਼ਹਾਦਤ ਦੀ ਗੁਆਹੀ ਭਰਦਾ।
ਸੰਗਤਾਂ ਦਾ ਉਮੜਦਾ ਸੈਲਾਬ
ਜੋਸ਼ ਤੇ ਉਤਸ਼ਾਹ ਬੇਹਿਸਾਬ
ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ
ਅਕੀਦਤ ਕਰਦੀ ਗੁਰੂ ਦੀ ਸੰਗਤ
ਇਹ ਕੇਹੀ ਵਿਸਮਾਦੀ ਰੰਗਤ,
ਜਗਤ ਜਿਵੇਂ ਆ ਢੁਕਿਆ ਸਾਰਾ
ਇਸ ਮੁਕੱਦਸ ਧਰਤ ਨੂੰ ਨਮਨ ਕਰਦਾ।
ਇਲਾਹੀ ਬਾਣੀ ਦਾ ਗਾਇਨ ਹੁੰਦਾ
ਵਾਰਾਂ ਦੀ ਛਹਿਬਰ ਲੱਗਦੀ
ਇਤਿਹਾਸ ਦੇ ਪੰਨਿਆਂ ਨੂੰ
ਮੁੜ ਸੁਰਜੀਤ ਕਰਦਾ
ਕੋਈ ਗੁਰੂ ਦਾ ਸਿੱਖ ਪਿਆਰਾ,
ਸਰੋਤੇ ਮੰਤਰ-ਮੁਗਧ ਹੁੰਦੇ
ਭਰੇ ਨੈਣੀਂ ਜਾਪ ਕਰਦੇ ਧੰਨ-ਧੰਨ ਕਰਦੇ।
ਰਾਤੜੀ ਦੇ ਤਾਰਿਆਂ ਥੱਲੇ
ਅੰਬਰ ਦਾ ਚੰਦੋਆ ਹਾਜ਼ਰੀ ਭਰਦਾ
ਕੋਈ ਕਿਣੀ ਅੱਥਰੂ ਬਣ ਸਿਜਦਾ ਕਰਦੀ।
ਇੱਟਾਂ ਦੀ ਦੀਵਾਰ ਰੱਤ-ਰੰਗੀ
ਸੂਬਾ ਵਜ਼ੀਰ ਖਾਂ ਦੇ ਜ਼ੁਲਮ ਦੀ
ਯਾਦ ਕਰਾਉਂਦੀ।
ਦੂਜੇ ਪਾਸੇ –
ਮਾਸੂਮ ਜਿੰਦਾਂ ਦੇ ਇਸਪਾਤ ਹਿਰਦਿਆਂ ਦੀ
ਗਾਥਾ ਸੁਣਾਉਂਦੀ:
ਬਾਬਾ ਜੋਰਾਵਰ ਸਿੰਘ ਵੱਡਾ ਦੁਲਾਰਾ
ਬਾਬਾ ਫਤਹਿ ਸਿੰਘ ਛੋਟਾ ਪਿਆਰਾ
ਜੈਕਾਰੇ ਛੱਡਦੇ ਗੂੰਜਦਾ ਚੁਫ਼ੇਰਾ ਸਾਰਾ
ਜ਼ਾਲਮ ਸੱਤਾ ਹਾਰ ਹੁੱਟੀ ਅੱਤਿਆਚਾਰੀ
ਕੋਈ ਕਪਟ ਪਾਲਦਾ ਸੁੱਚਾ ਨੰਦ ਦਰਬਾਰੀ।
‘ਕੋਈ’ ਹਾਅ ਭਰਦਾ ਕਚਹਿਰੀਓਂ
ਉੱਠ ਤੁਰਿਆ ਸ਼ੇਰ ਖਾਂ ਮੁਹੰਮਦ ਬੰਦਾ।
ਠੰਢੇ ਬੁਰਜ ਦੀਆਂ ਪੋਹ ਸੁੰਨੀਆਂ
ਰਾਤਾਂ ਅੱਗੇ –
ਸਿਦਕ ਡੋਲ ਨਾ ਸਕਿਆ।
ਆਖ਼ਰ ਸਾਕਾ ਸਰਹਿੰਦ ਹੋਇਆ
ਅੰਬਰ ਭੁੱਬਾਂ ਮਾਰ ਰੋਇਆ
ਧਰਤ ਕੰਬੀ, ਪੌਣਾਂ ਰੋਈਆਂ
ਕਾਇਨਾਤ ਤ੍ਰਾਹ-ਤ੍ਰਾਹ ਕੀਤੀ,
ਸਿਰੜ ਜਿੱਤਿਆ, ਕੂੜ ਹਰਿਆ
ਧਰਮ ਦੀ ਜੈ-ਜੈ ਹੋਈ!!
ਸੰਪਰਕ: 98151-23900
* * *
ਇਤਿਹਾਸ-ਏ-ਚਮਕੌਰ
ਜੇ.ਐੱਸ. ਮਹਿਰਾ
ਉਹ ਖਜੂਰਾਂ ਦੇ ਰੁੱਖ,
ਵਹਿੰਦਾ ਨਹਿਰ ਦਾ ਪਾਣੀ,
ਵੱਜੇ ਢੋਲ ਦਾ ਨਾਦ,
ਢੋਲੀ ਮੇਰਾ ਹੈ ਹਾਣੀ,
ਜਿੱਥੇ ਬਹਿ ਕੇ ਮੈਂ ਲਿਖਾਂ,
ਨਿੱਤ ਨਵੀਂ ਕਹਾਣੀ,
ਇਹ ਸ਼ਹੀਦਾਂ ਦੀ ਧਰਤੀ,
ਕੱਚੀ ਗੜ੍ਹੀ ਪੁਰਾਣੀ,
ਕਹਿਰ ਜ਼ੁਲਮ ਦਾ ਢਾਹਿਆ,
ਦਸ ਲੱਖ ਫ਼ੌਜ ਮੁਗ਼ਲਾਨੀ,
ਜਾਮ ਸ਼ਹਾਦਤ ਦੇ ਪੀਤੇ,
‘ਅਜੀਤ’, ‘ਜੁਝਾਰ’ ਜਵਾਨੀ,
ਵੱਜੀ ਗੋਬਿੰਦ ਦੀ ਤਾੜੀ,
ਗੁਰੂ ਘਰ ਨਿਸ਼ਾਨੀ,
ਸੁਣ ਰਣਜੀਤ ਨਗਾਰਾ,
ਭੱਜੀ ਫ਼ੌਜ ਤੁਰਕਾਨੀ,
ਨਿਸ਼ਾਨ ਝੂਲਣ ਹਵਾ ਵਿੱਚ,
ਖੰਡੇ ਚਮਕਣ ਅਸਮਾਨੀ,
ਭਰੇ ਸ਼ਹੀਦੀ ਜੋੜ ਮੇਲਾ,
ਯਾਦ ਆਉਂਦੀ ਕੁਰਬਾਨੀ,
ਸੀਸ ਦੁਨੀਆ ਝੁਕਾਵੇ,
ਚੁੰਮ ਚੁੰਮ ਮਿੱਟੀ ਮੈਦਾਨੀ,
ਹੋਈ ਆਮਦ ਸ਼ਾਇਰਾਨਾ,
ਉਹਦੀ ਮਿਹਰਬਾਨੀ,
‘ਜੱਸੀ’ ਸ਼ਾਇਰ ਤਾਂ ਲਿਖੇ,
