ਸੰਜੀਵ ਬੱਬੀ
ਚਮਕੌਰ ਸਾਹਿਬ, 31 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਗੁਰਦੁਆਰਾ ਸ੍ਰੀ ਜੋਤਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਦੀ ਬੇਅੰਤ ਸਿੰਘ ਸਰਕਾਰ ਸਮੇਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ ਅਤੇ ਜਿਹੜੇ ਪੁਲੀਸ ਅਧਿਕਾਰੀ ਭਾਈ ਕਾਂਉਕੇ ਨੂੰ ਸ਼ਹੀਦ ਕਰਨ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ, ਇਹ ਤਾਂ ਹੀ ਸੰਭਵ ਹੋਵੇਗਾ, ਦੇ ਖਾਲਸਾ ਪੰਥ ਇਕਜੁੱਟ ਹੋਵੇਗਾ। ਉਨ੍ਹਾਂ ਸਾਹਿਬਜ਼ਾਦਿਆਂ, ਮਾਤਾ ਗੁੱਜਰ ਕੌਰ ਜੀ ਅਤੇ ਗੜ੍ਹੀ ਚਮਕੌਰ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਭਾਰਤੀ ਕਾਨੂੰਨ ਤਹਿਤ ਫਾਂਸੀ ਦੀ ਸਜ਼ਾ ਪਾਉਣ ਵਾਲੇ ਕੈਦੀ ਕਿਸ਼ੋਰੀ ਲਾਲ ਜਿਸ ਨੇ 1 ਨਵੰਬਰ ਨੂੰ ਦਿੱਲੀ ਦੇ ਤਿਰਲੋਕਪੁਰੀ ਵਿਖੇ 7 ਸਿੱਖਾਂ ਦੇ ਕਤਲ ਕੀਤੇ ਸਨ, ਨੂੰ ਭਾਰਤੀ ਕਾਨੂੰਨ ਨੇ 10 ਸਾਲ ਬਾਅਦ ਹੀ ਉਮਰ ਕੈਦ ਵਿੱਚ ਬਦਲਣ ਦੀ ਮਨਜ਼ੂਰੀ ਦਿੱਤੀ ਸੀ ਪਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਤੋਂ ਅਤੇ 27 ਸਾਲ ਦੀ ਸਜ਼ਾ ਭੁਗਤਣ ਤੋਂ ਬਾਅਦ ਵੀ ਸੁਪਰੀਮ ਕੋਰਟ ਇਨਕਾਰ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਨ 1996 ਵਿੱਚ ਤੋਂ ਜੇਲ੍ਹ ਵਿਚ ਬੰਦ ਕਿਸ਼ੋਰੀ ਲਾਲ ਦੀ ਸੰਨ 2012 ਵਿੱਚ ਦਿੱਲੀ ਸਰਕਾਰ ਦਾ ਬੋਰਡ ਐਸਆਰਬੀ ਸਮੇਂ ਪਹਿਲਾ ਹੀ ਰਿਹਾਈ ਮਨਜ਼ੂਰ ਕਰ ਦਿੰਦਾ ਹੈ, ਜਿਸ ’ਤੇ ਉਸ ਦੀ 16 ਸਾਲ ਬਾਅਦ ਹੀ ਜੇਲ੍ਹ ਵਿੱਚੋਂ ਪੱਕੀ ਰਿਹਾਈ ਹੋ ਜਾਂਦੀ ਹੈ ਪਰ ਭਾਈ ਰਾਜੋਆਣਾ ਦੀ ਰਿਹਾਈ ਲਈ ਕੇਂਦਰ ਸਰਕਾਰ ਵੱਲੋਂ ਅੜਿੱਕੇ ਲਾ ਕੇ ਉਸ ਨੂੰ ਜੇਲ੍ਹ ਵਿੱਚ ਹੀ ਰੱਖਣਾ ਚਾਹੁੰਦੀ ਹੈ, ਜਿਸ ਦੀ ਸਿੱਖ ਪੰਥ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਇਸ ਮੌਕੇ ਗਗਨਦੀਪ ਸਿੰਘ ਰਿਆੜ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਸੀਨੀਅਰ ਆਗੂ ਲਵਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਕਸ਼ਮੀਰ ਸਿੰਘ ਅਤੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ।