ਪੱਤਰ ਪ੍ਰੇਰਕ
ਕਾਲਾਂਵਾਲੀ, 1 ਜਨਵਰੀ
ਪਿੰਡ ਕਿੰਗਰਾ ਦੇ ਵਸਨੀਕ ਜਗਜੀਤ ਸਿੰਘ ਉਰਫ ਮੰਗ ਦੀ ਸ਼ਿਕਾਇਤ ’ਤੇ ਥਾਣਾ ਬੜਾਗੁੜ੍ਹਾ ਪੁਲੀਸ ਨੇ ਕਾਲਾਂਵਾਲੀ ਦੇ ਨਾਇਬ ਤਹਿਸੀਲਦਾਰ, ਪਟਵਾਰੀ, ਕਾਨੂੰਨਗੋ ਸਮੇਤ ਅੱਧੀ ਦਰਜਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਜਗਜੀਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਕੋਲ ਪਿੰਡ ਖਤਰਾਵਾਂ ਵਿੱਚ ਕਾਲਾਂਵਾਲੀ ਵਾਸੀ ਸੀਮਾ ਪਤਨੀ ਕੇਵਲ ਕ੍ਰਿਸ਼ਨ ਦੀ ਜ਼ਮੀਨ ਹੈ। ਉਸਨੇ ਆਪਣੇ ਪਤੀ ਕੇਵਲ ਕ੍ਰਿਸ਼ਨ ਨੂੰ ਮੁਖਤਿਆਰੇ ਆਮ ਨਿਯੁਕਤ ਕੀਤਾ ਹੈ। ਕੇਵਲ ਕ੍ਰਿਸ਼ਨ ਨੇ ਮੁਖਤਿਆਰੇ ਆਮ ਵਜੋਂ ਆਪਣੀ ਹੈਸੀਅਤ ਵਿੱਚ ਉਸ ਨਾਲ ਪਿੰਡ ਖਤਰਾਵਾਂ ਦੀ ਜਾਇਦਾਦ ਦਾ ਸੌਦਾ 7 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤਾ ਸੀ। ਉਸ ਨੇ ਇਸ ਸੌਦੇ ਦੇ ਤਹਿਤ 4 ਲੱਖ 35 ਹਜ਼ਾਰ ਰੁਪਏ ਨਕਦ ਅਤੇ 1 ਲੱਖ 50 ਹਜ਼ਾਰ ਰੁਪਏ ਚੈੱਕ ਦੇ ਰੂਪ ਵਿੱਚ ਅਦਾ ਕੀਤੇ। ਇਸ ਸਬੰਧ ਵਿੱਚ 29 ਜਨਵਰੀ 2022 ਨੂੰ ਇਕਰਾਰਨਾਮਾ ਹੋਇਆ ਜਿਸ ਤਹਿਤ 30 ਅਪ੍ਰੈਲ 2022 ਤੱਕ ਰਜਿਸਟਰੇਸ਼ਨ ਕਰਵਾਉਣ ਦਾ ਫੈਸਲਾ ਕੀਤਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਨਿਰਧਾਰਤ ਮਿਤੀ ’ਤੇ ਕਾਲਾਂਵਾਲੀ ਤਹਿਸੀਲ ਪਹੁੰਚਿਆ ਪਰ ਨਾ ਤਾਂ ਸੀਮਾ ਰਾਣੀ ਅਤੇ ਨਾ ਹੀ ਉਸ ਦਾ ਪਤੀ ਕੇਵਲ ਕ੍ਰਿਸ਼ਨ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਉਸਨੇ ਕੇਵਲ ਕ੍ਰਿਸ਼ਨ ਨੂੰ ਮਿਲ ਕੇ ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਬੇਨਤੀ ਕੀਤੀ, ਪਰ ਹਰ ਵਾਰ ਉਹ ਬਹਾਨਾ ਬਣਾ ਲੈਂਦਾ। ਜਗਜੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸੀਮਾ ਰਾਣੀ ਨੇ ਉਸ ਨਾਲ ਹੋਏ ਇਕਰਾਰਨਾਮੇ ਅਨੁਸਾਰ ਰਜਿਸਟਰੀ ਕਰਵਾਉਣ ਦੀ ਬਜਾਇ ਗੁਰਦੀਪ ਸਿੰਘ ਨਾਂ ਦੇ ਵਿਅਕਤੀ ਨੂੰ ਮੁਖਤਿਆਰੇ ਆਮ ਨਿਯੁਕਤ ਕਰ ਦਿੱਤਾ ਅਤੇ ਗੁਰਦੀਪ ਸਿੰਘ ਨੇ ਉਕਤ ਜ਼ਮੀਨ ਦੀ ਰਜਿਸਟਰੀ ਆਪਣੀ ਪਤਨੀ ਕਿਰਨ ਦੇ ਨਾਂ ਕਰਵਾ ਦਿੱਤੀ। ਇਸ ਬਾਰੇ ਉਸ ਨੂੰ 5 ਜੁਲਾਈ 2022 ਨੂੰ ਪਤਾ ਲੱਗਾ। ਉਸਨੇ ਦੋਸ਼ ਲਾਇਆ ਕਿ ਕੇਵਲ ਕ੍ਰਿਸ਼ਨ, ਸੀਮਾ, ਗੁਰਦੀਪ ਸਿੰਘ, ਕਿਰਨ ਨੇ ਮਿਲ ਕੇ ਮਾਲ ਪਟਵਾਰੀ ਸੁਖਪਾਲ ਸਿੰਘ, ਮਾਲ ਕਾਨੂੰਨਗੋ ਲਾਭ ਸਿੰਘ ਅਤੇ ਉਪ ਤਹਿਸੀਲਦਾਰ ਰਾਜੇਸ਼ ਕੁਮਾਰ ਨੇ ਉਸ ਨੂੰ ਨੁਕਸਾਨ ਪਹੁੰਚਾਉਣ ਅਤੇ ਕਿਰਨ ਨੂੰ ਫਾਇਦਾ ਪਹੁੰਚਾਉਣ ਲਈ ਅਹੁਦੇ ਦੀ ਦੁਰਵਰਤੋਂ ਕੀਤੀ। ਨਵੀਂ ਜਮ੍ਹਾਂਬੰਦੀ ਦੌਰਾਨ ਹੀ ਕਿਰਨ ਦੇ ਹੱਕ ਵਿੱਚ ਮੌਤ ਦਾ ਸਰਟੀਫਿਕੇਟ 11 ਜਨਵਰੀ 2023 ਨੂੰ ਦਰਜ ਕੀਤਾ ਗਿਆ ਸੀ।