ਇਹ ਕੁਰਬਾਨੀ ਲਾਸਾਨੀ,
ਇਹ ਇਤਿਹਾਸ-ਏ-ਚਮਕੌਰ,
ਸੁਣ ਲਓ ਸਾਰੇ ਜ਼ੁਬਾਨੀ।
ਸੰਪਰਕ: 95924-30420
* * *
ਬਾਬਾ ਅਜੀਤ ਸਿੰਘ ਦੀ ਵਾਰ
ਡਾ. ਹਰਨੇਕ ਸਿੰਘ ਕਲੇਰ
ਘੋੜੇ ਹਿਣਕਦੇ ਹਾਥੀ ਚੰਘਾੜਦੇ, ਵੈਰੀ ਦੇ ਖੇਮੇ ਵਿਚਕਾਰ।
ਰਣ ਵਿੱਚ ਅਜੀਤ ਸਿੰਘ ਆ ਗਿਆ, ਹੋ ਘੋੜੇ ’ਤੇ ਅਸਵਾਰ।
ਉਹਦੇ ਹੱਥ ਵਿੱਚ ਚੰਡੀ ਲਿਸ਼ਕਦੀ, ਜਿਉਂ ਬਿਜਲੀ ਦੀ ਤਾਰ।
ਵੈਰੀ ਦਲਾਂ ਵਿੱਚ ਪਈਆਂ ਭਾਜੜਾਂ, ਉੱਥੇ ਹੋ ਗਈ ਮਾਰੋ ਮਾਰ।
ਕੱਲਾ ਸਵਾ ਲੱਖ ਬਣ ਕੇ ਜੂਝਦਾ, ਦਸ ਲੱਖ ਵੈਰੀ ਵਿਚਕਾਰ।
ਵੱਡੇ ਜਰਨੈਲ ਪਿੱਛੇ ਹਟ ਗਏ, ਲਹੂ ਮੰਗਦੀ ਚੰਡੀ ਦੀ ਧਾਰ।
ਜਦ ਲੋਹੇ ਨਾਲ ਲੋਹਾ ਖੜਕਦਾ, ਅੱਗ ਨਿਕਲੇ ਧੂੰਆਂਧਾਰ।
ਉਹ ਨੇਜਾ ਵਾਹੁੰਦਾ ਸੂਰਮਾ, ਵੈਰੀ ਡਿੱਗਦੇ ਮੂੰਹ ਦੇ ਭਾਰ।
ਪਈਆਂ ਵੈਰੀ ਦਲਾਂ ਵਿੱਚ ਭਾਜੜਾਂ, ਮੱਚ ਗਈ ਹਾਹਾਕਾਰ।
ਚਾਰੇ ਪਾਸੇ ਤਲਵਾਰਾਂ ਨੰਗੀਆਂ, ਨਾਲੇ ਤੀਰਾਂ ਦੀ ਟੁਣਕਾਰ।
ਬੁਛਾੜ ਤੀਰਾਂ ਦੀ ਸੀ ਹੋ ਰਹੀ, ਛਾਤੀ ਜੋਧੇ ਦੀ ਬਣੀ ਦੀਵਾਰ।
ਅਜੀਤ ਸਿੰਘ ਗੁਰੂ ਦਾ ਲਾਡਲਾ, ਝੱਲੀ ਜਾਵੇ ਸੀਨੇ ’ਤੇ ਵਾਰ।
ਆਹੂ ਵੈਰੀ ਦੇ ਲਾਹੀ ਜਾਂਵਦਾ ਸੂਰਾ, ਰਣਭੂਮੀ ਵਿੱਚ ਵਿਚਕਾਰ।
ਜਦੋਂ ਰਣ ਵਿੱਚ ਜੂਝਣ ਸੂਰਮੇ, ਜ਼ੁਲਮ ਜਬਰ ਨੂੰ ਪੈਂਦੀ ਮਾਰ।
ਸਿਰ ਧੜ ਦੀਆਂ ਲਾਉਂਦੇ ਬਾਜ਼ੀਆਂ, ਸੀਸ ਜਾਂਦੇ ਕੌਮ ਤੋਂ ਵਾਰ।
* * *
ਸ਼ਹਾਦਤ ਗੁਰੂ ਤੇਗ ਬਹਾਦਰ ਜੀ
ਸੰਤੋਸ਼ ਕੌਰ ਨਈਅਰ
ਦਿੱਲੀ ਬੈਠਾ ਔਰੰਗਜ਼ੇਬ ਜਬਰੀ ਲੋਕਾਂ ਦਾ ਧਰਮ ਬਦਲਾ ਰਿਹਾ ਸੀ।
ਮਾਰੇ ਜਾਣ ਤੋਂ ਡਰਦੇ ਹਿੰਦੂ, ਮੁਸਲਿਮ ਧਰਮ ਅਪਣਾ ਰਹੇ ਸੀ।
ਇੱਕ ਸਿਰਫ਼ ਜਾਨ ਦੀ ਖਾਤਰ, ਅਣਖ ਆਪਣੀ ਗਵਾ ਰਹੇ ਸੀ।
ਕਸ਼ਮੀਰੀ ਪੰਡਤਾਂ ਨੂੰ ਇਸ ਗੱਲ ਦਾ ਫ਼ਿਕਰ ਬਹੁਤ ਸਤਾ ਰਿਹਾ ਸੀ।
ਕੁਝ ਸਮਝ ਨਾ ਪਵੇ ਕਿ ਕੀ ਕਰੀਏ? ਦਿਲ ਬੜਾ ਘਬਰਾ ਰਿਹਾ ਸੀ।
ਆਖ਼ਰ ਕਿਸੇ ਨੇ ਅਨੰਦਪੁਰ ਵਿੱਚ ਗੁਰੂ ਦਰਬਾਰ ਦੀ ਦੱਸ ਪਾਈ।
ਮੁਰਦਾ ਦਿਲਾਂ ਨੂੰ ਜਿਊਣ ਦੀ ਆਸ ਜਿਹੀ ਦਿਸ ਆਈ।
ਗੁਰੂ ਤੇਗ ਬਹਾਦਰ ਸਾਹਿਬ ਅੱਗੇ ਜਾ ਉਨ੍ਹਾਂ ਫਰਿਆਦ ਕੀਤੀ।
ਸੱਚੇ ਪਾਤਸ਼ਾਹ ਨੇ ਠਰ੍ਹੰਮੇ ਨਾਲ ਗੱਲ ਸਾਰੀ ਸੁਣ ਲਈ।
ਜਾਣਦੇ ਸੀ ਉਹ ਜਾਣੀ ਜਾਣ, ਹੁਣ ਕੀ ਹੋਣ ਵਾਲਾ ਹੈ?
ਪਤਾ ਸੀ ਕਿ ਹਿੰਦੂ ਧਰਮ ਦਾ ਸਿਰਫ਼ ਇੱਕ ਧਰਮੀ ਹੀ ਰਖਵਾਲਾ ਹੈ।
ਥੋੜ੍ਹੀ ਦੇਰ ਲਈ ਚਾਰੇ ਪਾਸੇ ਚੁੱਪ ਜਿਹੀ ਪਸਰ ਗਈ।
ਬਾਲ ਗੋਬਿੰਦ ਦੀ ਅਚਾਨਕ ਹੀ, ਉਸ ਪਾਸੇ ਨਜ਼ਰ ਪਈ।
ਆਖਿਆ ਪਿਤਾ ਜੀ, ਇੰਨੀ ਗੰਭੀਰਤਾ ਹੈ ਕਿਉਂ ਛਾਈ?
