ਪੱਤਰ ਪ੍ਰੇਰਕ
ਚੰਡੀਗੜ੍ਹ, 2 ਜਨਵਰੀ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਸ਼ਵ ਭਰ ਦੀਆਂ ਮਾਣਮੱਤੀਆਂ ਯੂਨੀਵਰਸਿਟੀਆਂ ਨਾਲ ਸਾਂਝੇਦਾਰੀ ਸ਼ੁਰੂ ਕਰਕੇ ਗਲੋਬਲ ਅਕਾਦਮਿਕ ਸਹਿਯੋਗ ਵੱਲ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਇਸੇ ਸਬੰਧ ਵਿੱਚ ਕੈਨੇਡਾ ਦੀ ਅਲਬਰਟਾ ਸਰਕਾਰ ਵਿੱਚ ਉੱਚ ਸਿੱਖਿਆ ਮੰਤਰੀ ਰਾਜਨ ਸਾਹਨੀ ਅੱਜ ਪੰਜਾਬ ਯੂਨੀਵਰਸਿਟੀ ਪਹੁੰਚੇ ਜਿੱਥੇ ਕਿ ਉਨ੍ਹਾਂ ਨੇ ਵਾਈਸ ਚਾਂਸਲਰ ਪ੍ਰੋ. ਰੇਨੂੰ ਵਿੱਗ ਨਾਲ ਮੁਲਾਕਾਤ ਕੀਤੀ। ਡੀਨ ਯੂਨੀਵਰਸਿਟੀ ਇੰਸਟਰੱਕਸ਼ਨ ਪ੍ਰੋ. ਰੁਮੀਨਾ ਸੇਠੀ, ਡਾਇਰੈਕਟਰ ਰਿਸਰਚ ਪ੍ਰੋ. ਹਰਸ਼ ਨਈਅਰ, ਡੀਨ ਇੰਟਰਨੈਸ਼ਨਲ ਸਟੂਡੈਂਟਸ ਪ੍ਰੋ. ਕੇਵਲ ਕ੍ਰਿਸ਼ਨ, ਡਾ. ਐੱਸਐੱਸਬੀਯੂਆਈਸੀਈਟੀ ਦੇ ਚੇਅਰਪਰਸਨ ਪ੍ਰੋ. ਅਨੁਪਮਾ ਸ਼ਰਮਾ, ਸੀਨੀਅਰ ਸਾਬਕਾ ਵਿਦਿਆਰਥੀ ਗੁਰਪ੍ਰੀਤ ਸਾਹਨੀ ਅਤੇ ਪ੍ਰੋ. ਮੀਕਸ਼ੀ ਗੋਇਲ ਵੀ ਹਾਜ਼ਰ ਸਨ। ਸਿੱਖਿਆ ਦੇ ਖੇਤਰ ਵਿੱਚ ਗਲੋਬਲ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਮੰਤਰੀ ਨੇ ਸਹਿਕਾਰੀ ਪਹਿਲਕਦਮੀਆਂ ਦੀ ਸਥਾਪਨਾ ਲਈ ਇੱਕ ਸਮਰਪਿਤ ਵਚਨਬੱਧਤਾ ਪ੍ਰਗਟਾਈ ਜੋ ਕਿ ਦੋਵੇਂ ਦੇਸ਼ਾਂ ਵਿੱਚ ਵਿਦਿਆਰਥੀਆਂ, ਫੈਕਲਟੀ ਅਤੇ ਅਕਾਦਮਿਕ ਭਾਈਚਾਰਿਆਂ ਨੂੰ ਸਕਾਰਾਤਮਕ ਤੌਰ ’ਤੇ ਪ੍ਰਭਾਵਿਤ ਕਰੇਗੀ। ਮੰਤਰੀ ਨੇ ਡਾ. ਐੱਸਐੱਸਬੀਯੂਆਈਸੀਈਟੀ ਦਾ ਦੌਰਾ ਵੀ ਕੀਤਾ ਅਤੇ ਫੈਕਲਟੀ ਮੈਂਬਰਾਂ ਨਾਲ ਮੁਲਾਕਾਤ ਕਰਦਿਆਂ ਸੰਭਾਵੀ ਸਹਿਯੋਗੀ ਉੱਦਮਾਂ ਬਾਰੇ ਚਰਚਾ ਕੀਤੀ।