ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਦਸੰਬਰ
ਪੰਜਾਬੀ ਯੂਨੀਵਰਸਿਟੀ ਦੇ ਸਕਿਉਰਿਟੀ ਗਾਰਡਾਂ ਵੱਲੋਂ ਜਥੇਬੰਦੀ ਦੇ ਪ੍ਰਧਾਨ ਅਬਵਿੰਦਰ ਸਿੰਘ ਬਾਬਾ ਦੀ ਅਗਵਾਈ ਹੇਠਾਂ 12 ਦਿਨਾਂ ਤੋਂ ਯੂਨੀਵਰਸਿਟੀ ਦੇ ਮੁੱਖ ਗੇਟ ਕੋਲ਼ ਪੱਕਾ ਮੋਰਚਾ ਲਾਇਆ ਹੋਇਆ ਹੈ। ਉਹ ਦਿਹਾੜੀਦਾਰ ਮੁਲਾਜ਼ਮਾਂ ਨੂੰ ਐਡਹਾਕ ਅਤੇ ਐਡਹਾਕ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਭਾਵੇਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਗੱਡੇ ਗਏ ਤੰਬੂ ’ਚ ਰਜਾਈਆਂ ਗਦੈਲੇ ਅਤੇ ਹੋਰ ਗਰਮ ਕੱਪੜੇ ਵੀ ਰੱਖੇ ਹੋਏ ਹਨ, ਪਰ ਕੁਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ’ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਪੇਸ਼ ਕਰ ਰਹੇ ਹਨ। ਇਸੇ ਦੌਰਾਨ ਪਿਛਲੇ ਦਿਨੀਂ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਪ੍ਰੀਖਿਆਵਾਂ ’ਚ ਵਿਘਨ ਪਾਉਣ ਅਤੇ ਰੋਸ ਮਾਰਚ ਦੌਰਾਨ ਕਥਿਤ ਭੱਦੀ ਸ਼ਬਦਾਬਲੀ ਵਰਤਣ ਦੇ ਦੋਸ਼ ਤਹਿਤ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੰਜਾਹ ਦੇ ਕਰੀਬ ਸੁਰੱਖਿਆ ਕਰਮੀਆਂ ਅਤੇ ਹੋਰ ਮੁਲਾਜਮਾ ਦੇ ਖਿਲਾਫ਼ ਕੇਸ ਵੀ ਦਰਜ ਕਰਵਾਇਆ ਗਿਆ ਹੈ। ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਨਵਜੋਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਇਹ ਕੇਸ ਥਾਣਾ ਅਰਬਨ ਅਸਟੇਟ ਵਿੱਚ ਦਰਜ ਕੀਤਾ ਗਿਆ ਹੈ। ਮੁਲਜ਼ਮਾ ਵਜੋਂ ਸ਼ਾਮਲ ਕੀਤੇ ਗਏ ਮੁਲਾਜ਼ਮਾਂ ਵਿੱਚ ਸਕਿਉਰਿਟੀ ਗਾਰਡ ਯੂਨੀਅਨ ਦੇ ਪ੍ਰਧਾਨ ਅਰਵਿੰਦਰ ਸਿੰਘ ਬਾਬਾ,ਦਲਬੀਰ ਸਿੰਘ, ਮਿਥੁਨ ਸਿੰਘ, ਜਸਪਾਲ ਸਿੰਘ, ਸੰਜੇ ਕੁਮਾਰ, ਅੰਗਰੇਜ ਸਿੰਘ, ਹੀਰਾ ਲਾਲ, ਕੁਲਵਿੰਦਰ ਸਿੰਘ, ਰਾਜਿੰਦਰ ਪਾਲ, ਸਤਵੰਤ ਸਿੰਘ, ਲਖਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ, ਜਗਸੀਰ ਸਿੰਘ ਅਤੇ ਕੁਝ ਮਹਿਲਾ ਮੁਲਾਜਮਾ ਸਮੇਤ 30/40 ਹੋਰਾਂ ਦੇ ਨਾਮ ਵੀ ਸ਼ਾਮਲ ਹਨ। ਸੰਪਰਕ ਕਰਨ ’ਤੇ ਥਾਣਾ ਅਰਬਨ ਅਸਟੇਟ ਦੇ ਐਸ.ਐਚ.ਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਪੁਸ਼ਟੀ ਕੀਤੀ ਹੈ।