ਇਹ ਸਾਰੀ ਸੰਗਤ ਕਿਉਂ ਚਿੰਤਾ ’ਚ ਦੇਵੇ ਦਿਖਾਈ?
ਫਰਮਾਇਆ ਪਿਤਾ ਗੁਰੂ ਨੇ, ਹਿੰਦੂ ਧਰਮ ਇਸ ਵੇਲੇ ਖ਼ਤਮ ਹੋ ਰਿਹਾ ਹੈ।
ਇਨ੍ਹਾਂ ਕਸ਼ਮੀਰੀ ਪੰਡਤਾਂ ਦਾ ਤਾਂ ਹਾਲ ਬੁਰਾ ਹੋ ਰਿਹਾ ਹੈ।
ਇਨ੍ਹਾਂ ਦੇ ਬਚਾਅ ਲਈ ਕਿਸੇ ਕੁਰਬਾਨੀ ਦੀ ਲੋੜ ਹੈ।
ਕਿਸੇ ਮਹਾਂਪੁਰਸ਼ ਦਾ ਬਲੀਦਾਨ ਹੀ ਇਸ ਦਾ ਇੱਕੋ-ਇੱਕ ਤੋੜ ਹੈ।
ਬੋਲੇ ਬਾਲ ਗੋਬਿੰਦ ਜੀ, ਪਿਤਾ ਜੀ ਤੋਂ ਵੱਡਾ ਮਹਾਂਪੁਰਸ਼ ਕੋਈ ਹੋ ਨਹੀਂ ਸਕਦਾ।
ਧਰਮ ਦੀ ਟੁੱਟਦੀ ਮਾਲਾ ਨੂੰ ਕੋਈ ਹੋਰ ਪਰੋ ਨਹੀਂ ਸਕਦਾ।
ਗੁਰੂ ਤੇਗ ਬਹਾਦਰ, ਧਰਮ ਦੀ ਚਾਦਰ, ਬਲੀਦਾਨ ਹੈ ਤੁਸੀਂ ਦੇਣਾ।
ਇਸ ਸਦਕਾ ਹੀ ਤਾਂ ਹਿੰਦੋਸਤਾਨ ਵਿੱਚ ਹਿੰਦੂ ਧਰਮ ਜ਼ਿੰਦਾ ਰਹਿਣਾ।
ਸੁਣ ਕੇ ਬਾਲ ਗੋਬਿੰਦ ਦੇ ਮੁਖਾਰਬਿੰਦ ਤੋਂ ਇਹ ਫੁਰਮਾਨ ਭਾਰੀ।
ਸੱਚੇ ਪਾਤਸ਼ਾਹ ਜਾਂਦੇ ਵਾਰ-ਵਾਰ ਆਪਣੇ ਪੁੱਤਰ ਤੋਂ ਬਲਿਹਾਰੀ।
ਕਿਹਾ ਪੰਡਤਾਂ ਨੂੰ ਪਾਤਸ਼ਾਹ ਨੇ, ਔਰੰਗਜ਼ੇਬ ਨੂੰ ਜਾ ਕੇ ਕਹਿ ਦੇਵੋ।
ਸਾਡਾ ਗੁਰੂ ਤੇਗ ਬਹਾਦਰ ਹੈ, ਇਹ ਕਹਿ ਕੇ ਚੁੱਪ ਬਹਿ ਜਾਵੋ।
ਚੱਲ ਪਏ ਗੁਰੂ ਜੀ ਦਿੱਲੀ ਨੂੰ ਤੇ ਸਾਥੀ ਵੀ ਨਾਲ ਹੋ ਗਏ।
ਸੂਰੇ ਧਰਮ ਦੀ ਰਾਖੀ ਲਈ, ਉਹ ਵੀ ਸ਼ਹੀਦ ਹੋ ਗਏ।
ਦਿੱਲੀ ਪਹੁੰਚ ਕੇ ਗੁਰੂ ਜੀ ਨੇ ਔਰੰਗਜ਼ੇਬ ਨੂੰ ਵੰਗਾਰਿਆ।
ਧਰਮ ਬਚਾਉਣ ਲਈ ਆਪਣਾ ਸੀਸ ਸੀ ਵਾਰਿਆ।
ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਵੀ ਕੁਰਬਾਨ ਹੋ ਗਏ।
ਅਜਿਹੀਆਂ ਕੁਰਬਾਨੀਆਂ ਵੇਖ ਸਭ ਲੋਕ ਹੈਰਾਨ ਹੋ ਗਏ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੰਸ ਦੀ ਦਿੱਤੀ ਇਹ ਪਹਿਲੀ ਕੁਰਬਾਨੀ।
ਨਾ ਕੋਈ ਹੋਇਆ, ਨਾ ਹੋਵੇਗਾ, ਅਜਿਹਾ ਦੁਨੀਆ ’ਤੇ ਸਰਬੰਸਦਾਨੀ।
ਹਿੰਦੂ ਧਰਮ ਬਚਾਉਣ ਲਈ ਗੁਰੂ ਤੇਗ ਬਹਾਦਰ ਨੇ ਦਿੱਤੀ ਕੁਰਬਾਨੀ।
ਐ ਦੁਨੀਆ ਦੇ ਲੋਕੋ, ਇਹ ਕੁਰਬਾਨੀ ਤਾਂ ਹੈ ਲਾਸਾਨੀ।
ਦਿੱਲੀ ਦੇ ਸਿਰ ਠੀਕਰ ਭੰਨ ਸਤਿਗੁਰੂ, ਪ੍ਰਭਪੁਰ ਪਿਆਨਾ ਕਰ ਗਏ।
ਦੇਸ਼ ਧਰਮ ਦੇ ਰਾਖੇ ‘ਗੁਰੂ ਤੇਗ ਬਹਾਦਰ, ਹਿੰਦ ਦੀ ਚਾਦਰ’ ਬਣ ਗਏ।
ਸੰਪਰਕ: 99141-14439
* * *
ਕੰਡਿਆਂ ’ਤੇ ਸੁੱਤਾ
ਮਨਜੀਤ ਕੌਰ ਅੰਬਾਲਵੀ
ਕੰਡਿਆਂ ’ਤੇ ਸੁੱਤਾ ਜਾ ਪੁੱਤਰਾਂ ਦਾ ਦਾਨੀ
ਕੌਣ ਬਣ ਸਕਦਾ ਦਾਤਾ ਤੇਰੇ ਜਿਹਾ ਦਾਨੀ
ਕੰਡਿਆਂ ’ਤੇ ਸੁੱਤਾ ਜਾ…
ਨੀਂਹਾਂ ਵਿੱਚ ਖ਼ੂਨ ਪਾ
ਸਿੱਖੀ ਮਹਿਲ ਉਸਾਰਿਆ
ਪਿਤਾ ਨੂੰ ਵੀ ਗੁਰਾਂ ਨੇ
ਹਿੰਦ ਲਈ ਵਾਰਿਆ
ਮਾਤਾ ਗੁਜਰੀ ਜੀ ਦੀ
ਦਾਸਤਾਂ ਲਾਸਾਨੀ
ਕੰਡਿਆਂ ’ਤੇ ਸੁੱਤਾ ਜਾ
