ਜੰਮੂ: ਜੰਮੂ-ਕਸ਼ਮੀਰ ਪੁਲੀਸ ਦੀ ਸਪੈਸ਼ਲ ਜਾਂਚ ਏਜੰਸੀ (ਐੱਸਆਈਏ) ਨੇ ਅਤਿਵਾਦ ਲਈ ਫੰਡਿੰਗ ਸਬੰਧੀ ਸਾਬਕਾ ਮੰਤਰੀ ਜਤਿੰਦਰ ਸਿੰਘ ਉਰਫ਼ ਬਾਬੂ ਸਿੰਘ ਦੀ ਕਥਿਤ ਸ਼ਮੂਲੀਅਤ ਵਾਲੇ ਕੇਸ ਤਹਿਤ ਅੱਜ ਜੰਮੂ ਵਿੱਚ ਇੱਕ ਘਰ ਦੀ ਤਲਾਸ਼ੀ ਲਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਦੇ ਬਾਹਰੀ ਇਲਾਕੇ ਬੇਲਿਚਰਾਨਾ ਵਿੱਚ ਇੱਕ ਘਰ ’ਤੇ ਛਾਪਾ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਅਤਿਵਾਦ ਲਈ ਫੰਡਿੰਗ ਕੇਸ ਦੀ ਚੱਲ ਰਹੀ ਜਾਂਚ ਤਹਿਤ ਮਾਰੇ ਛਾਪੇ ਦੌਰਾਨ ਕੁਝ ਡਿਜੀਟਲ ਉਪਕਰਨ ਜ਼ਬਤ ਕੀਤੇ ਗਏ ਹਨ। ਦੱਸਣਯੋਗ ਹੈ ਕਿ ਨੇਚਰ-ਮੈਨਕਾਈਂਡ ਫਰੈਂਡਲੀ ਗਲੋਬਲ ਪਾਰਟੀ ਦੇ ਚੇਅਰਮੈਨ ਜਤਿੰਦਰ ਸਿੰਘ ਨੂੰ ਇਸ ਕੇਸ ’ਚ 9 ਅਪਰੈਲ 2022 ਨੂੰ ਗ੍ਰਿਫ਼ਤਾਰ ਕੀਤਾ ਸੀ। ਪਹਿਲਾਂ ਉਸ ਦੇ ਵਰਕਰ ਮੁਹੰਮਦ ਸ਼ਰੀਫ਼ ਨੂੰ 6.90 ਲੱਖ ਦੀ ਹਵਾਲਾ ਰਾਸ਼ੀ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਸਆਈਏ ਨੇ ਸਾਬਕਾ ਮੰਤਰੀ ਅਤੇ ਦੋ ਹੋਰਨਾਂ ਖਿਲਾਫ਼ ਸਤੰਬਰ 2022 ਵਿੱਚ ਚਾਰਜਸ਼ੀਟ ਦਾਖਲ ਕੀਤੀ ਸੀ। -ਪੀਟੀਆਈ