ਗੁਰਿੰਦਰ ਸਿੰਘ
ਲੁਧਿਆਣਾ, 28 ਦਸੰਬਰ
ਮੁਸਲਮਾਨ ਭਾਈਚਾਰੇ ਵੱਲੋਂ ਅੱਜ ਇੱਥੇ ਮਜਲਿਸ ਅਹਿਰਾਰ ਇਸਲਾਮ ਦੇ 94ਵੇਂ ਸਥਾਪਨਾ ਦਿਵਸ ਮੌਕੇ ‘ਖਤਮ-ਏ-ਨਬੂਵਤ’ ਕਾਨਫਰੰਸ ਕੀਤੀ ਗਈ। ਮਾਇਆਪੁਰੀ ਮਦਰੱਸਾ ਤਰਤੀ ਰੂਲ ਕੁਰਾਨ ਵੱਲੋਂ ਕਰਵਾਈ ਗਈ ਇਸ ਕਾਨਫਰੰਸ ਦੀ ਪ੍ਰਧਾਨਗੀ ਮੁਫ਼ਤੀ ਮੁਹੰਮਦ ਖਲੀਲ ਕਾਸਮੀ, ਮੁਫ਼ਤੀ ਆਜ਼ਮ ਪੰਜਾਬ ਮਾਲੇਰਕੋਟਲਾ ਨੇ ਕੀਤੀ ਜਦਕਿ ਅਹਿਰਾਰ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਮੌਲਾਨਾ ਮੁਫ਼ਤੀ ਮੁਹੰਮਦ ਖਲੀਲ ਕਾਸਮੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਮਜਲਿਸ ਅਹਿਰਾਰ ਇਸਲਾਮ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਦੇ ਪਿਤਾ, ਦਾਦਾ ਤੇ ਹੋਰ ਵੱਡੇ-ਵਡੇਰਿਆਂ ਨੇ ਬੀਤੇ 150 ਸਾਲਾਂ ਵਿੱਚ ਜੋ ਕੁਰਬਾਨੀਆਂ ਦਿੱਤੀਆਂ ਹਨ, ਉਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਨੇ ਕਿਹਾ ਕਿ ਪੈਗੰਬਰ ਹਜ਼ਰਤ ਮੁਹੰਮਦ ਸਲੱਲਲਾਹੂ ਅਲੈਹੀ ਵਸੱਲਮ ਦੁਨੀਆ ਭਰ ਲਈ ਰਹਿਮਤ ਬਣ ਕੇ ਆਏ ਅਤੇ ਉਨ੍ਹਾਂ ਆਪਸੀ ਭਾਈਚਾਰੇ ਤੇ ਇਨਸਾਨਾਂ ਵਿੱਚ ਬਰਾਬਰੀ ਕਾਇਮ ਕਰਨ ਦਾ ਸੁਨੇਹਾ ਦਿੱਤਾ। ਸ਼ਾਹੀ ਇਮਾਮ ਨੇ ਕਿਹਾ ਕਿ ਕੁੱਝ ਸਮਾਜ ਵਿਰੋਧੀ ਤਾਕਤਾਂ ਹਜ਼ਰਤ ਮੁਹੰਮਦ ਸਲੱਲਲਾਹੂ ਅਲੈਹੀ ਵਸੱਲਮ ਦੀ ਥਾਂ ਝੂਠੇ ਵਿਅਕਤੀ ਨੂੰ ਨਬੀ ਬਣਾ ਕੇ ਪੇਸ਼ ਕਰਨਾ ਚਾਹੁੰਦੀਆਂ ਹਨ, ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਜਲਿਸ ਅਹਿਰਾਰ ਇਸਲਾਮ ਆਪਣੇ ਸਥਾਪਨਾ ਦਿਵਸ ਤੋਂ ਲੈ ਕੇ ਅੱਜ ਤੱਕ ਇਸ ਮਕਸਦ ’ਤੇ ਸਖ਼ਤੀ ਨਾਲ ਚੱਲ ਰਹੀ ਹੈ ਕਿ ਦੇਸ਼ ਅਤੇ ਕੌਮ ਦੇ ਗੱਦਾਰਾਂ ਨਾਲ ਕਦੀ ਕੋਈ ਸਮਝੋਤਾ ਨਹੀਂ ਕੀਤਾ ਜਾਣਾ ਚਾਹੀਦਾ।