ਪੁੱਤਰਾਂ ਦਾ…
ਤੱਤੀ ਤਵੀ ’ਤੇ ਰੱਖੀ
ਨੀਂਹ ਕੁਰਬਾਨੀਆਂ ਦੀ
ਕਮੀ ਨਹੀਂ ਰਹੀ ਦਾਤਾ
ਸੀਸ ਦਿਆਂ ਦਾਨੀਆਂ ਦੀ
ਦਿੱਤੀ ਸਾਹਿਬਜ਼ਾਦਿਆਂ
ਅਦੁੱਤੀ ਕੁਰਬਾਨੀ
ਕੰਡਿਆਂ ’ਤੇ ਸੁੱਤਾ ਜਾ ਕੇ
ਪੁੱਤਰਾਂ ਦਾ…
ਅਜੀਤ ਤੇ ਜੁਝਾਰ ਦੀਆਂ
ਘੋੜੀਆਂ ਸੀ ਚੜ੍ਹੀਆਂ
ਵਾਗਾਂ ਸੀ ਮੌਤ ਦੇ ਫਰਿਸ਼ਤੇ
ਆਣ ਫੜੀਆਂ।
ਜੋਧਿਆਂ ਨੇ ਵੈਰੀਆਂ ਨਾਲ
ਲੜਨ ਦੀ ਠਾਣੀ
ਕੰਡਿਆਂ ’ਤੇ ਸੁੱਤਾ ਜਾ ਕੇ
ਪੁੱਤਰਾਂ ਦਾ…
ਮਿੱਤਰ ਪਿਆਰੇ ਨੂੰ
ਹਾਲ ਹੈ ਸੁਣਾ ਰਿਹਾ,
ਕਲਗੀਆਂ ਵਾਲਾ ਰੱਬ ਦਾ
ਸ਼ੁਕਰ ਮਨਾ ਰਿਹਾ।
ਵਾਰ ਪਰਿਵਾਰ ਸਾਰਾ
ਬਣਿਆ ਸਰਬੰਸ ਦਾਨੀ
ਕੰਡਿਆਂ ’ਤੇ ਸੁੱਤਾ ਜਾ ਕੇ
ਪੁੱਤਰਾਂ ਦਾ…।
ਮਾਛੀਵਾੜੇ ਜਾ ਮੈਂ ਵੀ
ਸੀਸ ਝੁਕਾ ਆਈ ਹਾਂ
ਮਾਂ ਗੁਜਰੀ ਦੇ ਲਾਲ ਨੂੰ
ਫ਼ਤਹਿ ਬੁਲਾ ਆਈ ਹਾਂ
ਲਿਖਦੀ ਹਾਲ ਉਸ ਸਮੇਂ ਦਾ
ਮੇਰੀ ਵੀ ਇਹ ਕਾਨੀ
ਕੰਡਿਆਂ ’ਤੇ ਸੁੱਤਾ ਜਾ ਕੇ
ਪੁੱਤਰਾਂ ਦਾ…।
* * *
ਲਾਸਾਨੀ ਕੁਰਬਾਨੀ
ਪ੍ਰੋ. ਨਵ ਸੰਗੀਤ ਸਿੰਘ
ਯਾਦ ਕਰੋ ਮਾਸੂਮਾਂ ਦੀ ਉਸ, ਲਾਸਾਨੀ ਕੁਰਬਾਨੀ ਨੂੰ।
ਕੌਮ ਦੀ ਖਾਤਰ ਵਾਰ ਗਏ ਜੋ, ਬਹੁਮੁੱਲੀ ਜ਼ਿੰਦਗਾਨੀ ਨੂੰ॥
ਨੌਂ ਵਰ੍ਹਿਆਂ ਦਾ ਜ਼ੋਰਾਵਰ ਸਿੰਘ, ਫ਼ਤਹਿ ਸਿੰਘ ਸੱਤ ਸਾਲਾਂ ਦਾ।
ਕਿਵੇਂ ਭੁਲਾਈਏ ਅਸੀਂ ਦਿਲਾਂ ’ਚੋਂ, ਧਰਮ ਸ਼ਹੀਦੀ ਲਾਲਾਂ ਦਾ।
ਮੁਗ਼ਲ ਰਾਜ ਦਾ ਬੂਟਾ ਪੁੱਟਿਆ, ਤੋੜ ਕੇ ਜਿੰਦ ਦੀ ਗਾਨੀ ਨੂੰ॥
ਯਾਦ ਕਰੋ ਮਾਸੂਮਾਂ ਦੀ ਉਸ…
ਗੰਗੂ ਬਾਹਮਣ ਪਾਪ ਕਮਾਇਆ, ਲੋਭ ਲਾਲਚ ਦੇ ਵੱਸ ਪਿਆ।
ਕੀਤੀ ਸੇਵਾ ਗੁਰੂ-ਘਰ ਦੀ ਜੋ, ਸਭ ਕੁਝ ਅੰਦਰੋਂ ਨੱਸ ਗਿਆ।
ਲੋਭੀ ਬੰਦਾ ਕਦੇ ਨਾ ਸੋਚੇ, ਕਿਸੇ ਦੇ ਲਾਭ ਜਾਂ ਹਾਨੀ ਨੂੰ॥
ਯਾਦ ਕਰੋ ਮਾਸੂਮਾਂ ਦੀ ਉਸ…
ਮਾਂ ਗੁਜਰੀ ਤੇ ਛੋਟੇ ਬੱਚੇ, ਠੰਢੇ ਬੁਰਜ ’ਚ ਬੰਦ ਰਹੇ।
ਪੋਹ ਦੇ ਓਸ ਭਿਆਨਕ ਸਾਕੇ, ਨੂੰ ਅੱਜ ਤੱਕ ਸਰਹਿੰਦ ਕਹੇ।
ਬੁੱਢੇ ਹੱਡਾਂ ਨਾਲ ਰੋਕੇ ਦਾਦੀ, ਪੈਂਦੀ ਠੰਢ ਤੂਫ਼ਾਨੀ ਨੂੰ॥
ਯਾਦ ਕਰੋ ਮਾਸੂਮਾਂ ਦੀ ਉਸ…
ਨੀਂਹਾਂ ਦੇ ਵਿੱਚ ਚਿਣੇ ਗਏ ਪਰ, ਸਿੱਖੀ ਮਹਿਲ ਉਸਾਰ ਗਏ।
ਦਸਮ ਪਿਤਾ ਜੀ ਦੇਸ਼-ਧਰਮ ਤੋਂ, ਆਪਣੇ ਪੁੱਤਰ ਵਾਰ ਗਏ।
ਲੱਖ-ਲੱਖ ਹੈ ਪ੍ਰਣਾਮ ਅਸਾਡਾ, ਮਹਾਂਬਲੀ ਸੈਨਾਨੀ ਨੂੰ॥
ਯਾਦ ਕਰੋ ਮਾਸੂਮਾਂ ਦੀ ਉਸ…
ਧੌਣ ਨਾ ਮੂਲ ਝੁਕਾਈ ਐਪਰ, ਨੋਕ ਵਿਖਾਈ ਜੁੱਤੀ ਦੀ।
ਫਤਹਿ ਗਜਾਈ ਵਿੱਚ ਕਚਹਿਰੀ, ਜਾਗੀ ਦੁਨੀਆ ਸੁੱਤੀ ਜੀ।
ਸੂਬੇ, ਕਾਜ਼ੀ ਵਰਗਿਆਂ ਦੀ ਇੰਜ, ਤੋੜ ਦਿੱਤਾ ਅਭਿਮਾਨੀ ਨੂੰ॥
ਯਾਦ ਕਰੋ ਮਾਸੂਮਾਂ ਦੀ ਉਸ…
