ਅਨੂਪ ਮਣੀ ਤ੍ਰਿਪਾਠੀ
ਹਿੰਦੀ ਵਿਅੰਗ
ਇਕ ਗਧਾ ਜਾ ਰਿਹਾ ਸੀ, ਪਿੱਠ ’ਤੇ ਭਾਰ ਲੱਦੀ। ਉਹ ਰੋਜ਼ ਹੀ ਜਿਸ ਗਲੀ ’ਚੋਂ ਹੋ ਕੇ ਲੰਘਦਾ, ਉਸ ਗਲੀ ’ਚ ਇਕ ਲੇਖਕ ਦਾ ਘਰ ਵੀ ਪੈਂਦਾ ਸੀ। ਲੇਖਕ ਰੋਜ਼ ਗਧੇ ਨੂੰ ਦੇਖਦਾ ਅਤੇ ਮੁਸਕਰਾਉਂਦਾ, ਪਰ ਗਧਾ ਉਸ ਦੀ ਮੁਸਕਰਾਹਟ ਨੂੰ ਅਣਗੌਲਿਆ ਕਰ ਦਿੰਦਾ।
ਇਕ ਦਿਨ ਗਧਾ ਭਾਰ ਲੱਦੀ ਲੇਖਕ ਦੀ ਗਲੀ ’ਚੋਂ ਲੰਘ ਰਿਹਾ ਸੀ, ਤਦ ਉਸ ਨੂੰ ਦੇਖ ਲੇਖਕ ਮੁਸਕਰਾਉਂਦਾ ਹੋਇਆ ਬੋਲਿਆ, ‘‘ਐਨਾ ਭਾਰ ਲੱਦੀ ਜਾ ਰਿਹੈਂ ਕੁਝ ਲਾਹ ਕਿਉਂ ਨਹੀਂ ਦਿੰਦਾ। ਮੈਂ ਤੈਨੂੰ ਰੋਜ਼ ਦੇਖਦਾ ਹਾਂ।’’
ਗਧਾ ਮੁਸਕਰਾਇਆ। ਲੇਖਕ ਨੂੰ ਕੁਝ ਹੈਰਾਨੀ ਹੋਈ। ਲੇਖਕ ਨੂੰ ਦੇਖਦਾ ਹੋਇਆ ਗਧਾ ਬੋਲਿਆ, ‘‘ਮੈਂ ਕਦ ਤੋਂ ਇਹੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸੀ।’’
ਇਹ ਗੱਲ ਸੁਣਦੇ ਸਾਰ ਹੀ ਲੇਖਕ ਭੜਕ ਪਿਆ। ਗੁੱਸੇ ਨਾਲ ਬੋਲਿਆ, ‘‘ਉਏ ਗਧਿਆ, ਤੇਰੇ ਕਹਿਣ ਦਾ ਮਤਲਬ ਕੀ ਹੈ?’’
ਗਧਾ ਨਿਮਰਤਾ ਨਾਲ ਬੋਲਿਆ, ‘‘ਮੈਂ ਤਾਂ ਇਕ ਸਮੇਂ ਤੋਂ ਬਾਅਦ ਲੱਦਿਆ ਭਾਰ ਲਾਹ ਦਿੰਦਾ ਹਾਂ, ਪਰ ਤੁਸੀਂ ਤਾਂ ਹਮੇਸ਼ਾ ਲੱਦੀ ਫਿਰਦੇ ਹੋ।’’
‘‘ਕੀ ਮੈਂ ਤੇਰੇ ਵਰਗਾ ਗਧਾ ਹਾਂ!’’ ਲੇਖਕ ਠਹਾਕਾ ਮਾਰ ਕੇ ਹੱਸਿਆ।
‘‘ਤੁਸੀਂ ਨਹੀਂ ਸਮਝੋਗੇ। ਛੱਡੋ ਪਰ੍ਹੇ।’’ ਗਧਾ ਜਾਣ ਨੂੰ ਹੋਇਆ, ਪਰ ਲੇਖਕ ਉਸ ਦੇ ਸਾਹਮਣੇ ਅੜ ਗਿਆ।
‘‘ਚੱਲ ਮੈਨੂੰ ਸਮਝਾਉਣ ਦੀ ਇਕ ਕੋਸ਼ਿਸ਼ ਕਰ ਲੈ।’’ ਲੇਖਕ ਹੱਸਦਿਆਂ ਬੋਲਿਆ।
‘‘ਤੁਸੀਂ ਸਾਰਿਆਂ ਨੂੰ ਕਿਉਂ ਕਹਿੰਦੇ ਫਿਰਦੇ ਹੋ ਕਿ ਮੇਰੀਆਂ ਸੌ ਕਿਤਾਬਾਂ ਆ ਗਈਆਂ… ਸੌ ਕਿਤਾਬਾਂ ਆ ਗਈਆਂ…।’’ ਗਧਾ ਨਿਮਰ ਬਣਿਆ ਰਿਹਾ।
