ਨਵੀਂ ਦਿੱਲੀ, 2 ਜਨਵਰੀ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਤਿੰਨ ਨਾਗਰਿਕਾਂ ਦੀ ਮੌਤ ਬਾਰੇ ਫੌਜ ਵੱਲੋਂ ਅੰਦਰੂਨੀ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਲਾਜ਼ਮੀ ਤੌਰ ’ਤੇ ਸਜ਼ਾ ਦਿੱਤੀ ਜਾਵੇਗੀ। ਇਹ ਜਾਣਕਾਰੀ ਅੱਜ ਇਕ ਸੀਨੀਅਰ ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪੁਣਛ ਜ਼ਿਲ੍ਹੇ ਵਿੱਚ 21 ਦਸੰਬਰ ਨੂੰ ਅਤਿਵਾਦੀਆਂ ਵੱਲੋਂ ਫੌਜੀ ਵਾਹਨ ’ਤੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਚਾਰ ਸੈਨਿਕਾਂ ਦੀ ਮੌਤ ਹੋ ਗਈ ਸੀ। ਇਸ ਮਗਰੋਂ ਸੁਰੱਖਿਆ ਦਲਾਂ ਨੇ ਤਿੰਨ ਨਾਗਰਿਕਾਂ ਸਫੀਰ ਅਹਿਮਦ, ਮੁਹੰਮਦ ਸ਼ੌਕਤ ਤੇ ਸ਼ਬੀਰ ਅਹਿਮਦ ਸਣੇ ਹੋਰ ਵਿਅਕਤੀਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿਚ ਲਿਆ ਸੀ ਅਤੇ 22 ਦਸੰਬਰ ਨੂੰ ਇਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ ਸਨ। ਇਨ੍ਹਾਂ ਮੌਤਾਂ ਕਾਰਨ ਲੋਕਾਂ ’ਚ ਰੋਸ ਪੈਦਾ ਹੋ ਗਿਆ ਸੀ ਤੇ ਪ੍ਰਸ਼ਾਸਨ ਨੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਸੀ।
ਸਰਕਾਰੀ ਅਧਿਕਾਰੀ ਨੇ ਦੱਸਿਆ,‘‘ਫੌਜ ਆਪਣੇ ਪੱਧਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜੇਕਰ ਕੋਈ ਕਸੂਰਵਾਰ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਜ਼ਰੂਰ ਕਾਰਵਾਈ ਹੋਵੇਗੀ। ਜਾਂਚ ਦੀ ਕਾਰਵਾਈ ਜਨਤਕ ਨਹੀਂ ਕੀਤੀ ਜਾ ਸਕਦੀ। ਫੌਜ ਨੂੰ ਆਪਣਾ ਕੰਮ ਕਰਨ ਦਿਓ। ਫੌਜ ਬਾਰੇ ਕੋਈ ਟਿੱਪਣੀ ਨਾ ਕੀਤੀ ਜਾਵੇ।’’ ਜ਼ਿਕਰਯੋਗ ਹੈ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 27 ਦਸੰਬਰ ਨੂੰ ਕਿਹਾ ਸੀ ਉਨ੍ਹਾਂ ਨੂੰ ਫੌਜ ’ਤੇ ਪੂਰਾ ਭਰੋਸਾ ਹੈ ਕਿ ਉਹ ਜੰਮੂ ਤੇ ਕਸ਼ਮੀਰ ਵਿੱਚੋਂ ਅਤਿਵਾਦ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਅਤੇ ਨਾਲ ਹੀ ਫੌਜ ਨੂੰ ਇਹ ਵੀ ਕਿਹਾ ਕਿ ਅਜਿਹੀ ਕੋਈ ‘ਗਲਤੀ’ ਨਾ ਕੀਤੀ ਜਾਵੇ ਜਿਸ ਨਾਲ ਦੇਸ਼ ਦੇ ਲੋਕਾਂ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਸਬੰਧੀ ਡਿਊਟੀ ਨਿਭਾਉਂਦਿਆਂ ਫੌਜ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੇ ਦਿਲ ਜਿੱਤੇ। ਕਾਬਿਲੇਗੌਰ ਹੈ ਕਿ ਤਿੰਨ ਨਾਗਰਿਕਾਂ ਦੀ ਮੌਤ ਅਤੇ ਕੁਝ ਵਿਅਕਤੀਆਂ ਦੇ ਜ਼ਖ਼ਮੀ ਹੋਣ ਬਾਰੇ ਵੀਡੀਓ ਕਲਿਪਾਂ ਵੀ ਵਾਇਰਲ ਹੋਈਆਂ ਸਨ ਜਿਨ੍ਹਾਂ ਵਿੱਚ ਇਨ੍ਹਾਂ ’ਤੇ ਤਸ਼ੱਦਦ ਹੋਇਆ ਦਿਖਾਇਆ ਗਿਆ ਸੀ। ਫੌਜ ਨੇ ਕੋਰਟ ਆਫ ਇਨਕੁਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਬ੍ਰਿਗੇਡੀਅਰ ਪੱਧਰ ਦੇ ਇਕ ਅਧਿਕਾਰੀ ਦਾ ਤਬਦਲਾ ਕੀਤਾ ਗਿਆ ਹੈ ਅਤੇ ਹਿਰਾਸਤੀ ਤਸ਼ੱਦਦ ਦੇ ਮਾਮਲੇ ’ਚ 48 ਰਾਸ਼ਟਰੀ ਰਾਈਫਲਜ਼ ਦੇ ਤਿੰਨ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਨੇ ਆਪਣੇ ਪੱਧਰ ’ਤੇ ਕਾਰਵਾਈ ਕਰਦਿਆਂ ਹਿਰਾਸਤੀ ਮੌਤਾਂ ਬਾਰੇ ਅਣਪਛਾਤੇ ਲੋਕਾਂ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕੀਤਾ ਹੈ। -ਪੀਟੀਆਈ