ਵਿਸ਼ਵ ’ਚ ਅੱਜ ਤੱਕ ਕਦੇ ਨਾ ਹੋਇਆ, ਫੇਰ ਕਦੇ ਨਾ ਹੋਵੇਗਾ।
ਨਿੱਕੀਆਂ ਜਿੰਦਾਂ ਦਾ ਕੌਤਕ ਸੁਣ, ‘ਰੂਹੀ’ ਦਾ ਮਨ ਰੋਵੇਗਾ।
ਪੰਜਾਬੀਓ! ਵਿਰਸੇ ਨੂੰ ਸੰਭਾਲੋ, ਨਾ ਰੋਲੋ ਕੁਰਬਾਨੀ ਨੂੰ॥
ਯਾਦ ਕਰੋ ਮਾਸੂਮਾਂ ਦੀ ਉਸ, ਲਾਸਾਨੀ ਕੁਰਬਾਨੀ ਨੂੰ।
ਕੌਮ ਦੀ ਖਾਤਰ ਵਾਰ ਗਏ ਜੋ, ਬਹੁਮੁੱਲੀ ਜ਼ਿੰਦਗਾਨੀ ਨੂੰ॥
ਸੰਪਰਕ: 94176-92015
* * *
ਸ਼ਰਧਾਂਜਲੀ
ਜਗਦੇਵ ਸ਼ਰਮਾ ਬੁਗਰਾ
ਬਾਬਾ! ਇੱਛਾ ਹੈ, ਮੁੜ ਜੰਮਾਂ ਪੰਜਾਬ ਅੰਦਰ,
ਗੁਰੂਆਂ ਪੀਰਾਂ ਦੀ, ਔਲਾਦ ਕਹਾਈ ਜਾਵਾਂ।
ਪਿਤਾ ਵਾਰਿਆ, ਜਿਸ ਗੁਰੂ ਨੇ ਧਰਮ ਖਾਤਰ,
ਵਿਲੱਖਣ ਗੁਰੂ ਦੀ, ਰਹਿਮਤ ਮੈਂ ਪਾਈ ਜਾਵਾਂ।
ਗੜ੍ਹੀ ਚਮਕੌਰ ਅੰਦਰ, ਭੇਜੇ ਦੋ ਬੰਨ੍ਹ ਸਿਹਰੇ,
ਸਰਬੰਸ ਦਾਨੀ ਦੇ, ਗੀਤ ਸਦਾ ਗਾਈ ਜਾਵਾਂ।
ਸਿਦਕ ਹਾਰਾਂ ਨਾ, ਮੂਲੋਂ ਨਾ ਧਰਮ ਛੱਡਾਂ,
ਚੜ੍ਹ ਚਰਖੜੀਏਂ, ਰੱਤ ਨੁਚੜਵਾਈ ਜਾਵਾਂ।
ਜਨਮਾ ਗੁਰਾਂ ਨਾਲ, ਗੁਰੂ ਦੇ ਨਾਲ ਮਰ ਸਾਂ,
ਵਿੱਚ ਦੇਗਾਂ ਦੇ, ਉਬਾਲੇ ਭਾਵੇਂ ਖਾਈ ਜਾਵਾਂ।
ਦਰਦ ਛਾਲਿਆਂ ਦਾ, ਭਲਾਂ ਕੀ ਕਰ ਲਊ?
ਰੇਤ ਪਵਾਈ ਜਾਵਾਂ, ਜਮਨਾ ਨਹਾਈ ਜਾਵਾਂ।
ਭਾਣਾ ਤੇਰਾ ਸਦਾ, ਮਿੱਠਾ ਹੀ ਲੱਗੇ ਮਿੱਠਾ,
ਨਾਲ ਆਰਿਆਂ ਦੇ, ਸਰੀਰ ਚਿਰਵਾਈ ਜਾਵਾਂ।
ਬੱਚੜੇ ਕੰਧਾਂ ’ਚ, ਚਿਣਨ ਲਈ ਹੱਸ ਭੇਜੇ,
ਕੁਰਬਾਨੀ ਦਾਦੀ ਦੀ, ਕਿੰਝ ਭੁਲਾਈ ਜਾਵਾਂ?
ਜਬਰ ਝੱਲਿਆ, ਜਿਸ ਧਰਤ ਨੇ ਕਰ ਜੇਰਾ,
ਧਰਤ ਸਰਹਿੰਦ ਦੀ ਨੂੰ, ਸੀਸ ਝੁਕਾਈ ਜਾਵਾਂ।
ਸੰਪਰਕ: 98727-87243
* * *
ਨੀਂਹਾਂ ਅੰਦਰ
ਲਖਵਿੰਦਰ ਸ਼ਰੀਂਹ ਵਾਲਾ
ਪੈ ਗਿਆ ਪਰਿਵਾਰ ਵਿਛੋੜਾ, ਸਰਸਾ ਕਿਨਾਰੇ ਸੀ
ਗੰਗੂ ਘਰ ਦਾਦੀ ਪੋਤੇ, ਜਾ ਕੇ ਪਧਾਰੇ ਸੀ
ਲੋਭ ਵਿੱਚ ਆ ਕੇ ਗੰਗੂ, ਹੋਇਆ ਬੇ ਹਾਲ ਜੀ
ਚਿਣ ਦਿੱਤੇ ਸੀ ਨੀਹਾਂ ਅੰਦਰ, ਗੁਰਾਂ ਦੇ ਲਾਲ ਜੀ,
ਚਿਣ ਦਿੱਤੇ ਸੀ ਕੰਧਾਂ ਅੰਦਰ…
ਆਯੂ ਸੀ ਛੋਟੀ ਹਾਲੇ, ਚਿਹਰੇ ਮਲੂਕ ਸੀ
ਦਾਦੀ ਦੀ ਗੋਦੀ ਅੰਦਰ, ਸੁੱਤੇ ਉਹ ਘੂਕ ਸੀ
ਜ਼ੋਰਾਵਰ ਨੌਂ ਸਾਲ ਦੇ, ਫ਼ਤਹਿ ਸੱਤ ਸਾਲ ਜੀ
ਚਿਣ ਦਿੱਤੇ ਸੀ ਨੀਂਹਾਂ ਅੰਦਰ, ਗੁਰਾਂ ਦੇ ਲਾਲ ਜੀ,
ਚਿਣ ਦਿੱਤੇ ਦੀਵਾਰਾਂ ਅੰਦਰ…
ਸੂਬੇ ਤੱਕ ਖ਼ਬਰ ਜਾਹ ਹੋਈ, ਭੇਜੇ ਸਿਪਾਹੀ ਨੇ
ਜਿੰਦਾ ਜਾਂ ਮੁਰਦਾ ਫੜਨੇ, ਹੁਕਮ-ਏ-ਸ਼ਾਹੀ ਨੇ
ਨਿਕਲ ਨਾ ਹੱਥੋਂ ਜਾਵਣ, ਕਰ ਲਓ ਤੁਸੀਂ ਕਾਹਲ ਜੀ
ਚਿਣ ਦਿੱਤੇ ਦੀਵਾਰਾਂ ਅੰਦਰ, ਗੁਰਾਂ ਦੇ ਲਾਲ ਜੀ,
ਚਿਣ ਦਿੱਤੇ ਸਰਹਿੰਦ ਦੇ ਅੰਦਰ…
ਲਾ ਕੇ ਹੱਥਕੜੀਆਂ ਉਨ੍ਹਾਂ, ਤੋਰੇ ਮੋਰਿੰਡੇ ਨੂੰ
ਸਰਦ ਹਵਾ ਪਈ, ਚੀਰਦੀ ਸੀ ਪਿੰਡੇ ਨੂੰ
