ਦੁਬਈ, 29 ਦਸੰਬਰ
ਸੈਂਚੁਰੀਅਨ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਧੀਮੀ ਓਵਰ ਰਫ਼ਤਾਰ ਕਾਰਨ ਭਾਰਤੀ ਟੀਮ ਨੂੰ ਮੈਚ ਫੀਸ ਦਾ 10 ਫੀਸਦ ਜੁਰਮਾਨਾ ਲਾਇਆ ਗਿਆ ਹੈ ਅਤੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਲਈ ਦੋ ਅੰਕ ਵੀ ਗੁਆਉਣੇ ਪਏ ਹਨ। ਇਸ ਮੈਚ ਵਿੱਚ ਭਾਰਤ ਨੂੰ ਪਾਰੀ ਅਤੇ 32 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਰ ਤੋਂ ਬਾਅਦ ਭਾਰਤ ਡਬਲਿਊਟੀਸੀ ਅੰਕ ਸੂਚੀ ਵਿੱਚ ਸਿਖਰ ਤੋਂ ਦੂਜੇ ਸਥਾਨ ’ਤੇ ਖਿਸਕ ਗਿਆ ਹੈ। ਹੁਣ ਆਸਟਰੇਲੀਆ ਸਿਖਰ ’ਤੇ ਹੈ। ਆਈਸੀਸੀ ਨੇ ਕਿਹਾ, ‘‘ਆਈਸੀਸੀ ਇਲੀਟ ਪੈਨਲ ਦੇ ਮੈਚ ਰੈਫਰੀ ਕ੍ਰਿਸ ਬ੍ਰਾਡ ਨੇ ਭਾਰਤੀ ਟੀਮ ਨੂੰ ਇਹ ਸਜ਼ਾ ਦਿੱਤੀ। ਭਾਰਤ ਨਿਰਧਾਰਤ ਸਮੇਂ ਵਿੱਚ ਟੀਚੇ ਤੋਂ ਦੋ ਓਵਰ ਪਿੱਛੇ ਸੀ।’’ ਘੱਟ ਓਵਰ ਰੇਟ ਸਬੰਧੀ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਲਈ ਆਈਸੀਸੀ ਕੋਡ ਆਫ ਕੰਡਕਟ ਦੀ ਧਾਰਾ 2.22 ਤਹਿਤ ਹਰ ਓਵਰ ਲਈ ਮੈਚ ਫੀਸ ਦਾ ਪੰਜ ਫੀਸਦੀ ਜੁਰਮਾਨਾ ਹੁੰਦਾ ਹੈ। ਇਸ ਦੇ ਨਾਲ ਹੀ ਹਰ ਓਵਰ ਲਈ ਡਬਲਿਊਟੀਸੀ ਦਾ ਇੱਕ ਅੰਕ ਵੀ ਕੱਟਦਾ ਹੈ। -ਪੀਟੀਆਈ