ਸ਼ਿਕਾਇਤ ਮੁਤਾਬਿਕ ਸਕਿਉਰਿਟੀ ਗਾਰਡਾਂ ਵੱਲੋਂ ਕੈਂਪਸ ’ਚ ਕੀਤੇ ਗਏ ਰੋਸ ਮਾਰਚ ਦੌਰਾਨ ਰਜਿਸਟਰਾਰ ਅਤੇ ਵੀਸੀ ਦਫਤਰ ਕੋਲ ਰੁਕ ਕੇ ਕਥਿਤ ਤੌਰ ’ਤੇ ਭੱਦੀ ਸ਼ਬਦਾਵਲੀ ਵਰਤੀ ਗਈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ 19 ਦਸੰਬਰ ਤੋਂ ਲਾਏ ਗਏ ਧਰਨੇ ’ਚ ਸ਼ਾਮਲ ਹੋਣ ਕਰਕੇ ਇਹ ਕਰਮਚਾਰੀ ਡਿਊਟੀਆਂ ਤੋਂ ਵੀ ਗੈਰ ਹਾਜ਼ਰ ਹਨ। ਯੂਨੀਵਰਸਿਟੀ ਦਾ ਗੇਟ ਬੰਦ ਕਰਕੇ ਆਵਜਾਈ ਰੋਕਣ ਸਮੇਤ ਰੋਸ ਮਾਰਚ ਦੌਰਾਨ ਉੱਚੀ ਆਵਾਜ਼ ’ਚ ਨਾਅਰੇਬਾਜੀ ਕਰਕੇ ਪ੍ਰੀਖਿਆਵਾਂ ਵਿੱਚ ਵੀ ਵਿਘਨ ਪਾਇਆ। ਉਧਰ ਧਰਨਾ ਅੱਜ 12ਵੇਂ ਦਿਨ ਵੀ ਜਾਰੀ ਰਿਹਾ।
ਉਧਰ ਪ੍ਰਧਾਨ ਅਰਵਿੰਦਰ ਸਿੰਘ ਬਾਬਾ ਦਾ ਕਹਿਣਾ ਹੈ ਕਿ ਨਿਰਧਾਰਤ ਨਿਯਮਾਂ ਤਹਿਤ ਉਹ ਸੁਵਿਧਾ ਲੈਣ ਦੇ ਹੱਕਦਾਰ ਹਨ। ਜਿਵੇਂ ਕਿ ਕਈ ਕਈ ਸਾਲਾਂ ਤੋਂ ਦਿਹਾੜੀਦਾਰ ਮੁਲਾਜ਼ਮਾਂ ਵਜੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਐਡਹਾਕ ’ਤੇ ਕਰਨਾ ਚਾਹੀਦਾ ਹੈ ਜਦਕਿ ਕਈ ਸਾਲਾਂ ਤੋਂ ਐਡਹਾਕ ਕੈਟਗਿਰੀ ’ਚ ਕੰਮ ਕਰ ਰਹੇ ਕਰਮਚਾਰੀ ਹੁਣ ਰੈਗੂਲਰ ਸੇਵਾਵਾਂ ਦੀ ਸਵਿਧਾ ਲੈਣ ਦੇ ਹੱਕਦਾਰ ਹਨ ਪਰ ਵਾਰ ਵਾਰ ਕਹਿਣ ’ਤੇ ਵੀ ਜਦੋਂ ਪ੍ਰਸਾਸ਼ਨ ਨੇ ਉਨ੍ਹਾਂ ਦੀਆਂ ਬੇਨਤੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਮਜਬੂਰਨ ਧਰਨਾ ਮਾਰਨਾ ਪਿਆ।
ਸੈਨੇਟ ਮੈਂਬਰ ਡਾ. ਬਲਬੀਰ ਸਿੰਘ ਨੂੰ ਮਿਲੇ ਸਕਿਉਰਿਟੀ ਗਾਰਡ
ਪਟਿਆਲਾ (ਖੇਤਰੀ ਪ੍ਰਤੀਨਿਧ): ਆਪਣੀਆਂ ਸੇਵਾਵਾਂ ਨੂੰ ਲੈ ਕੇ 12 ਦਿਨਾਂ ਤੋਂ ਪੰਜਾਬੀ ਯੂਨੀਵਰਸਿਟੀ ਵਿੱਚ ਪੱਕਾ ਮੋਰਚਾ ਲਾ ਕੇ ਬੈਠੇ ਸਕਿਉਰਿਟੀ ਗਾਰਡਾਂ ਅਤੇ ਹੋਰ ਮੁਲਾਜ਼ਮਾਂ ਦੇ ਵਫ਼ਦ ਨੇ ਅੱਜ ਪ੍ਰਧਾਨ ਅਰਵਿੰਦਰ ਸਿੰਘ ਬਾਬਾ ਦੀ ਅਗਵਾਈ ਹੇਠਾਂ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਵਜੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਇਕ ਚੈਨਲ ਤੋ ਦੂਜੇ ਚੈਨਲ ਅਤੇ ਦੂਜੇ ਤੋ ਤੀਜੇ ਚੈਨਲ ਜਾਣ ਦੀ ਕਾਰਵਾਈ ਨੂੰ ਯਕੀਨੀ ਬਣਵਾਉਣ ਦੀ ਮੰਗ ਕੀਤੀ। ਵਫਦ ਨੇ ਦੱਸਿਆ ਕਿ ਉਹ ਕਈ ਦਿਨਾ ਤੋਂ ਯੂਨੀਵਰਸਿਟੀ ਦੇ ਮੁੱਖ ਗੇਟ ’ਤੇ ਅਣਮਿਂਥੇ ਸਮੇ ਲਈ ਪੱਕਾ ਮੋਰਚਾ ਲਾ ਕੇ ਬੈਠੇ ਹਨ। ਤਰਕ ਸੀ ਕਿ ਇਹ ਧਰਨਾ ਸੁਰੱਖਿਆ ਗਾਰਡਾਂ, ਸੇਵਦਾਰਾਂ ਲਿਫਟ ਅਪਰੇਟਰਾਂ ਅਤੇ ਮਸਾਲਚੀ ਕੁੱਕਾਂ ਵੱਲੋ ਸਾਂਝੇ ਤੌਰ ’ਤੇ ਲਗਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਸੋਮਵਾਰ ਤਕ ਕੋਈ ਸੁਣਵਾਈ ਨਾ ਹੋਈ ਤਾ ਸੰਘਰਸ਼ ਨੂੰ ਹੋਰ ਵੀ ਤਿਂਖਾ ਕੀਤਾ ਜਾਵੇਗਾ।