ਜਾਂਦੇ ਸੀ ਨੰਗੇ ਪੈਰੀਂ, ਨਿੱਕੇ ਦੋ ਬਾਲ ਜੀ
ਚਿਣ ਦਿੱਤੇ ਸੀ ਨੀਂਹਾਂ ਅੰਦਰ, ਗੁਰਾਂ ਦੇ ਲਾਲ ਜੀ,
ਚਿਣ ਦਿੱਤੇ ਦੀਵਾਰਾਂ ਅੰਦਰ…
ਗਾਥਾ ਸੀ ਸੂਰਬੀਰਾਂ ਦੀ, ਦਾਦੀ ਸੁਣਾਉਂਦੀ ਐ
ਠੰਢੇ ਬੁਰਜ ਦੇ ਅੰਦਰ, ਪਈ ਸਮਝਾਉਂਦੀ ਐ
ਡੋਲ ਨਾ ਜਾਣਾ ਬੱਚਿਓ, ਰੱਖਣਾ ਖਿਆਲ ਜੀ
ਚਿਣ ਦਿੱਤੇ ਸੀ ਨੀਂਹਾਂ ਅੰਦਰ, ਗੁਰਾਂ ਦੇ ਲਾਲ ਜੀ,
ਚਿਣ ਦਿੱਤੇ ਸੀ ਕੰਧਾਂ ਅੰਦਰ…
ਲੰਘੇ ਨਾ ਨੀਵੀਂ ਪਾ ਕੇ, ਬਾਰੀ ਦੇ ਥਾਣੀ ਸੀ
ਸਿਰ ਵੀ ਨਾ ਝੁਕਣ ਦਿੱਤੇ, ਹਿੱਕ ਵੀ ਤਾਣੀ ਸੀ
ਨੀਵੀਂ ਉਸ ਬਾਰੀ ਵਾਲੀ, ਚੱਲ ਨਾ ਸਕੀ ਚਾਲ ਜੀ
ਚਿਣ ਦਿੱਤੇ ਸੀ ਨੀਂਹਾਂ ਅੰਦਰ, ਗੁਰਾਂ ਦੇ ਲਾਲ ਜੀ,
ਵਿੱਚ ਕਚਹਿਰੀ ਜਾ ਕੇ, ਛੱਡੇ ਜੈਕਾਰੇ ਸੀ
ਦਗ ਦਗ ਸੀ ਚਿਹਰੇ ਦੱਗਦੇ, ਅੱਖਾਂ ਅੰਗਿਆਰੇ ਸੀ
ਸੂਬੇ ਤੋਂ ਝੱਲ ਨਾ ਹੋਈ, ਉਨ੍ਹਾਂ ਦੀ ਝਾਲ ਜੀ
ਚਿਣ ਦਿੱਤੇ ਸੀ ਨੀਂਹਾਂ ਅੰਦਰ, ਗੁਰਾਂ ਦੇ ਲਾਲ ਜੀ
ਪੁੱਤ ਗੁਰੂ ਗੋਬਿੰਦ ਸਿੰਘ ਦੇ, ਡਰਦੇ ਡਰਾਇਆਂ ਨਾ
ਲੋਭ ਤੇ ਲਾਲਚ ਮੂਹਰੇ, ਝੁਕਦੇ ਝੁਕਾਇਆਂ ਨਾ
ਇਰਾਦੇ ਚੱਟਾਨਾਂ ਵਰਗੇ, ਜਿਗਰੇ ਵਿਸ਼ਾਲ ਜੀ
ਚਿਣ ਦਿੱਤੇ ਸੀ ਨੀਂਹਾਂ ਅੰਦਰ, ਗੁਰਾਂ ਦੇ ਲਾਲ ਜੀ
ਕਾਜ਼ੀ ਹੁਕਮ ਸੁਣਾਇਆ, ਚਿਣ ਦਿਓ ਵਿੱਚ ਨੀਹਾਂ ਦੇ
ਬੱਚੇ ਕਦੇ ਮਿੱਤ ਨਾ ਹੁੰਦੇ, ਸੱਪਾਂ ਤੇ ਸ਼ੀਹਾਂ ਦੇ
ਹੁਣੇ ਹੀ ਸਿਰੀ ਮਸਲ ਕੇ, ਨਿਬੇੜੋ ਜੰਜਾਲ ਜੀ
ਚਿਣ ਦਿੱਤੇ ਸੀ ਨੀਂਹਾਂ ਅੰਦਰ, ਗੁਰਾਂ ਦੇ ਲਾਲ ਜੀ
ਫੁੱਲਾਂ ਜਿਹੇ ਸੋਹਣੇ ਬੱਚੇ, ਛੱਡ ਗਏ ਸਰੀਰ ਸੀ
ਅੱਖੀਆਂ ’ਚੋਂ ਸ਼ਰੀਂਹ ਵਾਲਿਆ, ਰੁਕਦਾ ਨਾ ਨੀਰ ਸੀ
ਦੁਨੀਆ ’ਤੇ ਪੈਦਾ ਕਰਗੇ, ਅਨੋਖੀ ਮਿਸਾਲ ਜੀ
ਚਿਣ ਦਿੱਤੇ ਸੀ ਨੀਂਹਾਂ ਅੰਦਰ, ਗੁਰਾਂ ਦੇ ਲਾਲ ਜੀ।
ਸੰਪਰਕ: 94782-13684
* * *
ਕਲਗੀਧਰ ਦੇ ਲਾਲ ਪਿਆਰੇ
ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਦਾਦੀ ਮਾਂ ਦੀ ਅੱਖ ਦੇ ਤਾਰੇ।
ਕਲਗੀਧਰ ਦੇ ਲਾਲ ਪਿਆਰੇ।
ਹੱਸਦੇ-ਹੱਸਦੇ ਤੁਰਦੇ ਜਾਂਦੇ,
ਇੱਕ ਦੂਜੇ ਤੋਂ ਜਾਂਦੇ ਵਾਰੇ।
ਜ਼ੋਰਾਵਰ ਤੇ ਫਤਹਿ ਸਿੰਘ ਜੀ,
ਜੋਸ਼ ਨਾਲ ਲਾਵਣ ਜੈਕਾਰੇ।
ਸੂਬਾ ਹੋਰ ਕ੍ਰੋਧਿਤ ਹੋਇਆ।
ਜਦ ਬੂਹੇ ਨੂੰ ਠੁੱਡੇ ਮਾਰੇ।
ਸੂਬਾ ਸੋਚੇ ਬਾਲ ਜਿਨ੍ਹਾਂ ਨੂੰ,
ਸਿੱਖੀ ਦੇ ਉਹ ਸਨ ਮੁਨਾਰੇ।
ਕੜਕ ਕਚਹਿਰੀ ਦੇ ਵਿੱਚ ਬੋਲੇ,
ਚਾਹੁੰਦਾ ਕੀ ਏਂ ਦੱਸ ਹਤਿਆਰੇ।
ਈਨ ਮਨਾ ਲਵੇਂਗਾ ਤੂੰ ਸਾਨੂੰ,
ਭੁੱਲ ਕੇ ਸੋਚੀਂ ਨਾ ਇਸ ਬਾਰੇ।
ਸਿੱਖੀ ਖੰਡਿਓਂ ਧਾਰ ਹੈ ਤਿੱਖੀ,
ਚਰਖੜੀਆਂ ਅਤੇ ਵੇਖੇ ਆਰੇ।
