ਨਵੀਂ ਦਿੱਲੀ, 30 ਦਸੰਬਰ
ਵਿਸ਼ਵ ਚੈਂਪੀਅਨਸ਼ਿਪ ’ਚ ਕਈ ਵਾਰ ਤਗ਼ਮੇ ਜਿੱਤਣ ਵਾਲੀ ਵਿਨੇਸ਼ ਫੋਗਾਟ ਨੇ ਅੱਜ ਆਪਣੇ ਖੇਲ ਰਤਨ ਤੇ ਅਰਜੁਨ ਪੁਰਸਕਾਰ ਮੋੜ ਦਿੱਤੇ ਹਨ ਅਤੇ ਦਿੱਲੀ ਪੁਲੀਸ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਜਾਣ ਤੋਂ ਰੋਕੇ ਜਾਣ ’ਤੇ ਉਸ ਨੇ ਦੋਵੇਂ ਪੁਰਸਕਾਰ ਕਰਤੱਵਿਆ ਪਥ ਦੇ ਵਿਚਾਲੇ ਹੀ ਛੱਡ ਦਿੱਤੇ।
ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਪਹਿਲਵਾਨ ਵਿਨੇਸ਼ ਨੇ ਲੰਘੇ ਮੰਗਲਵਾਰ ਨੂੰ ਆਪਣਾ ਖੇਲ ਰਤਨ ਤੇ ਅਰਜੁਨ ਪੁਰਸਕਾਰ ਸਰਕਾਰ ਨੂੰ ਮੋੜਨ ਦਾ ਫ਼ੈਸਲਾ ਕੀਤਾ ਸੀ ਅਤੇ ਕਿਹਾ ਸੀ ਕਿ ਅਜਿਹੇ ਸਮੇਂ ’ਚ ਇਸ ਤਰ੍ਹਾਂ ਦੇ ਸਨਮਾਨ ਬੇਮਾਇਨੇ ਹੋ ਗਏ ਹਨ ਜਦੋਂ ਪਹਿਲਵਾਨ ਨਿਆਂ ਲੈਣ ਲਈ ਸੰਘਰਸ਼ ਕਰ ਰਹੇ ਹਨ। ਵਿਨੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਆਪਣੇ ਫ਼ੈਸਲੇ ਦਾ ਐਲਾਨ ਕੀਤਾ ਸੀ। ਉਨ੍ਹਾਂ ਅੱਜ ਆਪਣੇ ਪੁਰਸਕਾਰ ਮੋੜਨ ਲਈ ਪ੍ਰਧਾਨ ਮੰਤਰੀ ਦਫ਼ਤਰ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਸ ਨੂੰ ਰੋਕ ਦਿੱਤਾ। ਇਸ ਦੇ ਵਿਰੋਧ ਵਿੱਚ ਵਿਨੇਸ਼ ਨੇ ਆਪਣੇ ਪੁਰਸਕਾਰ ਕਰਤੱਵਿਆ ਪਥ ’ਤੇ ਹੀ ਛੱਡ ਦਿੱਤੇ ਅਤੇ ਬਾਅਦ ਵਿੱਚ ਦਿੱਲੀ ਪੁਲੀਸ ਨੇ ਇਹ ਪੁਰਸਕਾਰ ਚੁੱਕ ਲਏ।
ਵਿਨੇਸ਼ ਨੇ ਓਲੰਪਿਕ ਤਗ਼ਮਾ ਜੇਤੂ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨਾਲ ਮਿਲ ਕੇ ਭਾਰਤੀ ਕੁਸ਼ਤੀ ਫੈੱਡਰੇਸ਼ਨ (ਡਬਲਯੂਐੱਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਨਜ਼ਦੀਕੀ ਸੰਜੈ ਸਿੰਘ ਦੀ ਚੋਣ ਦਾ ਵਿਰੋਧ ਕੀਤਾ ਸੀ। ਇਨ੍ਹਾਂ ਤਿੰਨਾਂ ਨੇ ਬ੍ਰਿਜਭੂਸ਼ਨ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਸੰਜੈ ਸਿੰਘ ਦੇ ਡਬਲਯੂਐੱਫਆਈ ਦਾ ਪ੍ਰਧਾਨ ਚੁਣੇ ਜਾਣ ਤੋਂ ਤੁਰੰਤ ਬਾਅਦ ਸਾਕਸ਼ੀ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਖੇਡ ਮੰਤਰਾਲੇ ਨੇ ਹਾਲਾਂਕਿ ਸੰਵਿਧਾਨਕ ਨਿਯਮਾਂ ਦਾ ਪਾਲਣ ਨਾ ਕਰਨ ’ਤੇ ਡਬਲਯੂਐੱਫਆਈ ਦੇ ਨਵੇਂ ਚੁਣੇ ਪੈਨਲ ਨੂੰ ਮੁਅੱਤਲ ਕਰ ਦਿੱਤਾ ਸੀ ਜਦਕਿ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਤੋਂ ਖੇਡ ਸੰਸਥਾ ਦਾ ਕੰਮਕਾਰ ਦੇਖਣ ਲਈ ਇੱਕ ਐਡਹਾਕ ਕਮੇਟੀ ਬਣਾਉਣ ਲਈ ਕਿਹਾ ਸੀ। ਵਿਨੇਸ਼ ਨੇ ਐਕਸ ’ਤੇ ਪੋਸਟ ਕੀਤੇ ਆਪਣੇ ਪੱਤਰ ’ਚ ਲਿਖਿਆ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਸਰਕਾਰ ਦੇ ਇਸ਼ਤਿਹਾਰਾਂ ਜਿਹੀ ਨਹੀਂ ਹੈ ਜੋ ਮਹਿਲਾ ਸ਼ਕਤੀਕਰਨ ਬਾਰੇ ਗੱਲ ਕਰਦੇ ਹਨ। -ਪੀਟੀਆਈ