ਨਵੀਂ ਦਿੱਲੀ, 31 ਦਸੰਬਰ
ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਸ਼ੁਭਮਨ ਗਿੱਲ ਨੂੰ ਟੈਸਟ ਕ੍ਰਿਕਟ ਵਿੱਚ ਬੱਲੇਬਾਜ਼ੀ ਕਰਦਿਆਂ ਆਪਣੀ ਹਮਲਾਵਰ ਖੇਡ ’ਤੇ ਕਾਬੂ ਪਾਉਣ ਲਈ ਕਿਹਾ ਹੈ। ਉਸ ਨੇ ਉਮੀਦ ਜਤਾਈ ਕਿ ਉਹ ਜਲਦੀ ਹੀ ਲੈਅ ਹਾਸਲ ਕਰ ਲਵੇਗਾ। ਸੈਂਚੁਰੀਅਨ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੈਸਟ ਵਿੱਚ ਗਿੱਲ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਇਸ ਮੈਚ ਵਿੱਚ ਭਾਰਤ ਨੂੰ ਪਾਰੀ ਅਤੇ 32 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੈਚ ਵਿੱਚ ਗਿੱਲ ਨੇ ਦੋ ਅਤੇ 26 ਦੌੜਾਂ ਬਣਾਈਆਂ।
ਗਾਵਸਕਰ ਨੇ ਗਿੱਲ ਨੂੰ ਟੈਸਟ ਕ੍ਰਿਕਟ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਣ ਦੀ ਸਲਾਹ ਦਿੱਤੀ ਹੈ। ਗਾਵਸਕਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਉਹ ਟੈਸਟ ਕ੍ਰਿਕਟ ’ਚ ਬਹੁਤ ਹਮਲਾਵਰ ਰੁਖ ਅਖਤਿਆਰ ਕਰ ਰਿਹਾ ਹੈ। ਟੈਸਟ ਕ੍ਰਿਕਟ ਵਿੱਚ ਟੀ-20 ਅਤੇ ਇੱਕ ਰੋਜ਼ਾ ਮੈਚਾਂ ਦੇ ਮੁਕਾਬਲੇ ਥੋੜ੍ਹਾ ਜਿਹਾ ਫਰਕ ਹੁੰਦਾ ਹੈ। ਇਹ ਫਰਕ ਗੇਂਦ ਦਾ ਹੈ।’’ ਉਸ ਨੇ ਕਿਹਾ, “ਲਾਲ ਗੇਂਦ ਹਵਾ ਵਿੱਚ ਅਤੇ ਪਿੱਚ ਦੇ ਬਾਹਰ ਵੀ ਚਿੱਟੀ ਗੇਂਦ ਦੇ ਮੁਕਾਬਲੇ ਥੋੜ੍ਹੀ ਜ਼ਿਆਦਾ ਘੁੰਮਦੀ ਹੈ। ਇਹ ਜ਼ਿਆਦਾ ਉਛਲਦੀ ਹੈ। ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ।’’
ਗਿੱਲ ਨੇ ਸੀਮਤ ਓਵਰਾਂ ਦੇ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ 2023 ਵਿੱਚ ਉਹ ਖੇਡ ਦੇ ਰਵਾਇਤੀ ਫਾਰਮੈਟ ਵਿੱਚ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਗਾਵਸਕਰ ਨੇ ਉਮੀਦ ਜਤਾਈ ਕਿ ਗਿੱਲ ਜਲਦੀ ਹੀ ਲੈਅ ਹਾਸਲ ਕਰ ਲਵੇਗਾ। ਉਸ ਨੇ ਕਿਹਾ, “ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਵਧੀਆ ਕੀਤੀ ਸੀ ਅਤੇ ਅਸੀਂ ਉਸ ਦੇ ਸ਼ਾਟਸ ਦੀ ਸ਼ਲਾਘਾ ਵੀ ਕੀਤੀ ਸੀ। ਅਸੀਂ ਸਿਰਫ ਉਸ ਦੇ ਲੈਅ ਵਿੱਚ ਵਾਪਸ ਆਉਣ ਦੀ ਉਮੀਦ ਕਰ ਸਕਦੇ ਹਾਂ। ਉਮੀਦ ਹੈ ਕਿ ਉਹ ਸਖ਼ਤ ਅਭਿਆਸ ਕਰੇਗਾ ਅਤੇ ਭਵਿੱਖ ਵਿੱਚ ਚੰਗਾ ਪ੍ਰਦਰਸ਼ਨ ਕਰੇਗਾ। ’’ -ਪੀਟੀਆਈ