ਦਾਦੀ ਐਸੀ ਸਿੱਖਿਆ ਦਿੱਤੀ,
ਲਾਲਚ ਦਿੱਤੇ ਸਭ ਦੁਰਕਾਰੇ।
ਬਾਲ ਉਮਰ ਦਾ ਜੋਸ਼ ਦੇਖ ਕੇ,
ਮੂੰਹ ਵਿੱਚ ਉਂਗਲਾਂ ਪਾਉਂਦੇ ਸਾਰੇ।
‘ਪਾਰਸ’ ਨੀਹਾਂ ਵਿੱਚ ਚਿਣੇ ਗਏ,
ਪਰ ਲਾਲਾਂ ਨੇ ਸਿਦਕ ਨਾ ਹਾਰੇ।
ਸੰਪਰਕ: 99888-11681
* * *
ਦਾਦੀ ਮਾਂ ਦੇ ਆਖ਼ਰੀ ਬੋਲ
ਰਣਜੀਤ ਆਜ਼ਾਦ ਕਾਂਝਲਾ
ਮੇਰੇ ਲਾਲ ਦਿਉ ਲਾਲੋ! ਕਿਤੇ ਡੋਲ ਨਾ ਜਾਣਾ।
ਮਿੱਠਾ ਕਰਕੇ ਮੰਨ ਲਿਉ ਸਤਿਗੁਰ ਦਾ ਭਾਣਾ…।
ਜਾਬਰ ਸੂਬਾ ਆਪਣੀ, ਵਾਹ ਪੂਰੀ ਲਾਊ,
ਲਾਲਚ ਦੇਊ ਬੜੇ, ਤਸੀਹੇ ਦੇ ਕੇ ਡਰਾਊ।
ਦਾਦੇ-ਪੜਦਾਦੇ ਦੇ ਇਤਿਹਾਸ ਨੂੰ ਦੁਹਰਾਉਣਾ।
ਮਿੱਠਾ ਕਰਕੇ…
ਦਾਦੀ ਮਾਂ ਨੂੰਹ ਰਾਣੀ, ਜੀਤੋ ਨੂੰ ਯਾਦ ਕਰੇ।
ਆ ਵੇਖ ਮੇਰੀਏ ਧੀਏ ਪੁੱਤ ਘੋੜੀ ਚੜ੍ਹ ਰਹੇ।
ਰੂਪ ਅੰਤਾਂ ਦਾ ਚੜ੍ਹਿਆ, ਆ ਕੇ ਤੱਕ ਜਾਣਾ।
ਮਿੱਠਾ ਕਰਕੇ…
ਪਰਚੇ ਭਾਰੇ ਪੈਣਗੇ ਤੁਸੀਂ ਮਨ ਕਰੜੇ ਕਰ ਲਓ।
ਨਾਮ ਗੁਰਾਂ ਦਾ ਜਪ, ਖ਼ੁਦ ਨੂੰ ਤਕੜੇ ਕਰ ਲਓ!
ਧਰਮ ਕਰਮ ’ਤੇ ਖ਼ਰੇ ਉੱਤਰ ਮੰਜ਼ਿਲ ਨੂੰ ਪਾਣਾ!
ਮਿੱਠਾ ਕਰਕੇ…
ਦੁਨੀਆ ਵਾਲਿਉ ਹੁੰਦੈ ਮੂਲ ਤੋਂ ਵਿਆਜ ਪਿਆਰਾ।
ਮੋਹ ਦੇ ਰਿਸ਼ਤੇ ਟੁੱਟਦੇ, ਜਿਉਂ ਅੰਬਰੋਂ ਟੁੱਟਦਾ ਤਾਰਾ।
ਟੁੱਟੇ ਤਾਰੇ ਨੇ ਲਕੀਰ ਬਣ, ਅਗਾਂਹ ਨੂੰ ਟੁਰ ਜਾਣਾ।
ਮਿੱਠਾ ਕਰਕੇ…
ਸਬਰ ਜਬਰ ਦੀ ਇਹ ਜੰਗ ਨਿਆਰੀ ਹੋਣੀ ਏ।
ਜਬਰ ਦੇ ਵਿੱਚੋਂ ਸਬਰ ਨੇ ਫ਼ਤਹਿ ਪਾਉਣੀ ਏ।
ਸੁਨਹਿਰੀ ਇਤਿਹਾਸ ਦਾ ਹੈ ਅੰਗ ਬਣ ਜਾਣਾ।
ਮਿੱਠਾ ਕਰਕੇ…
ਇਤਿਹਾਸ ਬਣਾ ਗਏ ਯੋਧੇ ਦੁਨੀਆ ’ਤੇ ਨਿਆਰਾ।
ਝੁਕ-ਝੁਕ ਸਿਜਦਾ ਕਰਦਾ ਆ ਰਿਹੈ ਜੱਗ ਸਾਰਾ।
‘ਆਜ਼ਾਦ’ ਸਿੱਖੀ ਦੇ ਬੂਟੇ ਨੂੰ ਰਲ ਪਾਣੀ ਲਾਣਾ।
ਮਿੱਠਾ ਕਰਕੇ ਮੰਨ ਲਿਉ, ਸਤਿਗੁਰ ਦਾ ਭਾਣਾ।
ਮੇਰੇ ਲਾਲ ਦਿਉ ਲਾਲੋ! ਕਿਤੇ ਡੋਲ ਨਾ ਜਾਣਾ…।
ਸੰਪਰਕ: 094646-97781
* * *
ਚਾਰ ਸਾਹਿਬਜ਼ਾਦੇ
ਸੁਖਦੇਵ ਸਿੰਘ ‘ਭੁੱਲੜ’
ਨਾਮ ਹੈ ਅਜੀਤ ਸਿੰਘ, ਜੀਤਾ ਨਾ ਜਾਊਂ ਕਦੇ,
ਜਿੱਤਿਆ ਗਿਆ ਤਾਂ ਫਿਰ ਜ਼ਿੰਦਾ ਨਾ ਆਊਂਗਾ।
ਜੰਗ ਦੇ ਮੈਦਾਨ ਵਿੱਚ ਜਿੱਤਣਾ ਉਦੇਸ਼ ਮੇਰਾ,
ਜਿੱਤ ਦੇ ਲਈ ਜ਼ਿੰਦਗੀ ਦੀ ਬਾਜੀ ਲਗਾਊਂਗਾ।
ਰਤਾ ਵੀ ਨਾ ਖ਼ੌਫ਼ ਮੇਰੇ ਦਿਲ ਵਿੱਚ ਮੌਤ ਦਾ,
ਸਵਾ ਲੱਖ ਨਾਲ ‘ਕੱਲਾ ਲੜ ਕੇ ਵਿਖਾਊਂਗਾ।
ਜ਼ਿੰਦਗੀ ਦੀ ਬਾਜ਼ੀ ਜਾਊਂ ਜਿੱਤ ਕੇ ਸੰਸਾਰ ’ਚੋਂ,
ਰਣ ਦਾ ਅਜੀਤ ਤਾਂ ਹੀ ‘ਭੁੱਲੜਾ’ ਕਹਾਊਂਗਾ।
ਨਾਮ ਦਾ ਜੁਝਾਰ ਸਿੰਘ ਪੁੱਤ ਬਾਜ਼ਾਂ ਵਾਲੇ ਦਾ,
ਮੌਤ ਲਾੜੀ ਵਰ੍ਹਣ ਲਈ ਤਿਆਰ ਹੋਇਆ ਝੱਟ-ਪੱਟ।