‘‘ਫਿਰ ਕੀ ਮੈਂ ਝੂਠ ਕਹਿੰਦਾ ਹਾਂ? ਕੀ ਮੇਰੀਆਂ ਕਿਤਾਬਾਂ ਆਈਆਂ ਨਹੀਂ ਹਨ?’’ ਲੇਖਕ ਦੰਦ ਪੀਂਹਦਾ ਬੋਲਿਆ।
‘‘ਆਈਆਂ ਹੋਣਗੀਆਂ!’’ ਗਧੇ ਨੇ ਕਿਹਾ।
‘‘ਹੋਣਗੀਆਂ ਨਹੀਂ, ਹਨ।’’ ਲੇਖਕ ਨੇ ਗਧੇ ਨੂੰ ਗੁੱਸੇ ਨਾਲ ਦੇਖਿਆ।
‘‘ਤੁਹਾਡੇ ਇਲਾਵਾ ਕੋਈ ਹੋਰ ਤਾਂ ਜ਼ਿਕਰ ਕਰਦਾ ਨਹੀਂ। ਮੈਂ ਕਿਸੇ ਹੋਰ ਨੂੰ ਤੁਹਾਡੀ ਕਿਤਾਬ ਬਾਰੇ ਕਦੇ ਕਹਿੰਦੇ ਸੁਣਿਆ ਨਹੀਂ। ਕਿਤਾਬ ਨੂੰ ਤਾਂ ਛੱਡੋ, ਕਿਸੇ ਰਚਨਾ ਦੇ ਬਾਰੇ ’ਚ ਵੀ ਨਹੀਂ ਸੁਣਿਆ।’’
‘‘ਖ਼ੂਬ, ਬਹੁਤ ਖ਼ੂਬ। ਹੁਣ ਗਧਾ ਮੈਨੂੰ ਸਿਖਾਏਗਾ! ਐਨੀ ਛੇਤੀ ਤੂੰ ਨਤੀਜਾ ਕੱਢ ਲਿਆ। ਉਏ ਗਲੀ ਦੇ ਗਧੇ! ਇਸ ਗਲੀ ਤੋਂ ਇਲਾਵਾ ਵੀ ਦੁਨੀਆ ਹੈ… ਅਤੇ ਦੁਨੀਆ ਬਹੁਤ ਵੱਡੀ ਹੈ।’’ ਲੇਖਕ ਨੇ ਗਧੇ ਨਾਲ ਗਿਆਨ ਦੀ ਗੱਲ ਕੀਤੀ।
‘‘ਵਾਹ, ਤੁਸਾਂ ਨੇ ਤਾਂ ਮੇਰੇ ਮੂੰਹ ਦੀ ਗੱਲ ਖੋਹ ਲਈ।’’ ਗਧਾ ਉਤਸ਼ਾਹ ਨਾਲ ਬੋਲਿਆ।
‘‘ਕੀ ਮਤਲਬ?’’ ਲੇਖਕ ਚੌਂਕਿਆ।
‘‘ਲੇਖਕ ਨੂੰ ਖੂਹ ਦਾ ਡੱਡੂ ਨਹੀਂ ਹੋਣਾ ਚਾਹੀਦਾ।’’ ਗਧੇ ਦੀ ਇਸ ਗੱਲ ’ਤੇ ਲੇਖਕ ਹੱਸਿਆ ਅਤੇ ਵਿਅੰਗ ’ਚ ਬੋਲਿਆ, ‘‘ਸਾਲਾਂ ਦੀ ਤਪੱਸਿਆ ਅੱਜ ਸਫਲ ਹੋ ਗਈ। ਅੱਜ ਮੈਨੂੰ ਮੇਰਾ ਗੁਰੂ ਮਿਲ ਗਿਆ।’’
‘‘ਅੱਛਾ, ਜਿਹੜਾ ਭਾਰ ਮੈਂ ਪਿੱਠ ’ਤੇ ਲੱਦ ਕੇ ਲਿਜਾ ਰਿਹਾ ਹਾਂ ਜਨਾਬ, ਕਦੇ ਤੁਸੀਂ ਗੌਰ ਨਾਲ ਉਸ ਨੂੰ ਦੇਖਿਆ ਹੈ।’’ ਗਧਾ ਗੰਭੀਰ ਆਵਾਜ਼ ’ਚ ਬੋਲਿਆ।
ਲੇਖਕ ਝਿਜਕਿਆ। ਉਹ ਸੋਚ ’ਚ ਪੈ ਗਿਆ। ਸਾਰਿਆਂ ਨੂੰ ਕਹਿੰਦਾ ਫਿਰਦਾ ਹੈ ਕਿ ਸ਼ੌਕ-ਏ-ਦੀਦਾਰ ਜੇਕਰ ਹੈ ਤਾਂ ਨਜ਼ਰ ਪੈਦਾ ਕਰ। ਉਸ ਨੇ ਗਧੇ ਨੂੰ ਤਾਂ ਜ਼ਰੂਰ ਦੇਖਿਆ, ਪਰ ਉਸ ’ਤੇ ਲੱਦੇ ਭਾਰ ਨੂੰ ਕਦੇ ਗੌਰ ਨਾਲ ਨਹੀਂ ਦੇਖਿਆ।
‘‘ਮੇਰਾ ਇਕ ਤਿਹਾਈ ਬੋਝਾ ਤਾਂ ਤੁਹਾਡੇ ਪ੍ਰੇਮ ਨਾਲ ਭਰਿਆ ਰਹਿੰਦਾ ਹੈ।’’ ਗਧਾ ਬੋਲਿਆ।
‘‘ਪ੍ਰੇਮ ਨਾਲ?’’ ਲੇਖਕ ਬਿਨਾਂ ਸੋਚੇ ਬੋਲਿਆ।
‘‘ਤੁਸੀਂ ਬਿਨਾਂ ਸੋਚੇ ਲਿਖਦੇ ਹੋ ਇਹ ਤਾਂ ਮੈਨੂੰ ਪਤਾ ਸੀ, ਪਰ ਬਿਨਾਂ ਸੋਚੇ ਬੋਲਦੇ ਵੀ ਹੋ ਇਹ ਹੁਣੇ ਹੀ ਪਤਾ ਲੱਗਾ।’’
‘‘ਸਮਝਿਆ, ਆਪਣਾ ਏਜੰਡਾ ਚਲਾਉਣਾ ਚਾਹੁੰਦਾ ਏਂ। ਵਿਚਾਰਧਾਰਾ ਖੋਜ ਰਿਹਾ ਏਂ?’’ ਲੇਖਕ ਨੇ ਗਧੇ ਦੇ ਕੰਨ ਮਰੋੜੇ।
‘‘ਤੁਸੀਂ ਮੈਨੂੰ ਗ਼ਲਤ ਸਮਝ ਰਹੇ ਹੋ। ਮੇਰਾ ਇਹੋ ਜਿਹਾ ਕੋਈ ਇਰਾਦਾ ਨਹੀਂ ਹੈ। ਮੈਂ ਜਾਣਦਾ ਹਾਂ ਕਿ ਧਾਰਾ ਦੇ ਨਾਲ ਵਗਣ ਵਾਲੇ ਲੇਖਕ ਦੀ ਕੋਈ ਵਿਚਾਰਧਾਰਾ ਹੋ ਹੀ ਨਹੀਂ ਸਕਦੀ।… ਊਈ…,’’ ਗਧਾ ਦਰਦ ਨਾਲ ਤੜਪਦਿਆਂ ਬੋਲਿਆ।
ਲੇਖਕ ਨੇ ਗਧੇ ਦੇ ਆਖੇ ’ਤੇ ਕੰਨ ਨਾ ਧਰਿਆ। ਉਹ ਉਸ ’ਤੇ ਲੱਦੇ ਭਾਰ ਨੂੰ ਗਹੁ ਨਾਲ ਦੇਖਣ ਲੱਗਾ।
‘‘ਕਿਸਮਤ ਵਾਲੇ ਹੋ ਤੁਸੀਂ! ਅੱਜ ਨਹੀਂ ਹੋ।’’ ਗਧਾ ਬੋਲਿਆ।
‘‘ਕੀ ਨਹੀਂ ਹੈ।’’ ਲੇਖਕ ਪ੍ਰੇਸ਼ਾਨ ਹੋ ਕੇ ਚੀਕਿਆ।
‘‘ਉਹੀ ਕਿਤਾਬਾਂ ਜਿਨ੍ਹਾਂ ’ਤੇ ਤੁਸੀਂ ਲਿਖ ਕੇ ਪਿਆਰ ਸਹਿਤ ਭੇਟ ਕੀਤਾ ਹੈ।’’ ਗਧੇ ਨੇ ਖੁਲਾਸਾ ਕੀਤਾ।
‘‘ਤੂੰ ਗਧਾ ਹੈਂ ਗਧਾ, ਤੂੰ ਨਹੀਂ ਸਮਝੇਂਗਾ।’’ ਲੇਖਕ ਅੱਗ ਬਗੂਲਾ ਹੁੰਦਿਆਂ ਬੋਲਿਆ।
‘‘ਅਤੇ ਪਾਠਕ ਵੀ ਨਾ।’’ ਇਹ ਕਹਿ ਕੇ ਗਧਾ ਮੁਸਕਰਾਇਆ। ਲੇਖਕ ਨੇ ਉਸ ਦੇ ਇਕ ਲੱਤ ਜੜ ਦਿੱਤੀ। ਗਧਾ ਚੁੱਪ-ਚਾਪ ਅਗਾਂਹ ਤੁਰ ਗਿਆ। ਕਾਫ਼ੀ ਦੂਰ ਤੱਕ ਉਸ ਨੂੰ ਲੇਖਕ ਦੀਆਂ ਭੈੜੀਆਂ-ਭੈੜੀਆਂ ਗਾਲ੍ਹਾਂ ਸੁਣਾਈਆਂ ਰਹੀਆਂ।
– ਅਨੁਵਾਦ: ਨਿਰਮਲ ਪ੍ਰੇਮੀ ਰਾਮਗੜ੍ਹ
ਸੰਪਰਕ: 94631-61691