ਪੰਜ ਸਿੰਘ ਨਾਲ ਲੈ ਕੇ ਟੁੱਟ ਪਿਆ ਵੈਰੀ ਉੱਤੇ,
ਜਿਹੜਾ ਆਇਆ ਸਾਹਮਣੇ, ਉਹ ਸੁੱਟਿਆ ਸੀ ਕੱਟ-ਕੱਟ।
ਰਣ ਵਿੱਚ ਜੂਝ ਕੇ ਜੁਝਾਰੂਆਂ ਦੇ ਵਾਂਗ ਯੋਧਾ,
ਵੈਰੀਆਂ ’ਤੇ ਵਾਰ ਕਰੇ ਤੇਗ ਨਾਲ ਵੱਟ-ਵੱਟ।
ਸੈਆਂ ਵੈਰੀ ਮਾਰ ਕੇ ਸ਼ਹੀਦ ਹੋਇਆ ਸੂਰਮਾ,
‘ਭੁੱਲੜਾ’ ਸ਼ਹਾਦਤ ਦਾ ਪਿਆਲਾ ਪੀਤਾ ਗੱਟ-ਗੱਟ।
ਨਾਮ ਜ਼ੋਰਾਵਰ ਸਿੰਘ ਸੋਹਲ ਤੇ ਮਲੂਕ ਜਿਹਾ,
ਚੰਦ ਜਿਹਾ ਮੁੱਖ ਤੇ ਉਮਰ ਨੌਂ ਸਾਲ ਦਾ।
ਕੰਧ ਵਿੱਚ ਖੜ੍ਹਾ ਲਲਕਾਰ ਰਿਹਾ ਮੌਤ ਤਾਈਂ,
ਚਿਹਰੇ ਉੱਤੇ ਨੂਰ ਸੀ ਗਜ਼ਬ ਤੇ ਕਮਾਲ ਦਾ।
ਮੌਤ ਵੀ ਹੈਰਾਨ ਤੱਕ ਰਹੀ ਸ਼ਹਿਜ਼ਾਦੇ ਵੱਲ,
ਸੂਬੇ ਦੀ ਕਚਹਿਰੀ ਵਿੱਚ ਗੱਜ-ਵੱਜ ਬੋਲਿਆ।
‘ਭੁੱਲੜਾ’ ਸ਼ਹੀਦ ਹੋਇਆ ਸਿੱਖੀ ਸ਼ਾਨ ਬਦਲੇ,
ਝੱਲ ਗਿਆ ਤਸੀਹੇ, ਪਰ ਜ਼ਰਾ ਵੀ ਨਾ ਡੋਲਿਆ।
ਨਾਮ ਫਤਹਿ ਸਿੰਘ ਤੇ ਉਮਰ ਸੱਤ ਸਾਲ ਦੀ,
ਸੋਹਲ ਜਿਹੀ ਛਾਤੀ ਵਿੱਚ ਦਿਲ ਸੀ ਫੌਲਾਦ ਦਾ।
ਸੋਹਣਾ ਸੁਨੱਖਾ ਹੱਦੋਂ ਵੱਧ ਜਿਵੇਂ ਚੰਦ ਹੋਵੇ,
ਲਾਲ ਸੂਹਾ ਫੁੱਲ ਜਿਵੇਂ ਹੁੰਦਾ ਏ ਗੁਲਾਬ ਦਾ।
ਨੀਹਾਂ ਵਿੱਚ ਖੜ੍ਹਾ ਹਿੱਕ ਤਾਣ ਕੇ ਭੁਝੰਗ ਸਿੰਘ,
ਡੋਲਦਾ ਸੀ ਦਿਲ ਵੇਖ-ਵੇਖ ਕੇ ਜਲਾਦ ਦਾ।
ਮੌਤ ਉੱਤੇ ਫ਼ਤਹਿ ਪਾਈ ਫਤਹਿ ਸਿੰਘ ‘ਭੁੱਲੜਾ’
ਚੂਰ-ਚੂਰ ਕਰ ਦਿੱਤਾ ਗੁਮਾਨ ਸੀ ਨਵਾਬ ਦਾ।
ਸੰਪਰਕ: 94170-46117
* * *
ਬਾਬਾ ਅਜੀਤ ਸਿੰਘ ਜੀ
ਦਰਸ਼ਨ ਸਿੰਘ ਪ੍ਰੀਤੀਮਾਨ
ਫ਼ਤਹਿ ਬੁਲਾ ਕੇ ਪਿਤਾ ਨੂੰ, ਅਜੀਤ ਜੰਗ ਨੂੰ ਹੋਇਆ ਤਿਆਰ।
ਅੱਜ ਘੋੜੀ ਚੜ੍ਹਨਾ ਮੌਤ ਦੀ, ਉਹਨੇ ਪੰਜੇ ਲਏ ਹਥਿਆਰ।
ਘੋੜਾ ਛੇੜਿਆ ਜੰਗੀ ਰਣ ਨੂੰ, ਹੱਥ ਸਜਦੀ ਫੜੀ ਤਲਵਾਰ।
ਸਿਰ ਵੈਰੀਆਂ ਦੇ ਜਾਵੇ ਲ੍ਹਾਂਵਦਾ, ਯੋਧਾ ਮੁੱਖੋਂ ਫ਼ਤਹਿ ਪੁਕਾਰ।
ਰੱਤ ਪਾਣੀ ਵਾਂਗਰ ਚੱਲ ਪਈ, ਵੈਰੀ ਹਜ਼ਾਰਾਂ ਦਿੱਤੇ ਮਾਰ।
ਦਿਨ ਵਕਤ ਹਨੇਰਾ ਛਾ ਗਿਆ, ਪਈ ਲੋਥ ਨਾ’ ਲੋਥ ਹਜ਼ਾਰ।
ਵੇਖ ਸੂਬੇ ਤੇ ਵਜ਼ੀਰ ਨੇ, ਫ਼ੌਜ ਨੂੰ ਆਖਿਆ ਫੇਰ ਪੁਕਾਰ।
ਨੱਕ ਡੋਬ ਮਰੋ ਵਿੱਚ ਚੱਪਣੀ, ‘ਇਕੱਲਾ ਸਿੰਘ’ ਤੁਸੀਂ ਬੇਸ਼ੁਮਾਰ।
ਉਹਨੇ ਖੂਹਣੀਆਂ ਗਰਕ ਨੇ ਕੀਤੀਆਂ, ਤੁਸੀਂ ਕਿਉਂ ਨਹੀਂ ਸਕਦੇ ਮਾਰ।
ਹਮਲਾ ਇਕਦਮ ਬੋਲਿਆ ਫ਼ੌਜ ਨੇ, ਯੋਧਾ ਘਿਰ ਗਿਆ ਵਿਚਕਾਰ।
ਲੜਦਾ ਸ਼ੇਰ ਘੋੜੇ ਤੋਂ ਡਿੱਗਿਆ, ਤਨ ਹੋਏ ਜ਼ਖ਼ਮ ਬੇਸ਼ੁਮਾਰ।
ਫ਼ਤਹਿ ਜਾਂਦੀ ਵਾਰੀ ਬੋਲਿਆ, ਸੋਹਣੇ ਮੁੱਖ ਦੇ ਨਾਲ ਪੁਕਾਰ।
ਸੂਰਾ ਰਣ ’ਚ ਸ਼ਹੀਦੀ ਪਾ ਗਿਆ, ਆਪਣੀ ਪੂਰੀ ਕਰਕੇ ਕਾਰ।
‘ਮਾਨ ਰਾਮਪੁਰੇ’ ਵਾਲਾ ਵਾਰਾਂ ਲਿਖਦਾ, ਦਿੱਤੀ ਜਾਨ ਧਰਮ ਤੋਂ ਵਾਰ।
ਸੰਪਰਕ: 97792-97682